ਚੰਡੀਗੜ੍ਹ, 30 ਦਸੰਬਰ, 2016 : ਆਮ ਆਦਮੀ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਇਹ ਖੁਲਾਸਾ ਕਰਕੇ ਖੁਦ ਨੰਗਾ ਹੋ ਗਿਆ ਹੈ ਕਿ ਪਾਰਟੀ ਨੇ ਸਾਬਕਾ ਭਾਜਪਾ ਆਗੂ ਅਤੇ ਕ੍ਰਿਕਟਰ ਨਵਜੋਤ ਸਿੱਧੂ ਨੂੰ ਆਪਣੇ ਨਾਲ ਰਲਾਉਣ ਲਈ ਉਪ-ਮੁੱਖ ਮੰਤਰੀ ਬਣਾਉਣ ਦਾ ਚੋਗਾ ਪਾਇਆ ਸੀ, ਪਰ ਉਸ ਨੇ ਇਹ ਪੇਸ਼ਕਸ਼ ਠੁਕਰਾ ਦਿੱਤੀ ਸੀ।
ਇਸ ਬਾਰੇ ਪ੍ਰੈਸ ਬਿਆਨ ਜਾਰੀ ਕਰਦਿਆਂ ਲੋਕ ਸਭਾ ਮੈਂਬਰ ਅਤੇ ਸ੍ਰæੋਮਣੀ ਅਕਾਲੀ ਦਲ ਦੇ ਬੁਲਾਰੇ ਸ਼ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੇਜਰੀਵਾਲ ਦੇ ਇਸ ਖੁਲਾਸੇ ਨਾਲ ਆਪ ਦੁਆਰਾ ਸਿੱਧੂ ਨੂੰ ਕੁੱਛੜ ਚੁੱਕਣ ਲਈ ਕੀਤੀਆਂ ਸੌਦੇਬਾਜ਼ੀਆਂ ਦਾ ਕੱਚਾ ਚਿੱਠਾ ਸਾਹਮਣੇ ਆ ਗਿਆ ਹੈ।
ਉਹਨਾਂ ਕਿਹਾ ਕਿ ਕੇਜਰੀਵਾਲ ਨੇ ਕਿਹਾ ਸੀ ਕਿ ਸਿੱਧੂ ਬਹੁਤ ਜ਼ਿਆਦਾ ਲਾਲਚੀ ਹੋ ਗਿਆ ਸੀ ਅਤੇ ਉਸ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ ਉੱਤੇ ਸੀ। ਜਿਸ ਕਰਕੇ ਉਸ ਨੇ ਆਪ ਨੂੰ ਲਾਰਾ ਲਾਈ ਰੱਖਿਆ। ਇਸੇ ਦੌਰਾਨ ਸਿੱਧੂ ਨੇ ਕਾਂਗਰਸ ਨਾਲ ਰਾਬਤਾ ਬਣਾ ਲਿਆ ਅਤੇ ਕਾਂਗਰਸ ਨੇ ਅਗਲੀ ਸਰਕਾਰ ਵਿਚ ਉਸ ਨੂੰ ਮੁੱਖ ਮੰਤਰੀ ਦਾ ਅਹੁਦਾ ਦੇਣਾ ਮੰਨ ਲਿਆ, ਜਿਸ ਕਰਕੇ ਉਹ ਕਾਂਗਰਸ ਦੀ ਗੋਦੀ ਵਿਚ ਚਲਿਆ ਗਿਆ।
ਕੇਜਰੀਵਾਲ ਨੇ ਰਾਹੁਲ ਗਾਂਧੀ ਵੱਲ ਇਸ਼ਾਰਾ ਕਰਦੇ ਕਿਹਾ ਕਿ ਉਹ ਅਮਰਿੰਦਰ ਤੋਂ ਖੁਸ਼ ਨਹੀਂ ਹਨ, ਜਿਸ ਕਰਕੇ ਸਿੱਧੂ ਨੂੰ ਇਹ ਭਰੋਸਾ ਦਿੱਤਾ ਗਿਆ ਹੈ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣਨ ਦੀ ਸੂਰਤ ਵਿਚ ਉਸ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ।
