ਚੰਡੀਗੜ੍ਹ, 27 ਦਸੰਬਰ, 2016 : ਭਾਰਤੀ ਜਨਤਾ ਪਾਰਟੀ ਦੇ ਕੌਮੀਂ ਬੁਲਾਰੇ ਤੇ ਸਾਬਕਾ ਕੇਂਦਰੀ ਮੰਤਰੀ ਸ੍ਰੀ ਸ਼ਾਹ ਨਵਾਜ ਹੁਸੈਨ ਨੇ ਅੱਜ ਕਿਹਾ ਕਿ ਪੰਜਾਬ ਦੇ ਹਰ ਪਿੰਡ-ਸ਼ਹਿਰ ਵਿਚ ਵਿਕਾਸ ਨਜ਼ਰ ਆਉਂਦਾ ਹੈ, ਜਿਸ ਕਰਕੇ ਅਕਾਲੀ ਦਲ-ਭਾਜਪਾ ਗੱਠਜੋੜ ਦੀ ਮੁੜ ਸਰਕਾਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਸੂਬੇ 'ਚ ਵਿਕਾਸ ਦੀ ਲਹਿਰ ਨੂੰ ਚਲਦਾ ਰੱਖਣ ਲਈ ਪੰਜਾਬ ਦੇ ਲੋਕ ਅਕਾਲੀ-ਭਾਜਪਾ ਗੱਠਜੋੜ ਨੂੰ ਹੋਰ ਵੀ ਵੱਧ ਤਾਕਤ ਨਾਲ ਜੇਤੂ ਬਣਾਉਣ। ਸ੍ਰੀ ਸ਼ਾਹ ਨਵਾਜ ਹੁਸੈਨ ਮੁਕੇਰੀਆਂ ਵਿਖੇ ਭਾਜਪਾ ਘੱਟ ਗਿਣਤੀ ਮੋਰਚਾ ਦੇ ਸੰਮੇਲਨ ਵਿਚ ਜੁਟੇ ਵੱਡੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਹੋਰਨਾਂ ਪਾਰਟੀਆਂ ਬਾਰੇ ਸੋਚਣਾ ਬੰਦ ਕਰ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਕੋਲ ਸਿਰਫ਼ ਇਕੋ ਬਦਲ ਅਕਾਲੀ-ਭਾਜਪਾ ਗੱਠਜੋੜ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਰਾਹੁਲ ਤੇ ਸੋਨੀਆ ਗਾਂਧੀ ਦੇ ਦੇਸ਼ ਭਰ 'ਚੋਂ ਸੁਪਨੇ ਚੂਰ-ਚੂਰ ਹੋ ਗਏ ਹਨ, ਉਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦਾ ਸੱਤਾ 'ਚ ਆਉਣ ਦਾ ਸੁਪਨੇ ਵੀ ਇਕ ਵਾਰ ਫਿਰ ਖਤਮ ਹੋ ਜਾਵੇਗਾ। ਸ੍ਰੀ ਹੁਸੈਨ ਨੇ ਕਿਹਾ ਕਿ ਦਿੱਲੀ ਦੀ ਜਨਤਾ ਦੀਆਂ ਉਮੀਦਾਂ 'ਤੇ ਕੇਜਰੀਵਾਲ ਨੇ ਝਾੜੂ ਫੇਰਿਆ ਹੈ ਅਤੇ ਹੁਣ ਪੰਜਾਬ ਦੀ ਜਨਤਾ ਉਨ੍ਹਾਂ ਦੇ ਝਾਂਸੇ 'ਚ ਆਉਣ ਵਾਲੀ ਨਹੀਂ।
