ਮੁਕੇਰੀਆਂ, 29 ਨਵੰਬਰ, 2016 : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਉਤੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਪੰਜਾਬ ਨੂੰ ਤਬਾਹ ਕਰਨ ਦਾ ਦੋਸ਼ ਲਗਾਇਆ। ਮੁਕੇਰੀਆਂ ਵਿਖੇ ਪੰਜਾਬ ਇਨਕਲਾਬ ਰੈਲੀ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਪਿਛਲੇ 15 ਸਾਲ ਵਿੱਚ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ ਅਤੇ ਹੁਣ ਇਨਾਂ ਕੋਲੋਂ ਛੁਟਕਾਰਾ ਪਾਉਣ ਦਾ ਟਾਈਮ ਆ ਗਿਆ ਹੈ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਸਮੇਂ ਦਾ ਬੜੀ ਬੇਸਬਰੀ ਨਾਲ ਇੰਤਜਾਰ ਕਰ ਰਹੇ ਸਨ।
ਕੇਜਰੀਵਾਲ ਨੇ ਦੋਸ਼ ਲਗਾਇਆ ਕਿ ਬਾਦਲਾਂ ਨੇ 10 ਸਾਲਾਂ ਵਿੱਚ ਪੰਜਾਬ ਨੂੰ ਰੱਜ ਕੇ ਲੁੱਟਿਆ ਹੈ। ਉਨਾਂ ਕਿਹਾ ਕਿ ਬਾਦਲਾਂ ਨੇ ਟ੍ਰਾਂਸਪੋਰਟ, ਕੇਬਲ, ਮਾਈਨਿੰਗ ਅਤੇ ਸ਼ਰਾਬ ਕਾਰੋਬਾਰ ਆਪਣੇ ਕਬਜੇ ਵਿੱਚ ਕਰ ਲਏ। ਕੇਜਰੀਵਾਲ ਨੇ ਕਿਹਾ ਕਿ ਬਾਦਲਾਂ ਨੇ ਆਪਣੀ ਪੂਰੀ ਤਾਕਤ ਲਗਾ ਕੇ ਪੈਸਾ ਲੁੱਟਣ ਲਈ ਪੰਜਾਬ ਨੂੰ ਪੂਰੀ ਤਰਾਂ ਨਿਚੋੜ ਦਿੱਤਾ। ਕੇਜਰੀਵਾਲ ਨੇ ਕਿਹਾ ਕਿ ਜਿਹੜੇ ਰੇਤਾ-ਬਜਰੀ ਦੇ ਠੇਕੇ ਅਤੇ ਬੱਸਾਂ ਦੇ ਪਰਮਿਟ ਬਾਦਲਾਂ ਨੇ ਸੱਤਾ ਦੇ ਜੋਰ ਉਤੇ ਹਾਸਿਲ ਕੀਤੇ ਹਨ, ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਮਗਰੋਂ ਉਹ ਵਾਪਿਸ ਲੈ ਕੇ ਬੇਰੋਜਗਾਰ ਨੌਜਵਾਨਾਂ ਨੂੰ ਦਿੱਤੇ ਜਾਣਗੇ।
ਕੇਜਰੀਵਾਲ ਨੇ ਕਿਹਾ ਕਿ ਅਕਾਲੀਆਂ ਨੂੰ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਹਾਰ ਸਪਸ਼ਟ ਨਜਰ ਆ ਰਹੀ ਹੈ, ਇਸ ਕਾਰਨ ਉਨਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਸਮਝੌਤਾ ਕਰ ਲਿਆ ਹੈ ਅਤੇ ਹੁਣ ਉਨਾਂ ਵੱਲੋਂ ਇਹ ਚੋਣਾਂ ਮਿਲ ਕੇ ਲੜੀਆਂ ਜਾ ਰਹੀਆਂ ਹਨ। ਕੇਜਰੀਵਾਲ ਨੇ ਕਿਹਾ, “ਮੈਂ ਸੁਣਿਆ ਹੈ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਜਿਆਦਾਤਰ ਹੋਰਡਿੰਗ ਬਾਦਲ ਵੱਲੋਂ ਲਗਵਾਏ ਜਾ ਰਹੇ ਹਨ।”
ਕੇਜਰੀਵਾਲ ਨੇ ਇੱਕ ਵਾਰ ਫਿਰ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਸਵਿਸ ਬੈਂਕ ਅਕਾਉਂਟ ਜਾਰੀ ਕੀਤੇ। ਕੇਜਰੀਵਾਲ ਨੇ ਕਿਹਾ ਕਿ ਜੇਕਰ ਉਹ ਗਲਤ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਉਨਾਂ ਖਿਲਾਫ ਕਾਨੂੰਨੀ ਕਾਰਵਾਈ ਕਰ ਸਕਦੇ ਹਨ। ਕੈਪਟਨ ਅਮਰਿੰਦਰ ਸਿੰਘ ਚੁਣੌਤੀ ਦਿੰਦੀਆਂ ਕਿਹਾ ਕਿ ਕੈਪਟਨ ਇਹ ਸਿੱਧ ਕਰੇ ਕੀ ਸਟੇਜ ਤੋਂ ਉਨਾਂ ਦੁਆਰਾ ਕੈਪਟਨ ਦੀ ਪਤਨੀ ਬੀਬੀ ਪ੍ਰਨੀਤ ਕੌਰ ਅਤੇ ਸਪੁੱਤਰ ਰਣਇੰਦਰ ਸਿੰਘ ਦੇ ਜਿੰਨਾਂ ਸਵਿੱਸ ਬੈਂਕ ਖਾਤਿਆਂ ਬਾਰੇ ਜਿਕਰ ਕੀਤਾ ਜਾ ਰਿਹਾ ਹੈ ਉਹ ਗਲਤ ਹਨ। ਜੇਕਰ ਕੈਪਟਨ ਅਜਿਹਾ ਨਹੀਂ ਕਰ ਪਾਉਦੇ ਤਾਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਉਨਾਂ ਵਲੋਂ ਦੱਸੇ ਗਏ ਬੈਂਕ ਖਾਤੇ ਸਹੀ ਹਨ।
ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ 40 ਲੱਖ ਤੋਂ ਜਿਆਦਾ ਨੌਜਵਾਨ ਅਕਾਲੀਆਂ ਵੱਲੋਂ ਫੈਲਾਏ ਨਸ਼ਿਆਂ ਦੀ ਗਿ੍ਰਫਤ ਵਿੱਚ ਹਨ ਅਤੇ ਆਪ ਦੀ ਸਰਕਾਰ ਬਣਨ ਤੋਂ ਬਾਅਦ ਇਨਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਜੰਗੀ ਪੱਧਰ ਉਤੇ 6 ਮਹੀਨੇ ਅੰਦਰ ਨਸ਼ਾ-ਮੁਕਤੀ ਕੇਂਦਰ ਖੋਲੇ ਜਾਣਗੇ ਅਤੇ ਇਸਦੇ ਨਾਲ ਹੀ ਨੌਜਵਾਨਾਂ ਨੂੰ ਰੋਜਗਾਰ ਵੀ ਮੁਹੱਈਆ ਕਰਵਾਇਆ ਜਾਵੇਗਾ।
ਪੰਜਾਬ ਵਿੱਚ ਦਲਿਤਾਂ ਉਤੇ ਵਧਦੇ ਜੁਲਮਾਂ ਖਿਲਾਫ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਕਈ ਨੌਜਵਾਨਾਂ ਦੀ ਬਹੁਤ ਹੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਹੈ ਅਤੇ ਇਨਾਂ ਵਾਰਦਾਤਾਂ ਨੂੰ ਸ਼ਰਾਬ ਮਾਫੀਆ ਨੇ ਅੰਜਾਮ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਅਜਿਹੇ ਕੇਸ ਮੁੜ ਤੋਂ ਖੋਲੇ ਜਾਣਗੇ ਅਤੇ ਇੱਕ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਜਾਵੇਗਾ, ਤਾਂ ਜੋ ਦਲਿਤਾਂ ਉਪਰ ਜੁਲਮ ਕਰਨ ਵਾਲੇ ਦੋਸ਼ੀਆਂ ਨੂੰ ਸਖਤ ਸਜਾਵਾਂ ਦਿੱਤੀਆਂ ਜਾ ਸਕਣ। ਕੇਜਰੀਵਾਲ ਨੇ ਕਿਹਾ ਕਿ ਅਕਾਲੀ ਦਲਿਤਾਂ ਦੇ ਹੱਥ ਕੱਟਦੇ ਹਨ ਜਦੋਂ ਕਿ ਆਮ ਆਦਮੀ ਪਾਰਟੀ ਉਨਾਂ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਨਾਲ ਨਿਵਾਜ ਕੇ ਉਨਾਂ ਦੇ ਹੱਥ ਮਜਬੂਤ ਕਰਨ ਦਾ ਵਾਅਦਾ ਕਰਦੀ ਹੈ।
ਉਨਾਂ ਕਿਹਾ ਕਿ ਪੰਥਕ ਸਰਕਾਰ ਕਹਾਉਣ ਵਾਲੀ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ, ਕੁਰਾਨ-ਏ-ਸ਼ਰੀਫ ਅਤੇ ਭਗਵਤ ਗੀਤਾ ਦੀ ਬੇਅਦਬੀ ਕਰਨ ਵਾਲੇ ਦੋਖੀਆਂ ਨੂੰ ਫੜਨ ਵਿੱਚ ਅਸਫਲ ਸਾਬਿਤ ਹੋਈ ਹੈ। ਉਨਾਂ ਕਿਹਾ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣਨ ਤੋਂ ਬਾਅਦ ਇਨਾਂ ਦੋਖੀਆਂ ਨੂੰ ਮਿਸਾਲੀ ਸਾਜਾਵਾਂ ਦਿੱਤੀਆਂ ਜਾਣਗੀਆਂ।
ਉਨਾਂ ਦੋਸ਼ ਲਗਾਇਆ ਕਿ ਪਿਛਲੇ 15 ਸਾਲਾਂ ਵਿੱਚ ਪੰਜਾਬ ਅੰਦਰ ਕਾਂਗਰਸ ਜਾਂ ਅਕਾਲੀਆਂ ਨੇ ਸਿਹਤ ਤੇ ਸਿੱਖਿਆ ਸਿਸਟਮ ਨੂੰ ਦਰੁਸਤ ਕਰਨ ਲਈ ਕੋਈ ਕੰਮ ਨਹੀਂ ਕੀਤਾ। ਉਨਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਵਿੱਚ ਕੈਂਸਰ ਪੀੜਤਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ। ਸਰਕਾਰੀ ਸਕੂਲਾਂ ਦਾ ਪੱਧਰ ਨਿਜੀ ਸਕੂਲਾਂ ਦੇ ਬਰਾਬਰ ਲਿਆਂਦਾ ਜਾਵੇਗਾ, ਤਾਂ ਕਿ ਗਰੀਬ ਲੋਕਾਂ ਦੇ ਬੱਚਿਆਂ ਨੂੰ ਵੀ ਚੰਗੀ ਸਿੱਖਿਆ ਮਿਲ ਸਕੇ।
ਜਰਨੈਲ ਸਿੰਘ ਨੇ ਕਿਹਾ ਕਿ ਨਾਭਾ ਜੇਲ ਕਾਂਡ ਦੇ ਦੋਸ਼ ਵਿਚ ਫੜੇ ਗਏ ਪਰਮਿੰਦਰ ਸਿੰਘ ਪਿੰਦਾ ਦੇ ਉਸ ਬਿਆਨ ਜਿਸ ਵਿਚ ਉਸਨੇ ਕਿਹਾ ਹੈ ਕਿ ਉਸਦੇ ਸੰਬੰਧ ਨਸ਼ਾ ਤਸ਼ਕਰੀ ਦੇ ਕੇਸ ਵਿਚ ਗਿ੍ਰਫਤਾਰ ਡੀਐਸਪੀ ਜਗਦੀਸ਼ ਸਿੰਘ ਭੋਲਾ ਨਾਲ ਵੀ ਹਨ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਵਿਚ ਅਕਾਲੀ ਦਲ ਦੀ ਸਰਪ੍ਰਸਤੀ ਹੇਠ ਨਸ਼ਾ ਤਸ਼ਕਰ ਅਤੇ ਗੈਂਗਸਟਰਾਂ ਦਾ ਗਠਜੋੜ ਕੰਮ ਕਰ ਰਿਹਾ ਹੈ। ਉਨਾਂ ਕਿਹਾ ਕਿ ਭੋਲੇ ਦੁਆਰਾ ਮੰਤਰੀ ਬਿਕਰਮ ਸਿੰਘ ਮਜੀਠੀਆ ਉਤੇ ਇਲਜਾਮ ਲਗਾਉਣ ਤੋਂ ਬਾਅਦ ਇਹ ਗੱਲ ਸਿੱਧ ਹੋ ਗਈ ਹੈ ਕਿ ਅਕਾਲੀ ਆਗੂਆਂ ਦੇ ਨਸ਼ਾ ਤਸ਼ਕਰਾਂ ਅਤੇ ਗੈਂਗਸਟਰਾਂ ਨਾਲ ਸਿੱਧੇ ਸੰਬੰਧ ਹਨ।
ਇਸ ਮੌਕੇ ‘ਤੇ ਹੁਸ਼ਿਆਰਪੁਰ ਤੋਂ ਉਮੀਦਵਾਰ ਪਰਮਜੀਤ ਸਚਦੇਵਾ, ਸ਼ਾਮ ਚੂਰਾਸੀ ਤੋਂ ਡਾ. ਰਵਜੋਤ ਸਿੰਘ, ਦਸੂਹਾ ਤੋਂ ਬਲਵੀਰ ਕੌਰ ਫੂਲ ਅਤੇ ਉੜਮੁੜ ਤੋਂ ਜਸਵੀਰ ਸਿੰਘ ਰਾਜਾ ਗਿੱਲ ਆਦਿ ਹਾਜਰ ਸਨ।