ਚੰਡੀਗੜ੍ਹ, 14 ਦਸੰਬਰ, 2016 : ਮਾਂ ਨਾਲ ਰੁੱਸ ਕੇ ਆਂਟੀਆਂ ਕੋਲ ਗਏ ਬੱਚੇ ਜਲਦੀ ਵਾਪਸ ਮੁੜ ਆਉਂਦੇ ਹਨ। ਅਕਾਲੀ ਦਲ ਇੱਕ ਅਜਿਹੀ ਪਾਰਟੀ ਹੈ, ਜਿਹੜੀ ਆਪਣੇ ਮੈਂਬਰਾਂ ਦਾ ਇੱਕ ਮਾਂ ਵਾਂਗ ਖਿਆਲ ਰੱਖਦੀ ਹੈ। ਇਸ ਕਰਕੇ ਅਕਾਲੀ ਦਲ ਛੱਡ ਕੇ ਗਿਆ ਕੋਈ ਅਕਾਲੀ ਆਗੂ ਕਿਸੇ ਹੋਰ ਪਾਰਟੀ ਅੰਦਰ ਬਹੁਤੀ ਦੇਰ ਨਹੀਂ ਟਿਕ ਸਕਦਾ।
ਇਹ ਸ਼ਬਦ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਉਪਿੰਦਰਜੀਤ ਕੌਰ ਅਤੇ ਪਰਮਜੀਤ ਕੌਰ ਗੁਲਸ਼ਨ ਨੇ ਇੱਥੇ ਸਾਂਝੇ ਤੌਰ ਤੇ ਪ੍ਰੈਸ ਨੋਟ ਜਾਰੀ ਕਰਦਿਆਂ ਕਹੇ। ਉਹ ਸਾਬਕਾ ਅਕਾਲੀ ਮੰਤਰੀ ਸ਼ ਬਲਬੀਰ ਸਿੰਘ ਬਾਠ ਦੁਆਰਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਦੁਬਾਰਾ ਅਕਾਲੀ ਦਲ 'ਚ ਸ਼ਾਮਿਲ ਹੋਣ ਬਾਰੇ ਟਿੱਪਣੀ ਕਰ ਰਹੇ ਸਨ।
ਉਹਨਾਂ ਕਿਹਾ ਕਿ ਸ਼ ਬਾਠ ਨੇ 'ਆਪ' ਅੰਦਰ ਰਹਿ ਕੇ ਕੁੱਝ ਹੀ ਮਹੀਨਿਆਂ ਵਿਚ ਮਹਿਸੂਸ ਕਰ ਲਿਆ ਕਿ ਅਕਾਲੀ ਦਲ ਤੋਂ ਵੱਡੀ ਪੰਜਾਬ ਹਿਤੈਸ਼ੀ ਪਾਰਟੀ ਹੋਰ ਕੋਈ ਨਹੀਂ ਹੈ। ਅਕਾਲੀ ਦਲ ਵਿਚ ਹਰ ਮੈਂਬਰ ਨੂੰ ਮਾਣ-ਸਤਿਕਾਰ ਦਿੱਤਾ ਜਾਂਦਾ ਹੈ ਅਤੇ ਪਾਰਟੀ ਅੰਦਰ ਹਰ ਫੈਸਲਾ ਜਮਹੂਰੀ ਢੰਗ ਨਾਲ ਲਿਆ ਜਾਂਦਾ ਹੈ, ਜਦਕਿ ਕਾਂਗਰਸ ਅਤੇ ਆਪ ਅੰਦਰ ਸਾਰੇ ਫੈਸਲੇ ਉੱਪਰੋਂ ਥੋਪੇ ਜਾਂਦੇ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਸਿੱਖ ਮਾਨਸਿਕਤਾ ਅਤੇ ਪੰਜਾਬੀ ਕਦਰਾਂ-ਕੀਮਤਾਂ ਦੀ ਸਹੀ ਤਰਜਮਾਨੀ ਕਰਦਾ ਹੈ। ਸਿੱਖ ਵਿਰਾਸਤਾਂ ਦੀ ਸਾਂਭ-ਸੰਭਾਲ ਅਤੇ ਜੰਗੀ ਯਾਦਗਾਰਾਂ ਉਸਾਰਨ ਦਾ ਜਿੰਨਾ ਕੰਮ ਅਕਾਲੀ-ਭਾਜਪਾ ਸਰਕਾਰ ਨੇ ਕੀਤਾ ਹੈ, ਉਹ ਕਾਂਗਰਸ ਦੇ ਕਾਰਜਕਾਲ ਵਿਚ ਕਦੇ ਵੀ ਨਹੀਂ ਹੋਇਆ।
