ਚੰਡੀਗੜ੍ਹ, 27 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਸਾਫ ਤੌਰ 'ਤੇ ਪੰਜਾਬ ਅੰਦਰ ਕਾਂਗਰਸ ਦੇ ਪੱਖ 'ਚ ਲਹਿਰ ਚੱਲ ਰਹੀ ਹੈ, ਅਤੇ ਦੋਵੇਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੇ ਆਪਣੀਆਂ ਭ੍ਰਿਸ਼ਟ ਨੀਤੀਆਂ ਤੇ ਲੋਕ ਵਿਰੋਧੀ ਏਜੰਡੇ ਰਾਹੀਂ ਸੂਬੇ ਦੇ ਲੋਕਾਂ ਨੂੰ ਬੂਰੀ ਤਰ੍ਹਾਂ ਪ੍ਰੇਸ਼ਾਨ ਕਰ ਦਿੱਤਾ ਹੈ।
ਨਵੀਂ ਦਿੱਲੀ ਜਾਂਦੇ ਵੇਲੇ ਰਸਤੇ 'ਚ ਪੀਪਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ, ਕੈਪਟਨ ਅਮਰਿੰਦਰ ਨੇ ਕਿਹਾ ਕਿ ਸਾਰੀਆਂ ਮੁੱਖ ਪਾਰਟੀਆਂ 'ਚ ਟਿਕਟਾਂ ਵੰਡਣ ਦੀ ਪ੍ਰੀਕ੍ਰਿਆ ਪੂਰੀ ਹੋ ਜਾਣ ਤੋਂ ਬਾਅਦ ਤੇ ਉਮੀਦਵਾਰਾਂ ਵੱਲੋਂ ਪੂਰੇ ਦਮ ਨਾਲ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨ ਦੌਰਾਨ, ਕਾਂਗਰਸ ਦੇ ਸਮਰਥਨ 'ਚ ਲੋਕਾਂ ਦਾ ਮਿਜਾਜ ਹੋਰ ਖੁੱਲ੍ਹ ਕੇ ਸਾਹਮਣੇ ਆ ਜਾਵੇਗਾ।
ਇਕ ਸਵਾਲ ਦੇ ਜਵਾਬ 'ਚ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਇਕ ਵਾਰ ਫਿਰ ਤੋਂ ਸਪੱਸ਼ਟ ਕੀਤਾ ਕਿ ਐਸ.ਵਾਈ.ਐਲ ਨਹਿਰ ਦੇ ਮੁੱਦੇ 'ਤੇ ਸਮਝੌਤਾ ਕਰਨ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ, ਭਾਵੇਂ ਇਸਦਾ ਮਤਲਬ ਪੰਜਾਬ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਵਾਸਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਸਮਰਥਨ ਹੀ ਕਿਉਂ ਨਾ ਖੋਹਣਾ ਪਵੇ।
ਮੀਡੀਆ ਵੱਲੋਂ ਪੁੱਛੇ ਗਏ ਇਕ ਸਵਾਲ ਕਿ ਆਪ ਦਿੱਲੀ ਤੋਂ ਬਾਅਦ ਪੰਜਾਬ 'ਤੇ ਅੱਖਾਂ ਰੱਖ ਕੇ ਬੈਠੀ ਹੈ, ਦੇ ਜਵਾਬ 'ਚ ਕੈਪਟਨ ਅਮਰਿੰਦਰ ਨੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੂੰ ਭ੍ਰਿਸ਼ਟ ਤੇ ਲਾਲਚੀ ਲੋਕਾਂ ਦੀ ਇਕ ਸੰਸਥਾ ਕਰਾਰ ਦਿੱਤਾ, ਜਿਹੜੀ ਟਿਕਟਾਂ ਦੀ ਵਿਕ੍ਰੀ 'ਚ ਵਿਅਸਤ ਹੈ ਅਤੇ ਇਸਦੇ ਕਈ ਆਗੂਆਂ ਨੂੰ ਸੈਕਸ ਤੇ ਨਸ਼ਿਆਂ ਦੇ ਸਕੈਂਡਲਾਂ 'ਚ ਕਾਬੂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਆਪ ਆਗੂਆਂ ਖਿਲਾਫ ਉਨ੍ਹਾਂ ਦੀ ਪਾਰਟੀ ਦੇ ਮੈਂਬਰਾਂ ਤੇ ਵਰਕਰਾਂ ਵੱਲੋਂ ਲਗਾਏ ਰਿਸ਼ਵਤ ਲੈਣ, ਨਸ਼ਿਆਂ ਤੇ ਸੈਕਸ ਸਕੈਂਡਲਾਂ ਵਰਗੇ ਦੋਸ਼ਾਂ ਤੋਂ ਬਾਅਦ ਆਪ ਦਾ ਪੂਰੀ ਤਰ੍ਹਾਂ ਭਾਂਡਾਫੋੜ ਹੋ ਚੁੱਕਾ ਹੈ।
ਕੈਪਟਨ ਅਮਰਿੰਦਰ ਨੇ ਆਪ ਦੇ ਪੰਜਾਬ 'ਚ ਸ਼ਾਸਨ ਕਰਨ ਦੇ ਸੁਫਨੇ ਦੀ ਸੱਚ ਹੋਣ ਦੀ ਸੰਭਾਵਨਾ ਨੂੰ ਸਿਰੇ ਤੋਂ ਖਾਰਿਜ਼ ਕਰਦਿਆਂ ਕਿਹਾ ਕਿ ਪਾਰਟੀ ਦਾ ਸੂਬੇ 'ਚ ਕੋਈ ਅਧਾਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਆਪ ਦਿੱਲੀ ਦੇ ਲੋਕਾਂ ਦੀਆਂ ਉਮੀਦਾਂ 'ਤੇ ਖਰੀ ਉਤਰਨ 'ਚ ਨਾਕਾਮ ਰਹੀ ਹੈ, ਜਿਸ 'ਚ ਇਕ ਵੱਡੀ ਅਬਾਦੀ ਪੰਜਾਬੀਆਂ ਦੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਆਪ ਦਾ ਪੰਜਾਬੀਆਂ ਨਾਲ ਕੋਈ ਲਗਾਅ ਨਹੀਂ ਹੈ ਤੇ ਇਹ ਉਨ੍ਹਾਂ ਦੀਆਂ ਉਮੀਦਾਂ ਨੂੰ ਸਮਝ ਨਹੀਂ ਸਕੀ।
ਇਹ ਇਸ ਅਸਲਿਅਤ ਤੋਂ ਵੀ ਸਾਬਤ ਹੁੰਦਾ ਹੈ ਕਿ ਖ਼ਬਰਾਂ ਮੁਤਾਬਿਕ ਪਾਰਟੀ ਪੰਜਾਬ 'ਚ ਉਨ੍ਹਾਂ ਵਾਸਤੇ ਪ੍ਰਚਾਰ ਕਰਨ ਲਈ ਯੂ.ਪੀ ਤੇ ਬਿਹਾਰ ਤੋਂ ਹੋਰ 50000 ਲੋਕਾਂ ਨੂੰ ਲਿਆ ਰਹੀ ਹੈ। ਜਿਸ 'ਤੇ, ਕੈਪਟਨ ਅਮਰਿੰਦਰ ਨੇ ਕਿਹਾ ਕਿ ਆਪ ਦਾ ਸਪੱਸ਼ਟ ਤੌਰ 'ਤੇ ਸੂਬੇ ਅੰਦਰ ਕੋਈ ਅਧਾਰ ਨਹੀਂ ਹੈ।
ਜਦਕਿ ਸਾਬਕਾ ਕੇਂਦਰੀ ਰਾਜ ਮੰਤਰੀ ਮਨੀਸ਼ ਤਿਵਾੜੀ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਟਿਕਟ ਮਿੱਲਣ ਬਾਰੇ ਇਕ ਸਵਾਲ ਦੇ ਜਵਾਬ 'ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਮਨੀਸ਼ ਇਕ ਸੀਨੀਅਰ ਪਾਰਟੀ ਆਗੂ ਹਨ ਤੇ ਇਸ ਬਾਰੇ ਫੈਸਲਾ ਕਾਂਗਰਸ ਹਾਈ ਕਮਾਂਡ ਨੇ ਲੈਣਾ ਹੈ।