ਨਵੀਂ ਦਿੱਲੀ, 21 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਨੋਟਬੰਦੀ ਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ 'ਤੇ ਨਰਿੰਦਰ ਮੋਦੀ ਨੂੰ ਕਿਨਾਰੇ ਲਗਾਉਂਦਿਆਂ, ਪ੍ਰਧਾਨ ਮੰਤਰੀ ਤੋਂ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਉਪਰ ਲਗਾਏ ਗੰਭੀਰ ਦੋਸ਼ਾਂ ਦਾ ਜਵਾਬ ਦੇਣ ਦੀ ਮੰਗ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਮੋਦੀ ਕਾਂਗਰਸ 'ਤੇ ਤਰ੍ਹਾਂ ਦੇ ਦੋਸ਼ ਲਗਾ ਰਹੇ ਹਨ, ਲੇਕਿਨ ਨਿਸ਼ਾਨੇ 'ਤੇ ਆਉਣ ਦੀ ਹੁਣ ਉਨ੍ਹਾਂ ਦੀ ਵਾਰੀ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਰਾਸ਼ਟਰ ਨੂੰ ਉਨ੍ਹਾਂ ਦੇ ਤੇ ਉਨ੍ਹਾਂ ਦੀ ਸਰਕਾਰ ਖਿਲਾਫ ਲੱਗੇ ਦੋਸ਼ਾਂ ਦੀ ਸੱਚਾਈ ਜਾਣਨ ਦਾ ਅਧਿਕਾਰ ਹੈ।
ਇਥੇ ਪੱਤਰਕਾਰਾਂ ਦੇ ਇਕ ਵਰਗ ਨੂੰ ਕੈਪਟਨ ਅਮਰਿੰਦਰ ਦਾ ਬਿਆਨ, ਰਾਹੁਲ ਗਾਂਧੀ ਵੱਲੋਂ ਮੋਦੀ ਨੂੰ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਸਹਾਰਾ ਅਧਿਕਾਰੀਆਂ ਵੱਲੋਂ ਦਿੱਤੀ ਰਿਸ਼ਵਤ ਵਜੋਂ ਕਰੋੜਾਂ ਰੁਪਏ ਦਾ ਇਸ਼ਾਰਾ ਕਰਦਿਆਂ ਕੀਤੇ ਗਏ ਖੁਲਾਸੇ ਦੇ ਸਬੰਧ 'ਚ ਆਇਆ ਹੈ।
ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੋਦੀ ਨੂੰ ਭੱਜਣ ਦੀ ਬਜਾਏ, ਇਨ੍ਹਾਂ ਦੋਸ਼ਾਂ ਸਮੇਤ ਨੋਟਬੰਦੀ ਦੀ ਗੈਰ ਸੰਗਠਿਤ ਨੀਤੀ 'ਤੇ ਵੀ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ, ਜਿਸਨੇ ਰਾਸ਼ਟਰ ਨੂੰ ਡੂੰਘੇ ਵਿੱਤੀ ਸੰਕਟ 'ਚ ਧਕੇਲ ਦਿੱਤਾ ਹੈ ਤੇ ਕਰੋੜਾਂ ਭਾਰਤ ਵਾਸੀ ਬੇਹੱਦ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।
ਕੈਪਟਨ ਅਮਰਿੰਦਰ ਨੇ ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਨੋਟਬੰਦੀ 'ਤੇ ਰੈਫਰੇਂਡਮ ਹੋਣ ਤੇ ਵਿਧਾਨ ਸਭਾ ਚੋਣਾਂ 'ਤੇ ਪੂਰਗਾਮੀ ਪ੍ਰਭਾਵ ਹੋਣ ਤੋਂ ਇਨਕਾਰ ਕਰਦਿਆਂ, ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੰਟਰੋਲ ਕੀਤੇ ਜਾਂਦੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮੁੱਦਿਆਂ ਦੀ ਪੰਜਾਬ ਦੇ ਵੋਟਰਾਂ ਨੂੰ ਪੇਸ਼ ਆ ਰਹੇ ਮੁੱਦਿਆਂ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ, ਜਿਹੜੇ ਬਾਦਲਾਂ ਦੇ ਕੁਸ਼ਾਸਲ ਦੇ ਦਹਾਕੇ 'ਚ ਉਨ੍ਹਾਂ ਤੋਂ ਪੂਰੀ ਤਰ੍ਹਾਂ ਤੰਗ ਆ ਚੁੱਕੇ ਹਨ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਨੋਟਬੰਦੀ ਕਾਰਨ ਨਗਦੀ ਦੇ ਭਾਰੀ ਸੰਕਟ ਕਰਕੇ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ 'ਚ ਕਿਸਾਨ ਰੁਪਏ ਦੀ ਤੰਗੀ ਦਾ ਸਾਹਮਣਾ ਕਰ ਰਹੇ ਹਨ ਅਤੇ ਉਦਯੋਗ ਮਜ਼ਦੂਰਾਂ ਨੂੰ ਹਟਾ ਰਹੇ ਹਨ ਅਤੇ ਇਥੋਂ ਤੱਕ ਕਿ ਕੁਝ ਕੇਸਾਂ 'ਚ ਕੰਮ ਤੇ ਹੋਰ ਖਰਚੇ ਚਲਾਉਣ 'ਚ ਕਾਬਲ ਨਾ ਹੋਣ ਕਾਰਨ ਬੰਦ ਹੋਣ ਕੰਢੇ ਪਹੁੰਚ ਚੁੱਕੇ ਹਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਲੁਧਿਆਣਾ ਤੇ ਅੰਮ੍ਰਿਤਸਰ ਪੰਜਾਬ ਦੇ ਮੁੱਖ ਉਦਯੋਗਿਕ ਕੇਂਦਰ ਹਨ, ਜਿਹੜੇ ਨੋਟਬੰਦੀ ਕਾਰਨ ਵੱਡੇ ਪੱਧਰ 'ਤੇ ਬੰਦ ਰਹੇ ਹਨ।
ਜਦਕਿ ਜਮੀਨੀ ਪੱਧਰ 'ਤੇ ਕਾਂਗਰਸੀ ਵਰਕਰਾਂ ਤੋਂ ਚੰਡੀਗੜ੍ਹ ਨਿਗਮ ਚੋਣਾਂ ਦੌਰਾਨ ਈ.ਵੀ.ਐਮ ਮਸ਼ੀਨਾਂ ਨਾਲ ਛੇੜਛਾੜ ਕੀਤੇ ਜਾਣ ਦੀਆਂ ਮਿੱਲ ਰਹੀਆਂ ਖ਼ਬਰਾਂ 'ਤੇ, ਕੈਪਟਨ ਅਮਰਿੰਦਰ ਨੇ ਕਿਹਾ ਕਿ ਇਕ ਕੇਂਦਰ ਸ਼ਾਸਿਤ ਪ੍ਰਦੇਸ਼ ਹੋਣ ਕਾਰਨ ਚੰਡੀਗੜ੍ਹ 'ਤੇ ਭਾਰਤ ਸਰਕਾਰ ਕੰਟਰੋਲ ਰੱਖਦੀ ਹੈ, ਜਿਸਦਾ ਉਥੇ ਆਦੇਸ਼ ਚੱਲਦਾ ਹੈ।
ਉਨ੍ਹਾਂ ਨੇ ਖੁਲਾਸਾ ਕੀਤਾ ਕਿ ਕਾਂਗਰਸ ਨੇ ਕਈ ਮਹੀਨੇ ਪਹਿਲਾਂ ਚੋਣ ਕਮਿਸ਼ਨ ਸਾਹਮਣੇ ਈ.ਵੀ.ਐਮ ਨਾਲ ਛੇੜਛਾੜ ਦੀਆ ਸ਼ੰਕਾਵਾਂ ਪ੍ਰਗਟ ਕੀਤੀਆਂ ਸਨ। ਉਨ੍ਹਾਂ ਨੇ ਉਮੀਦ ਪ੍ਰਗਟਾਈ ਹੈ ਕਿ ਚੋਣ ਕਮਿਸ਼ਨ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਤੋਂ ਬਾਹਰ ਦੀਆ ਈ.ਵੀ.ਐਮਾਂ ਦਾ ਇਸਤੇਮਾਲ ਕਰਨ ਬਾਰੇ ਕਾਂਗਰਸ ਦੀ ਅਪੀਲ 'ਤੇ ਧਿਆਨ ਦੇਵੇਗਾ।
ਕੈਪਟਨ ਅਮਰਿੰਦਰ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਸੂਬੇ 'ਚ ਈ.ਵੀ.ਐਮਾਂ ਸਥਾਨਕ ਪ੍ਰਸ਼ਾਸਨਿਕ ਅਫਸਰਾਂ ਦੀ ਨਿਗਰਨੀ 'ਚ ਹੋਣ ਕਾਰਨ, ਜਿਨ੍ਹਾਂ 'ਤੇ ਅਕਾਲੀ ਦਲ ਦੀ ਅਗਵਾਈ ਹੇਠ ਬਾਦਲ ਅਸਾਨੀ ਨਾਲ ਪ੍ਰਭਾਵ ਪਾ ਸਕਦੇ ਹਨ, ਤੇ ਅਸਾਨੀ ਨਾਲ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੇ ਹਨ।
ਜਦਕਿ ਹਾਲੇ ਦੇ ਦਿਨਾ 'ਚ ਬਾਦਲ ਸਰਕਾਰ ਵੱਲੋਂ ਵੱਡੇ ਪੱਘਰ 'ਤੇ ਭਲਾਈ ਸਕੀਮਾਂ ਤੇ ਤੋਹਫਿਆਂ ਦਾ ਐਲਾਨ ਕੀਤੇ ਜਾਣ ਦਾ ਜ਼ਿਕਰ ਕਰਦਿਆਂ, ਕੈਪਟਨ ਅਮਰਿੰਦਰ ਨੇ ਚੋਣ ਕਮਿਸ਼ਨ ਨੂੰ ਇਕ ਵਾਰ ਫਿਰ ਤੋਂ, ਬਿਨ੍ਹਾਂ ਕਿਸੇ ਦੇਰੀ ਸੂਬੇ ਅੰਦਰ ਚੋਣ ਜਾਬਤਾ ਲਾਗੂ ਕੀਤੇ ਜਾਣ ਦੀ ਅਪੀਲ ਕੀਤੀ ਹੈ।
ਇਕ ਸਵਾਲ ਦੇ ਜਵਾਬ 'ਚ, ਪੰਜਾਬ ਕਾਂਗਰਸ ਪ੍ਰਧਾਨ ਨੇ ਦੁਹਰਾਇਆ ਕਿ ਉਹ ਇਕ ਪੜਾਅ 'ਚ ਵੋਟਿੰਗ ਕਰਵਾਏ ਜਾਣ ਦੇ ਹੱਕ 'ਚ ਹਨ, ਤਾਂ ਜੋ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਤੇ ਬਾਦਲਾਂ ਦੀ ਸ਼ੈਅ ਪ੍ਰਾਪਤ ਗੁੰਡਿਆਂ ਵੱਲੋਂ ਵੋਟਰਾਂ 'ਤੇ ਦਬਾਅ ਬਣਾਏ ਜਾਣ ਨੂੰ ਰੋਕਿਆ ਜਾ ਸਕੇ।