ਕੇਜਰੀਵਾਲ ਦੀ ਦੋਗਲੇ ਕਿਰਦਾਰ ਦੀ ਨਿੰਦਾ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਆਪ ਆਗੂ ਇੱਕੋ ਸਮੇਂ ਉੁਪ ਮੁੱਖ ਮੰਤਰੀ ਦਾ ਅਹੁਦਾ ਦੋ ਵਿਅਕਤੀਆਂ -ਇੱਕ ਦਲਿਤ ਆਗੂ ਅਤੇ ਦੂਜਾ ਨਵਜੋਤ ਸਿੱਧੂ- ਨੂੰ ਪੇਸ਼ ਕਰ ਰਿਹਾ ਸੀ। ਤਾਂ ਫਿਰ ਕੇਜਰੀਵਾਲ ਕਿਸ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ? ਪੰਜਾਬ ਵਿਚ ਇੱਕ ਤਿਹਾਈ ਅਬਾਦੀ ਵਾਲੇ ਦਲਿਤਾਂ ਨੂੰ ਤਾਂ ਕਿ ਉਹਨਾਂ ਦੀਆਂ ਵੋਟਾਂ ਲੈ ਸਕੇ ਜਾਂ ਫਿਰ ਸਿੱਧੂ ਨੂੰ , ਜਿਸ ਨੂੰ ਉਹ ਆਪ ਵਾਸਤੇ ਇੱਕ ਵੱਡਾ ਸਰਮਾਇਆ ਮੰਨਦਾ ਸੀ।
ਉਹਨਾਂ ਕਿਹਾ ਕਿ ਪੰਜਾਬ ਦੇ ਦਲਿਤਾਂ ਨੂੰ ਕੇਜਰੀਵਾਲ ਨੂੰ ਪੁੱਛਣਾ ਚਾਹੀਦਾ ਹੈ ਕਿ ਕੀ ਦਲਿਤ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦੇਣ ਦੀ ਗੱਲ ਦਲਿਤਾਂ ਦੀ ਵੋਟਾਂ ਲੈਣ ਲਈ ਪਾਇਆ ਗਿਆ ਚੋਗਾ ਹੈ?
ਉਹਨਾਂ ਕਿਹਾ ਕਿ ਇਸ ਮੁੱਦੇ ਉੱਤੇ ਪੰਜਾਬ ਦੇ ਦਲਿਤਾਂ ਦਾ ਵਿਸ਼ਵਾਸ਼ ਜਿੱਤਣ ਲਈ ਕੇਜਰੀਵਾਲ ਨੂੰ ਤੁਰੰਤ ਦਿੱਲੀ ਜਾ ਕੇ ਉਪ ਮੁੱਖ ਮੰਤਰੀ ਦੇ ਅਹੁਦੇ ਉੱਤੇ ਕਿਸੇ ਦਲਿਤ ਨੂੰ ਨਿਯੁਕਤ ਕਰ ਦੇਣਾ ਚਾਹੀਦਾ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਿੱਧੂ ਨੂੰ ਆਪ ਵਿਚ ਸ਼ਾਮਿਲ ਕਰਨ ਲਈ ਕੇਜਰੀਵਾਲ ਨੇ ਹਰ ਹੀਲਾ ਵਰਤਿਆ,ਪਰੰਤੂ ਜਦੋਂ ਉਹ ਕਾਂਗਰਸ ਵੱਲ ਚਲਾ ਗਿਆ ਤਾਂ ਉਸ ਨੂੰ ਲਾਲਚੀ ਕਹਿ ਕੇ ਨਿੰਦਣਾ ਸ਼ੁਰੂ ਕਰ ਦਿੱਤਾ।
ਸ਼ ਚੰਦੂਮਾਜਰਾ ਨੇ ਕਿਹਾ ਕਿ ਇਹ ਤਾਂ ਸਿਰਫ ਸ਼ੁਰੂਆਤ ਹੈ, ਉਮੀਦ ਹੈ ਕਿ ਜਲਦੀ ਹੀ ਕੇਜਰੀਵਾਲ ਸਿੱਧੂ ਨੂੰ ਮਨਾਉਣ ਲਈ ਕੀਤੀਆਂ ਹੋਰ ਸੌਦੇਬਾਜ਼ੀਆਂ ਦਾ ਵੇਰਵਾ ਵੀ ਪੰਜਾਬ ਦੇ ਲੋਕਾਂ ਸਾਹਮਣੇ ਰੱਖੇਗਾ।
ਉਹਨਾਂ ਕਿਹਾ ਕਿ ਸਿੱਧੂ ਨੂੰ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਸ ਨੇ ਆਪ ਦੀ ਉਪ ਮੁੱਖ ਮੰਤਰੀ ਦੀ ਪੇਸ਼ਕਸ਼ ਕਿਉਂ ਠੁਕਰਾਈ ਅਤੇ ਕਾਂਗਰਸ ਨਾਲ ਉਸ ਨੇ ਕਿਹੜੀਆਂ ਸ਼ਰਤਾਂ ਉੱਤੇ ਰਲੇਵਾਂ ਕੀਤਾ ਹੈ?