ਚੰਡੀਗੜ੍ਹ, 27 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਚੋਣ ਕਮਿਸ਼ਨ ਨੂੰ ਸੂਬੇ ਅੰਦਰ ਹਥਿਆਰਾਂ ਦੇ ਪ੍ਰਸਾਰ 'ਤੇ ਤੁਰੰਤ ਰੋਕ ਲਗਾਉਣ ਹਿੱਤ ਪੰਜਾਬ ਪੁਲਿਸ ਨੂੰ ਨਿਰਦੇਸ ਦੇਣ ਦੀ ਅਪੀਲ ਕੀਤੀ ਹੈ, ਜਿਸਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ 'ਚ ਪੂਰੀ ਤਰ੍ਹਾਂ ਅਰਾਜਕਤਾ ਫੈਲ੍ਹਾ ਦਿੱਤੀ ਹੈ।
ਇਸ ਲੜੀ ਹੇਠ ਸੋਮਵਾਰ ਨੂੰ ਇਕ ਗੋਲੀਬਾਰੀ ਦੀ ਘਟਨਾ 'ਚ ਇਕ ਵਿਅਕਤੀ ਦੀ ਮੌਤ ਅਤੇ ਦੋ ਦੇ ਜ਼ਖਮੀ ਹੋ ਜਾਣ ਸਮੇਤ ਸੂਬੇ ਅੰਦਰ ਵਾਪਰੀਆਂ ਵੱਖ ਵੱਖ ਹਿੰਸਕ ਘਟਨਾਵਾਂ ਦੇ ਕ੍ਰਮ 'ਤੇ ਜ਼ੋਰਦਾਰ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਸੂਬੇ ਦੇ ਹਾਲਾਤ ਬੇਹੱਦ ਖਰਾਬ ਹੋ ਚੁੱਕੇ ਹਨ ਅਤੇ ਉਨ੍ਹਾਂ ਨੇ ਇਸ ਸੰਕਟ ਵਾਲੀ ਸਥਿਤੀ ਨੂੰ ਅੱਗੇ ਵੱਧਣ ਤੋਂ ਰੋਕਣ ਵਾਸਤੇ ਚੋਣ ਕਮਿਸ਼ਨ ਨੂੰ ਦਖਲ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਪੁਖਤਾ ਕਰਨ ਦੀ ਅਪੀਲ ਕੀਤੀ ਹੈ ਕਿ ਹਥਿਆਰਾਂ ਨੂੰ ਲੈ ਕੇ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਹੋਵੇ ਤੇ ਇਕ ਵਾਰ ਫਿਰ ਤੋਂ ਇਹ ਵੀ ਅਪੀਲ ਕੀਤੀ ਹੈ ਕਿ ਸੂਬੇ ਅੰਦਰ ਕਾਨੂੰਨ ਤੇ ਵਿਵਸਥਾ ਬਣਾਏ ਰੱਖਣ ਵਾਸਤੇ ਤੁਰੰਤ ਚੋਣ ਜਾਬਤਾ ਲਾਗੂ ਕੀਤੀ ਜਾਵੇ।
ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਪੰਜਾਬ ਪੁਲਿਸ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਮੁਤਾਬਿਕ ਹਥਿਆਰਾਂ ਨੂੰ ਸਿਰੈਂਡਰ ਕਰਵਾਉਣ 'ਚ ਨਾਕਾਮ ਰਹੀ ਹੈ ਅਤੇ ਇਹ ਬਾਦਲ ਸਰਕਾਰ ਦੇ ਇਸ਼ਾਰੇ 'ਤੇ ਰੱਚੀ ਜਾ ਰਹੀ ਸਾਜਿਸ਼ ਪ੍ਰਤੀਤ ਹੁੰਦੀ ਹੈ, ਤਾਂ ਜੋ ਹਥਿਆਰਬੰਦ ਗੁੰਡਿਆਂ ਨੂੰ ਚੋਣਾਂ ਦੌਰਾਨ ਲੋਕਾਂ ਨੂੰ ਡਰਾ ਕੇ ਉਨ੍ਹਾਂ ਤੋਂ ਅਕਾਲੀ ਦਲ ਦੇ ਹੱਕ 'ਚ ਵੋਟ ਪਵਾਉਣ ਦੀ ਇਜ਼ਾਜਤ ਦਿੱਤੀ ਜਾ ਸਕੇ।
