ਚੰਡੀਗੜ੍ਹ, 31 ਦਸੰਬਰ, 2016 : ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਰਾਜ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਕੈਸ਼ਲੈਸ ਸਕੀਮ ਨੂੰ ਉਤਸ਼ਾਹਿਤ ਕਰਨ ਲਈ ਡਾ. ਭੀਮ ਰਾਓ ਅੰਬੇਡਕਰ ਦੇ ਨਾਮ ਉਤੇ 'ਭੀਮ' ਮੋਬਾਇਲ-ਐਪ ਜਾਰੀ ਕਰਨ ਦਾ ਸਵਾਗਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਅਜਿਹਾ ਕਰਕੇ ਦਲਿਤ ਭਾਈਚਾਰੇ ਦਾ ਮਾਣ ਵਧਾਇਆ ਹੈ। ਸ੍ਰੀ ਸਾਂਪਲਾ ਨੇ ਕਿਹਾ ਕਿ ਸਿਰਫ਼ ਭਾਰਤੀ ਜਨਤਾ ਪਾਰਟੀ ਹੀ ਦਲਿਤ ਭਾਈਚਾਰੇ ਨੂੰ ਸਨਮਾਨ ਦੇਣਾ ਜਾਣਦੀ ਹੈ, ਜਦਕਿ ਬਾਕੀ ਸਾਰੀਆਂ ਪਾਰਟੀਆਂ ਦਲਿਤ ਭਾਈਚਾਰੇ ਦੇ ਨਾਮ ਉੱਤੇ ਸਿਰਫ਼ ਰਾਜਨੀਤੀ ਕਰਦੀਆਂ ਹਨ।
ਵਿਜੇ ਸਾਂਪਲਾ ਨੇ ਦੱਸਿਆ ਕਿ ਖੁਦ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਆਪਣੇ ਸੰਬੋਧਨ ਵਿਚ ਕਿਹਾ ਹੈ ਕਿ ਭਾਰਤ ਦੀ ਮੁੱਦਰਾ ਤੇ ਅਰਥ ਵਿਵਸਥਾ ਵਿਚ ਕਿਸੇ ਇਕ ਮਹਾਪੁਰਸ਼ ਦਾ ਸਾਫ਼ ਨਜ਼ਰੀਆ ਤੇ ਯੋਗਦਾਨ ਸੀ ਤਾਂ ਉਹ ਡਾ. ਭੀਮ ਰਾਓ ਅੰਬੇਡਕਰ ਹੀ ਸਨ ਅਤੇ ਸਾਨੂੰ ਸੰਵਿਧਾਨ ਦੇਣ ਵਾਲੇ ਬਾਬਾ ਸਾਹਿਬ ਡਾ. ਅੰਬੇਡਕਰ ਦੀ ਅਰਥਸਾਸ਼ਤਰ ਵਿਚ ਨਿਪੁੰਨਤਾ ਉਨ੍ਹਾਂ ਦੀ ਸੱਚੀ ਪਹਿਚਾਣ ਸੀ।
ਸ੍ਰੀ ਸਾਂਪਲਾ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਨੂੰ ਭਾਜਪਾ ਨੇ ਹੀ ਸਹੀ ਅਰਥਾਂ ਵਿਚ ਪਹਿਚਾਣਿਆਂ ਹੈ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਦੀ ਜੀਵਨ ਯਾਤਰਾ ਨਾਲ ਜੁੜੇ ਪੰਚ ਤੀਰਥ ਵਿਕਸਿਤ ਕਰਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮਾਣ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਡਾ. ਅੰਬੇਡਕਰ ਦੇ ਜਨਮ ਸਥਾਨ ਮਹੂ, ਲੰਡਨ ਵਿਚ ਜਿਥੇ ਉਨ੍ਹਾਂ ਸਿੱਖਿਆ ਹਾਸਲ ਕੀਤੀ, ਨਾਗਪੁਰ ਵਿਚ ਦੀਕਸ਼ਾ ਭੂਮੀ, ਦਿੱਲੀ ਵਿਚ ਮਹਾ ਪ੍ਰੀਨਿਰਵਾਨ ਸਥਲ ਅਤੇ ਮੁੰਬਈ ਵਿਚ ਚੈਤਿਯ ਭੂਮੀ ਵਿਕਸਿਤ ਕੀਤੀ ਗਈ ਹੈ। ਵਿਜੇ ਸਾਂਪਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਦਲਿਤ ਭਾਈਚਾਰੇ ਨੂੰ ਨੌਕਰੀ ਮੰਗਣ ਲਈ ਦਰ-ਦਰ ਭਟਕਣ ਦੀ ਜਗ੍ਹਾ ਨੌਕਰੀ ਦੇਣ ਵਾਲਾ ਬਣਾਉਣ ਵਾਸਤੇ ਐਸਸੀ/ਐਸਟੀ ਹੱਬ, ਜ਼ੀਰੋ ਡਿਫੈਕਟ ਤੇ ਜ਼ੀਰੋ ਇਫੈਕਟ, ਸਟੈਂਡਅੱਪ ਇੰਡੀਆ ਅਤੇ ਵੈਂਚਰ ਕੈਪੀਟਲ ਫੰਡ ਸਕੀਮਾਂ ਚਲਾਈਆਂ ਹਨ। ਉਨ੍ਹਾਂ ਪੰਜਾਬ ਦੀ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਵਲੋਂ ਅੰਮ੍ਰਿਤਸਰ ਦੇ ਰਾਮ ਤੀਰਥ ਵਿਖੇ ਭਗਵਾਨ ਵਾਲਮੀਕਿ ਜੀ ਦੇ ਆਲੌਕਿਕ ਤੀਰਥ ਸਥਲ ਦੇ ਨਿਰਮਾਣ ਤੇ ਨਵੀਨੀਕਰਨ, ਖੁਰਾਲਗੜ੍ਹ ਵਿਖੇ ਗੁਰੂ ਰਵੀਦਾਸ ਜੀ ਮੰਦਿਰ ਦੇ ਨਿਰਮਾਣ ਕਰਨ ਲਈ ਅਤੇ ਸੂਬੇ ਦੇ ਗਰੀਬ ਤੇ ਪਛੜੇ ਵਰਗਾਂ ਲਈ ਕੀਤੇ ਕੰਮਾਂ ਦੀ ਪ੍ਰਸ਼ੰਸਾ ਵੀ ਕੀਤੀ।