ਚੰਡੀਗੜ੍ਹ, 21 ਨਵੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਿਹਾ ਹੈ ਕਿ ਨਵੇਂ ਸ਼ਾਮਿਲਾਂ ਨੂੰ ਟਿਕਟ ਦੇਣ ਦੀ ਸੰਭਾਵਨਾ 'ਚ ਕੁਝ ਨਵਾਂ ਨਹੀਂ ਹੈ, ਜਿਹੜਾ ਸਾਰੀਆਂ ਪਾਰਟੀਆਂ 'ਚ ਆਮ ਤੌਰ 'ਤੇ ਹੁੰਦਾ ਹੈ ਅਤੇ ਕਾਂਗਰਸ ਇਸ ਤੋਂ ਪਹਿਲਾਂ ਵੀ ਇਹ ਕਰ ਚੁੱਕੀ ਹੈ।
ਇਸ ਲੜੀ ਹੇਠ ਪਾਰਟੀ ਬਦਲਣ ਵਾਲਿਆਂ ਨੂੰ ਟਿਕਟਾਂ ਉਪਰ ਪਾਰਟੀ 'ਚ ਅੰਦਰੂਨੀ ਵਿਰੋਧ ਬਾਰੇ ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਦਾ ਵਿਸ਼ੇਸ਼ ਅਧਿਕਾਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਮੀਤ ਪ੍ਰਧਾਨ ਰਾਹੁਲ ਗਾਂਧੀ ਕੋਲ ਹੈ।
ਵੱਡੀ ਗਿਣਤੀ 'ਚ ਅਕਾਲੀ ਤੇ ਆਪ ਆਗੂਆਂ ਅਤੇ ਵਰਕਰਾਂ ਦਾ ਪਾਰਟੀ 'ਚ ਸਵਾਗਤ ਕਰਨ ਮੌਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਨੇ ਭਰੋਸਾ ਦਿੱਤਾ ਕਿ ਕਿਸੇ ਵੀ ਮੌਜ਼ੂਦਾ ਵਿਧਾਇਕ ਦੀ ਟਿਕਟ ਨਹੀਂ ਕੱਟੀ ਜਾਵੇਗੀ, ਲੇਕਿਨ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਇਕ ਪਰਿਵਾਰ, ਇਕ ਸੀਟ ਦੇ ਨਿਯਮ ਦਾ ਬਿਨ੍ਹਾਂ ਛੁੱਟ, ਸਖ਼ਤੀ ਨਾਲ ਪਾਲਣ ਕੀਤਾ ਜਾਵੇਗਾ।
ਜਦਕਿ ਨਵੇਂ ਸ਼ਾਮਿਲਾਂ ਨੂੰ ਟਿਕਟਾਂ ਦਿੱਤੇ ਜਾਣ ਦੀ ਸੰਭਾਵਨਾ ਉਪਰ ਪਾਰਟੀ ਅੰਦਰ ਵਿਚਾਰਾਂ ਦੇ ਵਿਭਾਜਨ ਸਬੰਧੀ ਖ਼ਬਰਾਂ ਬਾਰੇ ਪੁੱਛੇ ਸਵਾਲ 'ਤੇ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਪਹਿਲਾਂ ਵੀ ਹੋਇਆ ਸੀ। ਉਨ੍ਹਾਂ ਨੇ ਮਨਪ੍ਰੀਤ ਬਾਦਲ ਦਾ ਜ਼ਿਕਰ ਕੀਤਾ, ਜਿਨ੍ਹਾਂ ਨੂੰ 2014 ਲੋਕ ਸਭਾ ਚੋਣਾਂ ਵੇਲੇ ਬਠਿੰਡਾ ਤੋਂ ਕਾਂਗਰਸ ਵੱਲੋਂ ਨਾਮਜਦ ਕੀਤਾ ਗਿਆ ਸੀ ਅਤੇ ਸੁਰਜੀਤ ਸਿੰਘ ਬਰਨਾਲਾ ਦੇ ਪੋਤਰੇ ਸਿਮਰ ਪ੍ਰਤਾਪ ਸਿੰਘ ਬਰਨਾਲਾ 2015 ਧੂਰੀ ਜ਼ਿਮਨੀ ਚੋਣਾਂ ਦੌਰਾਨ ਕਾਂਗਰਸ ਤੇ ਸਾਂਝਾ ਮੋਰਚਾ ਦੇ ਸਾਂਝੇ ਉਮੀਦਵਾਰ ਸਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਦੂਜੀਆਂ ਪਾਰਟੀਆਂ ਤੋਂ ਸਿਆਸਤਦਾਨਾਂ ਨੂੰ ਲੈਣਾ ਸਾਰੀਆਂ ਪਾਰਟੀਆਂ ਲਈ ਆਮ ਹੈ। ਜਿਨ੍ਹਾਂ ਨੇ ਪਾਰਟੀ ਬਦਲਣ ਵਾਲਿਆਂ ਨੂੰ ਟਿਕਟਾਂ ਦੇਣ ਬਾਰੇ ਪੰਜਾਬ ਕਾਂਗਰਸ 'ਚ ਤਕਰਾਰ ਸਬੰਧੀ ਖ਼ਬਰਾਂ ਦੇ ਸਵਾਲਾਂ ਦੇ ਜਵਾਬ 'ਚ ਕਿਹਾ ਕਿ ਕੁਝ ਛੱਡ ਜਾਂਦੇ ਹਨ, ਕੁਝ ਆ ਜਾਂਦੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਸਲਿਅਤ 'ਚ ਇੰਨੀ ਵੱਡੀ ਗਿਣਤੀ 'ਚ ਲੋਕਾਂ ਦਾ ਕਾਂਗਰਸ 'ਚ ਸ਼ਾਮਿਲ ਹੋਣਾ ਪਾਰਟੀ ਲਈ ਵਧੀਆ ਸੰਦੇਸ਼ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਸੂਬੇ ਦੇ ਲੋਕ ਇਸ ਪਾਰਟੀ ਦੇ ਨਾਲ ਹਨ।
ਇਸੇ ਤਰ੍ਹਾਂ, ਉਨ੍ਹਾਂ ਦੀ ਪਤਨੀ ਤੇ ਬੇਟੇ ਖਿਲਾਫ ਸਵਿਸ ਬੈਂਕ ਖਾਤਿਆਂ ਸਬੰਧੀ ਦੋਸ਼ਾਂ ਦੇ ਜਵਾਬ 'ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਕੇਸ ਸਿਰਫ ਸਿਆਸਤ ਤੋਂ ਪ੍ਰੇਰਿਤ ਹੈ ਤੇ ਕੇਂਦਰੀ ਵਿੱਤ ਮੰਤਰੀ ਅਰੂਨ ਜੇਤਲੀ ਦੀ ਸਾਜਿਸ਼ ਦਾ ਨਤੀਜ਼ਾ ਹੈ, ਜਿਨ੍ਹਾਂ ਨੇ ਈ.ਡੀ. ਅਫਸਰਾਂ ਨੂੰ ਜਾਂਚ ਦੇ ਆਦੇਸ਼ ਦਿੱਤੇ ਸਨ। ਜਦਕਿ ਈ.ਡੀ. ਇਨ੍ਹਾਂ ਦੋਸ਼ਾਂ ਨੂੰ ਸਾਬਤ ਕਰਨ ਲਈ ਕੋਈ ਵੀ ਸਬੂਤ ਨਹੀਂ ਪੇਸ਼ ਕਰ ਪਾਈ ਸੀ।
ਬੈਂਸ ਭਰਾਵਾਂ ਦੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਣ ਬਾਰੇ ਇਕ ਸਵਾਲ ਦੇ ਜਵਾਬ 'ਚ ਕੈਪਟਨ ਅਮਰਿੰਦਰ ਨੇ ਇਨਕਾਰ ਕੀਤਾ ਕਿ ਪੰਜਾਬ ਕਾਂਗਰਸ ਇਨ੍ਹਾਂ ਨੂੰ ਪਾਰਟੀ 'ਚ ਲੈਣ ਬਾਰੇ ਗੱਲਬਾਤ ਕਰ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਉਹ ਕਰੀਬ ਛੇ ਮਹੀਨੇ ਪਹਿਲਾਂ ਬੈਂਸ ਭਰਾਵਾਂ ਨੂੰ ਮਿੱਲੇ ਸਨ ਅਤੇ ਉਦੋਂ ਤੋਂ ਕੋਈ ਸੰਪਰਕ ਨਹੀਂ ਹੋਇਆ।