ਚੰਡੀਗੜ੍ਹ, 13 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਆਗੂ ਅਰਵਿੰਦ ਕੇਜਰੀਵਾਲ ਵੱਲੋਂ ਪ੍ਰਚਾਰ ਵਾਸਤੇ ਪੰਜਾਬ 'ਚ ਦਲਿਤਾ ਤੇ ਸਿੱਖਾਂ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ, ਪਾਰਟੀ ਦੇ ਤਿੰਨ ਹੋਰ ਆਗੂਆਂ, ਜਿਨ੍ਹਾਂ 'ਚੋਂ ਇਕ ਕੌਮੀ ਕਾਰਜਕਾਰਨੀ ਮੈਂਬਰ ਵੀ ਹਨ, ਵੱਲੋਂ ਦਲਿਤ ਵਿਰੋਧੀ, ਸਿੱਖ ਵਿਰੋਧੀ ਤੇ ਪੰਜਾਬ ਵਿਰੋਧੀ ਪਾਰਟੀ ਦੇ ਭ੍ਰਿਸ਼ਟਾਚਾਰ ਤੇ ਅਪਰਾਧਿਕ ਨੀਤੀਆਂ ਵਿਰੁੱਧ ਰੋਸ ਪ੍ਰਗਟਾਉਂਦਿਆਂ, ਆਪ ਛੱਡਣ ਨਾਲ ਚਕਨਾਚੂਰ ਹੋ ਗਏ ਹਨ।
ਆਪ 'ਚ ਇਹ ਤਾਜ਼ਾ ਵਿਦ੍ਰੋਹ ਉਸ ਦਿਨ ਸਾਹਮਣੇ ਆਇਆ ਹੈ, ਜਦੋਂ ਇਕ ਆਰ.ਟੀ.ਆਈ ਵਰਕਰ ਵੱਲੋਂ ਪਾਰਟੀ 'ਤੇ ਐਕਸਿਸ ਬੈਂਕ ਦੀ ਦਿੱਲੀ ਬ੍ਰਾਂਚ 'ਚ 40 ਫਰਜ਼ੀ ਖਾਤਿਆਂ ਦੇ ਸਬੰਧ 'ਚ 100 ਕਰੋੜ ਦੇ ਘੁਟਾਲੇ 'ਚ ਸ਼ਾਮਿਲ ਹੋਣ ਦਾ ਦੋਸ਼ ਲਗਾਇਆ ਹੈ।
ਕੈਪਟਨ ਅਮਰਿੰਦਰ ਨੇ ਦੋਸ਼ ਲਗਾਇਆ ਹੈ ਕਿ ਕੇਜਰੀਵਾਲ ਉਨ੍ਹਾਂ ਦੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਵੱਲੋਂ ਖੁੱਲ੍ਹੇਆਮ ਲਗਾਏ ਜਾ ਰਹੇ ਬਹੁਤ ਜ਼ਿਆਦਾ ਗੰਭੀਰ ਦੋਸ਼ਾਂ 'ਤੇ ਧਿਆਨ ਦੇਣ ਦੀ ਬਜਾਏ, ਕਾਂਗਰਸ ਉਪਰ ਬੇਤੁੱਕੇ ਦੋਸ਼ ਲਗਾਉਣ 'ਚ ਵਿਅਸਤ ਹਨ, ਜਿਸ ਪਾਰਟੀ ਦੇ ਸਮਰਥਨ 'ਚ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡੀ ਲਹਿਰ ਚੱਲ ਰਹੀ ਹੈ।
ਇਸ ਲੜੀ ਹੇਠ, ਕੈਪਟਨ ਅਮਰਿੰਦਰ ਨੇ ਕੇਜਰੀਵਾਲ ਵੱਲੋਂ ਉਨ੍ਹਾਂ ਦੇ, ਉਨ੍ਹਾਂ ਦੇ ਪਰਿਵਾਰ ਤੇ ਉਨ੍ਹਾਂ ਦੀ ਪਾਰਟੀ ਉੱਪਰ ਲਗਾਤਾਰ ਲਗਾਏ ਜਾ ਰਹੇ ਦੋਸ਼ਾਂ ਦਾ ਜਵਾਬ ਦੇਣ ਦੀ ਬਜਾਏ, ਉਨ੍ਹਾਂ ਨੂੰ ਵਿਚਾਰ ਕਰਨ ਲਈ ਅਨੁਚਿਤ ਸਮਝਦਿਆਂ, ਖਾਰਿਜ਼ ਕਰ ਦਿੱਤਾ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਮੀਡੀਆ ਦੇ ਨਾਲ ਨਾਲ ਲੋਕਾਂ ਵੱਲੋਂ ਵੀ ਉਨ੍ਹਾਂ ਦੀ ਪਾਰਟੀ ਅੰਦਰ ਇਮਾਨਦਾਰੀ ਦੀ ਘਾਟ ਅਤੇ ਭ੍ਰਿਸ਼ਟਾਚਾਰ ਉਪਰ ਕੀਤੇ ਜਾ ਰਹੇ ਸਵਾਲਾਂ ਦਾ ਕੋਈ ਵੀ ਜਵਾਬ ਦੇਣ 'ਚ ਨਾਕਾਬਿਲ ਕੇਜਰੀਵਾਲ ਸਾਫ ਤੌਰ 'ਤੇ ਆਪ ਦੇ ਗੁਨਾਹਾ ਉਪਰ ਪਰਦਾ ਪਾਉਣ ਵਾਸਤੇ ਸੱਭ ਤਰ੍ਹਾਂ ਦੇ ਬੇਵਕੂਫੀ ਵਾਲੇ ਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਯਾਮਿਨੀ ਗੋਮਰ ਦੀ ਅਗਵਾਈ ਹੇਠ ਤਾਜ਼ਾ ਵਿਦ੍ਰੋਹ, ਸਾਫ ਤੌਰ 'ਤੇ ਦਰਸਾ ਰਿਹਾ ਹੈ ਕਿ ਕੇਜਰੀਵਾਲ ਸਮੇਤ ਆਪ ਅਗਵਾਈ ਸੱਤਾ ਤੇ ਪੈਸੇ ਦੀ ਭੁੱਖ ਨਾਲ ਕਿੰਨੀ ਜ਼ਿਆਦਾ ਲਿਪਤ ਹੋ ਚੁੱਕੀ ਹੈ।
ਆਪ ਦੀ ਟਿਕਟ 'ਤੇ 2014 ਲੋਕ ਸਭਾ ਚੋਣਾਂ 'ਚ 2 ਲੱਖ ਤੋਂ ਵੱਧ ਵੋਟਾਂ ਹਾਸਿਲ ਕਰਦਿਆਂ, ਅਹਿਮ ਚੁਣੌਤੀ ਦੇਣ ਵਾਲੀ ਯਾਮਿਨੀ ਗੋਮਰ ਨੇ, ਕੇਜਰੀਵਾਲ ਵੱਲੋਂ ਖੁਦ ਨੂੰ ਸਿੱਖ ਹਿਤੈਸ਼ੀ ਤੇ ਦਲਿਤ ਹਿਤੈਸ਼ੀ ਆਉਣ ਕਹਿਣ ਬਾਰੇ ਉਨ੍ਹਾਂ ਦੀ ਭਰੋਸੇਮੰਦੀ ਉਪਰ ਸਵਾਲ ਕਰਦਿਆਂ, ਜਿਨ੍ਹਾਂ ਦੀ ਪਾਰਟੀ ਖੁੱਲ੍ਹੇਆਮ ਇਨ੍ਹਾਂ ਸਮੁਦਾਆਂ ਨੂੰ ਖੁੱਡੇ ਲਾਈਨ ਲਗਾ ਰਹੀ ਹੈ, ਪਾਰਟੀ 'ਚ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਅਤੇ ਘਪਲੇ ਦਾ ਦੋਸ਼ ਲਗਾਉਂਦੇ ਹੋਏ ਆਪਣੀ ਪ੍ਰਾਇਮਰੀ ਤੇ ਰਾਸ਼ਟਰੀ ਕਾਰਜਕਾਰਨੀ ਮੈਂਬਰਸ਼ਿਪ ਦੇ ਨਾਲ ਨਾਲ ਪੰਜਾਬ ਚੋਣ ਕਮੇਟੀ ਸਮੇਤ ਆਪ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਆਪ 'ਚ ਲਗਾਤਾਰ ਹੋ ਰਹੇ ਵਿਦ੍ਰੋਹਾਂ ਨੇ, ਕੇਜਰੀਵਾਲ ਵੱਲੋਂ ਉਨ੍ਹਾਂ ਦੀ ਪਾਰਟੀ ਦੇ ਸੂਬੇ ਦੀ ਸੱਤਾ 'ਚ ਆਉਣ 'ਤੇ ਸਿੱਖ ਮੁੱਖ ਮੰਤਰੀ ਤੇ ਦਲਿਤ ਡਿਪਟੀ ਮੁੱਖ ਮੰਤਰੀ ਪੁਖਤਾ ਕਰਨ ਸਬੰਧੀ ਵੱਡੇ ਵੱਡੇ ਦਾਅਵਿਆਂ ਦਾ ਭਾਂਡਾਫੋੜ ਕਰ ਦਿੱਤਾ ਹੈ। ਜਿਹੜੇ ਕੇਜਰੀਵਾਲ ਇਨ੍ਹਾਂ 'ਚੋਂ ਕਿਸੇ ਵੀ ਸਮੁਦਾਅ ਦੇ ਹਿੱਤਾਂ ਦੀ ਰਾਖੀ ਕਰਨ 'ਚ ਅਸਫਲ ਰਹੇ ਹਨ ਅਤੇ ਉਨ੍ਹਾਂ ਨੂੰ ਸਿਰਫ ਆਪਣੀ ਹੀ ਭਲਾਈ ਦੀ ਚਿੰਤਾ ਹੈ।
ਕੈਪਟਨ ਅਮਰਿੰਦਰ ਨੇ ਯਾਮਿਨੀ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਬਹੁਤ ਜ਼ਿਆਦਾ ਗੰਭੀਰ ਦੱਸਿਆ ਹੈ ਕਿ ਆਪ ਆਗੂ, ਖਾਸ ਕਰਕੇ ਦਿੱਲੀ ਨਾਲ ਸਬੰਧਤ ਆਗੂ, ਆਪਣੀ ਗੱਲ ਮੰਨਵਾਉਣ 'ਚ ਬਹੁਤ ਚਲਾਕ ਹਨ ਅਤੇ ਉਹ ਜਾਣਦੇ ਹਨ ਕਿ ਕਿਵੇਂ ਪੰਜਾਬੀਆਂ ਨੂੰ ਬੇਵਕੂਫ ਬਣਾਉਣਾ ਹੈ, ਤੇ ਯਾਮਿਨੀ ਮੁਤਾਬਿਕ ਪੰਜਾਬ, ਪੰਜਾਬੀਆਂ ਤੇ ਪੰਜਬੀਅਤ ਦੇ ਹਿੱਤ ਦਾਅ ਉਪਰ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਯਾਮਿਨੀ ਅਤੇ ਹੋਰ ਵਿਦ੍ਰੋਹੀਆਂ ਨੇ ਉਸ ਪੱਖ ਨੂੰ ਸਾਬਤ ਕਰ ਦਿੱਤਾ ਹੈ, ਜਿਸਨੂੰ ਕਾਂਗਰਸ ਬੀਤੇ ਲੰਬੇ ਸਮੇਂ ਤੋਂ ਰੱਖ ਰਹੀ ਹੈ ਕਿ ਕੇਜੀਰਵਾਲ ਅਤੇ ਉਨ੍ਹਾਂ ਦੀ ਆਪ ਦੀਆਂ ਅੱਖਾਂ ਪੰਜਾਬ ਦੀ ਸੱਤਾ ਉਪਰ ਹਨ ਅਤੇ ਉਹ ਪੰਜਾਬ ਦੇ ਲੋਕਾਂ ਨੂੰ ਲੁੱਟਣ 'ਚ ਬਾਦਲਾਂ ਦੇ ਕਦਮਾਂ 'ਤੇ ਚੱਲ ਰਹੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਯਾਮਿਨੀ ਦਾ ਅਸਤੀਫਾ ਇਸ ਸੱਚਾਈ ਨੂੰ ਹੋਰ ਮਜ਼ਬੂਤ ਕਰਦਾ ਹੈ ਕਿ ਅੰਦਰੂਨੀ ਲੋਕਤੰਤਰ ਤੋਂ ਹੀਣ ਤੇ ਭ੍ਰਿਸ਼ਟਾਚਾਰ ਤੇ ਅਪਰਾਧਿਕ ਕੰਮਾਂ 'ਚ ਮਿੱਲ ਕੇ, ਆਪ ਪੰਜਾਬ ਅੰਦਰ ਪੂਰੀ ਤਰ੍ਹਾਂ ਨਾਲ ਭਰੋਸਾ ਖੋਹ ਚੁੱਕੀ ਹੈ।