ਸ੍ਰੀ ਸ਼ਾਹ ਨਵਾਜ ਹੁਸੈਨ ਨੇ ਕਿਹਾ ਕਿ ਭਾਜਪਾ ਹਰ ਧਰਮ ਤੇ ਭਾਈਚਾਰੇ ਦਾ ਸਤਿਕਾਰ ਕਰਦੀ ਹੈ ਅਤੇ ਸਾਰੇ ਧਰਮਾਂ ਨਾਲ ਸਬੰਧਤ ਆਗੂ ਪਾਰਟੀ 'ਚ ਮੋਹਰੀ ਅਹੁਦਿਆਂ 'ਤੇ ਹਨ। ਉਨ੍ਹਾਂ ਕਿਹਾ ਕਿ ਘੱਟਗਿਣਤੀ ਭਾਈਚਾਰੇ ਦਾ ਇਹ ਸੰਮੇਲਨ ਸਰਬ ਧਰਮ ਸਮਾਜ ਦਾ ਪ੍ਰਤੀਕ ਹੈ, ਜਿਸ ਵਿਚ ਗ੍ਰੰਥੀ, ਪਾਦਰੀ, ਇਮਾਮ ਤੇ ਪੰਡਿਤ ਸ਼ਾਮਲ ਹੋਏ ਹਨ, ਜਿਸ ਨੇ ਪੂਰੇ ਭਾਰਤ ਦਾ ਨਕਸ਼ਾ ਪੇਸ਼ ਕੀਤਾ ਹੈ। ਸ੍ਰੀ ਸ਼ਾਹ ਨਵਾਜ ਹੁਸੈਨ ਨੇ ਕਿਹਾ ਕਿ ਚੋਣਾਂ ਆਉਣਗੀਆਂ ਤੇ ਜਾਣਗੀਆਂ, ਲੇਕਿਨ ਕਦੇ ਮੁਲਕ ਨਹੀਂ ਹਾਰਨਾ ਚਾਹੀਦਾ। ਸ੍ਰੀ ਹੁਸੈਨ ਨੇ ਕਿਹਾ ਕਿ ਨੋਟਬੰਦੀ ਮਾਮਲੇ 'ਤੇ ਕਈ ਸਿਆਸੀ ਪਾਰਟੀਆਂ ਵਲੋਂ ਜਨਤਾ ਨੂੰ ਭੜਕਾਇਆ ਜਾ ਰਿਹਾ ਹੈ, ਜਿਸ ਤੋਂ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਇਹ ਸਾਹਸੀ ਫੈਸਲਾ ਲੈ ਕੇ ਉਨ੍ਹਾਂ ਲੋਕਾਂ ਵਿਰੁਧ ਲੜਾਈ ਸ਼ੁਰੂ ਕੀਤੀ ਹੈ, ਜਿੰਨ੍ਹਾਂ ਨੇ ਨਸ਼ਿਆਂ, ਅੱਤਵਾਦ ਤੋਂ ਪੈਸਾ ਕਮਾਇਆ ਤੇ ਭਰਿਸ਼ਟਾਚਾਰ ਕਰਕੇ ਕਾਲਾਧਨ ਜਮ੍ਹਾ ਕੀਤਾ, ਜੋ ਆਪਣੀ ਮਿਹਨਤ ਨਾਲ ਅਮੀਰ ਬਣਿਆ ਉਨ੍ਹਾਂ ਲੋਕਾਂ ਨਾਲ ਲੜਾਈ ਨਹੀਂ। ਸ੍ਰੀ ਸ਼ਾਹ ਨਵਾਜ ਹੁਸੈਨ ਨੇ ਕਿਹਾ ਕਿ ਦੇਸ਼ ਦੇ 125 ਕਰੋੜ ਲੋਕ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਇਕ ਆਵਾਜ਼ 'ਤੇ ਨਾਲ ਆ ਖੜੇ ਹਨ ਅਤੇ ਉਨ੍ਹਾਂ ਦੀਆਂ ਨੀਤੀਆਂ ਕਾਰਨ ਹੀ ਅੱਜ ਮਹਿੰਗਾਈ ਘੱਟ ਹੋ ਰਹੀ ਹੈ ਅਤੇ ਕਾਲੇਧਨ ਵਿਰੁਧ ਇਕ ਲਮਹੇ ਦੇ ਫੈਸਲੇ ਨੇ ਤਕਦੀਰ ਬਦਲ ਦਿੱਤੀ ਹੈ। ਕਾਂਗਰਸ ਸਮੇਤ ਵਿਰੋਧੀ ਦਲਾਂ ਨੂੰ ਨਿਸ਼ਾਨੇ 'ਤੇ ਲੈਂਦਿਆਂ ਸ੍ਰੀ ਹੁਸੈਨ ਨੇ ਕਿਹਾ ਕਿ ਜਿੰਨ੍ਹਾਂ ਨੇ ਵੱਡੇ ਵੱਡੇ ਘੋਟਾਲੇ ਕੀਤੇ ਉਹ ਈਮਾਨਦਾਰੀ ਦੇ ਪ੍ਰਵਚਨ ਨਾ ਦੇਣ। ਆਦਮਪੁਰ ਏਅਰਪੋਰਟ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਏਅਰਪੋਰਟ ਬਣਵਾਉਣ ਲਈ ਜੀਅ-ਜਾਨ ਲਗਾ ਦਿੱਤੀ ਹੈ ਅਤੇ ਕੇਂਦਰ ਤੋਂ ਲੈ ਕੇ ਆਏ ਹਨ, ਜਿਸ ਨਾਲ ਦੁਆਬਾ ਖੇਤਰ ਦੇ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ।