ਉਨ੍ਹਾਂ ਨੇ ਕਿਹਾ ਕਿ ਕਪੂਰਥਲਾ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਗੋਲੀਬਾਰੀ ਦੀ ਇਕ ਹੋਰ ਘਟਨਾ ਸਾਹਮਣੇ ਆਈ ਹੈ, ਜਿਸ ਦੌਰਾਨ ਤੇਜ਼ਾਬੀ ਹਮਲੇ 'ਚ 9 ਔਰਤਾਂ ਜ਼ਖਮੀ ਹੋ ਗਈਆਂ। ਕੈਪਟਨ ਅਮਰਿੰਦਰ ਨੇ ਕਿਹਾ ਕਿ ਦੋਨਾਂ ਘਟਨਾਵਾਂ 'ਚ ਹਿੰਸ ਵਰ੍ਹਾਉਣ ਵਾਲੇ ਹਮਲਾਵਰਾਂ ਦੀ ਦਰਿੰਦਗੀ ਸਪੱਸ਼ਟ ਇਸ਼ਾਰਾ ਕਰ ਰਹੀ ਹੈ ਕਿ ਸੂਬੇ ਅੰਦਰ ਗੁੰਡਿਆਂ ਤੇ ਬਦਮਾਸ਼ਾਂ ਅੰਦਰ ਕਾਨੂੰਨ ਦਾ ਕੋਈ ਡਰ ਨਹੀਂ ਹੈ, ਜਿਹੜੇ ਪੁਲਿਸ ਤੋਂ ਕਿਸੇ ਵੀ ਤਰ੍ਹਾਂ ਨਹੀਂ ਡਰਦੇ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਘਟਨਾਵਾਂ ਬਾਦਲ ਸ਼ਾਸਨ ਅੰਦਰ ਕਾਨੂੰਨ ਤੇ ਵਿਵਸਥਾ ਦੀ ਪੂਰੀ ਤਰ੍ਹਾਂ ਬਦਹਾਲੀ ਦਾ ਖੁਲਾਸਾ ਕਰਦੀਆਂ ਹਨ, ਜਿਸਨੇ ਹਥਿਆਰਬੰਦ ਗਿਰੋਹਾਂ, ਅਪਰਾਧੀਆਂ ਤੇ ਮਾਫੀਆਵਾਂ ਨੂੰ ਪੂਰੀ ਤਰ੍ਹਾਂ ਅਜ਼ਾਦੀ ਦੇ ਰੱਖੀ ਹੈ, ਤਾਂ ਜੋ ਉਹ ਪੰਜਾਬ ਦੇ ਲੋਕਾਂ 'ਚ ਅੱਤ ਮਚਾ ਸਕਣ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਇਥੋਂ ਤੱਕ ਕਿ ਡੀ.ਜੀ.ਪੀ ਆਨ ਰਿਕਾਰਡ ਕਹਿ ਚੁੱਕੇ ਹਨ ਕਿ ਪੰਜਾਬ ਅੰਦਰ ਕਰੀਬ 52 ਹਥਿਆਰਬੰਦ ਗਿਰੋਹ ਸਰਗਰਮ ਹਨ।
ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਬਠਿੰਡਾ ਵਿਖੇ ਇਕ ਜਸ਼ਨ ਦੌਰਾਨ ਫਾਇਰਿੰਗ 'ਚ ਡਾਂਸਰ ਮਹਿਲਾ ਦੇ ਕਤਲ ਦੀ ਘਟਨਾ ਦੇ ਬਾਵਜੂਦ, ਪੁਲਿਸ ਹਥਿਆਰਾਂ ਨੂੰ ਜਮ੍ਹਾ ਕਰਵਾਉਣ ਲਈ ਕੋਈ ਵੀ ਕਦਮ ਚੁੱਕਣ 'ਚ ਨਾਕਾਮ ਰਹੀ ਹੈ ਤੇ ਪ੍ਰਤੀਤ ਹੁੰਦਾ ਹੈ ਕਿ ਵੱਡੀ ਮਾਤਰਾ 'ਚ ਸੂਬੇ ਅੰਦਰ ਹਥਿਆਰਾਂ ਦਾ ਪ੍ਰਸਾਰ ਹੋ ਰਿਹਾ ਹੈ।
ਕੈਪਟਨ ਅਮਰਿੰਦਰ ਨੇ ਅੱਗੇ ਕਿਹਾ ਕਿ ਬਾਦਲ ਸਰਕਾਰ ਸੁਪਰੀਮ ਕੋਰਟ ਵੱਲੋਂ ਤੇਜ਼ਾਬ ਰੱਖਣ ਤੇ ਉਸਦੀ ਵਿਕ੍ਰੀ ਬਾਰੇ ਸਪੱਸ਼ਟ ਤੇ ਸਖ਼ਤ ਨਿਰਦੇਸ਼ਾਂ ਉਪਰ ਕਾਰਵਾਈ ਕਰਨ 'ਚ ਨਾਕਾਮ ਰਹੀ ਹੈ, ਜਿਸ ਕਾਰਨ ਤੇਜ਼ਾਬੀ ਹਮਲਿਆਂ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਨਹੀਂ ਤਾਂ ਅਜਿਹੇ ਹਾਲਾਤਾਂ ਤੋਂ ਅਸਾਨੀ ਨਾਲ ਬੱਚਿਆ ਜਾ ਸਕਦਾ ਸੀ।