ਅਕਾਲੀ ਆਗੂਆਂ ਨੇ ਕਾਂਗਰਸ ਪਾਰਟੀ ਅੰਦਰਲੇ ਕਲਚਰ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਰਜਵਾੜਿਆਂ ਦੀ ਪਾਰਟੀ ਹੈ, ਜਿਸ ਦੀ ਸਾਰੀ ਸਿਆਸਤ ਹਰ ਹੀਲੇ ਸੱਤਾ ਪ੍ਰਾਪਤੀ ਦੇ ਸਿਧਾਂਤ ਦੁਆਲੇ ਘੁੰਮਦੀ ਹੈ। ਜਿਹੜਾ ਆਗੂ ਪਾਰਟੀ ਛੱਡ ਕੇ ਕਾਂਗਰਸ ਵਿਚ ਸ਼ਾਮਿਲ ਹੋ ਜਾਂਦਾ ਹੈ, ਉਸ ਦੀ ਪਹਿਲੇ ਕੁੱਝ ਦਿਨ ਤਾਂ ਪ੍ਰਹੁਣਿਆਂ ਵਾਂਗ ਸੇਵਾ ਹੁੰਦੀ ਹੈ, ਪਰ ਥੋੜ੍ਹੇ ਦਿਨਾਂ ਮਗਰੋਂ ਹੀ ਉਸ ਨੂੰ ਸੀਰੀ ਬਣਾ ਲਿਆ ਜਾਂਦਾ ਹੈ। ਉਹਨਾਂ ਦਲਬਦਲੂਆਂ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਅੰਦਰ ਜਿਹੜੇ ਨਵੇਂ ਪ੍ਰਾਹੁਣੇ ਬਣ ਕੇ ਗਏ ਹਨ, ਜਲਦੀ ਹੀ ਉਹਨਾਂ ਦੀ ਹਾਲਤ ਨੌਕਰਾਂ ਨਾਲੋਂ ਵੀ ਮਾੜੀ ਹੋਣ ਵਾਲੀ ਹੈ।
ਆਮ ਆਦਮੀ ਪਾਰਟੀ ਅੰਦਰਲੇ ਤਾਨਾਸ਼ਾਹੀ ਕਲਚਰ ਉੱਤੇ ਟਿੱਪਣੀ ਕਰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਆਪ ਅੰਦਰ ਦਿੱਲੀ ਵਾਲਿਆਂ ਦਾ ਦਬਦਬਾ ਹੈ, ਜਿਸ ਕਰਕੇ ਪੰਜਾਬ ਦੇ ਮੁੱਦਿਆਂ ਬਾਰੇ ਉਹਨਾਂ ਦੀ ਪਹੁੰਚ ਬਹੁਤ ਹੀ ਨਾਂਹਪੱਖੀ ਹੈ। ਇਸ ਤੋਂ ਇਲਾਵਾ ਉਹ ਕਿਸੇ ਵੀ ਪੰਜਾਬੀ ਆਗੂ ਉੱਭਰਦਾ ਨਹੀਂ ਵੇਖ ਸਕਦੇ। ਪਾਰਟੀ ਦੇ ਸਾਰੇ ਅਹਿਮ ਫੈਸਲੇ ਦਿੱਲੀ ਵਾਲੇ ਹਨ। ਆਮ ਵਲੰਟੀਅਰਾਂ ਦੀ ਕੋਈ ਸੱਦ-ਪੁੱਛ ਨਹੀਂ ਹੈ। ਉਹਨਾਂ ਕਿਹਾ ਕਿ ਆਪ ਆਗੂਆਂ ਵਲੋਂ ਕੀਤੇ ਸਾਫ ਸੁਥਰੀ ਰਾਜਨੀਤੀ ਦੇ ਸਾਰੇ ਦਾਅਵੇ ਖੋਖਲੇ ਸਾਬਿਤ ਹੋ ਚੁੱਕੇ ਹਨ, ਜਿਸ ਲਈ ਆਉਣ ਵਾਲੇ ਦਿਨਾਂ ਵਿਚ ਹੋਰ ਬਹੁਤ ਸਾਰੇ ਆਗੂ ਆਪ ਤੋਂ ਕਿਨਾਰਾ ਕਰ ਲੈਣਗੇ।