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਮੁਕੇਰੀਆਂ ਵਿਖੇ ਘੱਟ ਗਿਣਤੀ ਮੋਰਚਾ ਦੇ ਸੰਮੇਲਨ 'ਚ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਘੱਟਗਿਣਤੀ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਜੇਕਰ ਕੋਈ ਕਰ ਸਕਦਾ ਹੈ ਤਾਂ ਉਹ ਸਿਰਫ਼ ਭਾਰਤੀ ਜਨਤਾ ਪਾਰਟੀ ਹੈ। ਉਨ੍ਹਾਂ ਕਿਹਾ ਕਿ ਘੱਟਗਿਣਤੀ ਭਾਈਚਾਰੇ ਨੇ ਜੋ ਵਿਸ਼ਵਾਸ਼ ਭਾਜਪਾ ਉੱਤੇ ਵਿਖਾਇਆ ਹੈ, ਉਸਦੇ ਲਈ ਉਹ ਧੰਨਵਾਦ ਕਰਦੇ ਹਨ। ਸ੍ਰੀ ਸਾਂਪਲਾ ਨੇ ਨੋਟਬੰਦੀ ਤੋਂ ਬਾਅਦ ਪੈਦਾ ਹੋਈ ਸਥਿਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਭਾਵੇਂ ਸਾਰਿਆਂ ਉਤੇ ਅਸਰ ਪਿਆ ਹੈ ਅਤੇ ਲੋਕਾਂ ਨੇ ਕਸ਼ਟ ਵੀ ਝੱਲੇ ਹਨ, ਪਰੰਤੂ ਇਸ ਸਭ ਦੇ ਬਾਵਜੂਦ ਦੇਸ਼ ਦੀ ਜਨਤਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਭਰਿਸ਼ਟਾਚਾਰ ਤੇ ਕਾਲੇਧਨ ਵਿਰੁਧ ਮੁਹਿੰਮ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਨਵੇਂ ਰੰਗ ਵਿਚ ਰੰਗਣ ਲਈ ਨੋਟਬੰਦੀ ਦਾ ਫੈਸਲਾ ਜਰੂਰੀ ਸੀ।
ਘੱਟ ਗਿਣਤੀ ਸੰਮੇਲਨ ਵਿਚ ਭਾਜਪਾ ਘੱਟ ਗਿਣਤੀ ਮੋਰਚਾ ਦੇ ਸੂਬਾ ਪ੍ਰਧਾਨ ਅਬਦੁਲ ਕਯੂਮ ਰਾਜਾ, ਸਾਬਕਾ ਮੰਤਰੀ ਅਰੁਨੇਸ਼ ਸ਼ਾਕਰ, ਵਿਧਾਇਕ ਸੁਖਜੀਤ ਕੌਰ ਸ਼ਾਹੀ, ਮੀਤ ਪ੍ਰਧਾਨ ਸ੍ਰੀਮਤੀ ਉਮੇਸ਼ ਸ਼ਾਕਰ, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਵਿਧਾਨ ਸਭਾ ਇੰਚਾਰਜ ਅਰੁਣ ਸ਼ਰਮਾ, ਜਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ, ਈਸਾਈ ਭਾਈਚਾਰੇ ਦੇ ਸੈਮਸਨ ਮਸੀਹ ਤੇ ਰਿਆਜ਼ ਮਸੀਹ ਵੀ ਮੌਜੂਦ ਸਨ।