ਚੰਡੀਗੜ੍ਹ, 21 ਦਸੰਬਰ, 2016 : ਪੰਜਾਬ ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ਲਈ ਬਾਕੀ ਰਹਿੰਦੇ ਹਲਕਿਆਂ ਲਈ ਕਾਂਗਰਸ ਉਮੀਦਵਾਰਾਂ ਸਬੰਧੀ ਫੈਸਲਾ ਲੈਣ ਲਈ ਦਿੱਲੀ ਵਿਖੇ ਸੈਂਟਰਲ ਇਲੈਕਸ਼ਨ ਕਮੇਟੀ ਦੀ ਕਾਂਗਰਸ ਦੇ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਦੀ ਪ੍ਰਧਾਨਗੀ ਹੇਠ ਹੋਈ ਇਕ ਮੀਟਿੰਗ ਵੱਲੋਂ ਰਾਜ ਲਈ ਕੋਈ ਕੋਈ 2 ਦਰਜਨ ਹੋਰ ਉਮੀਦਵਾਰਾਂ ਦੇ ਨਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ, ਜਿਨ੍ਹਾਂ ਸਬੰਧੀ ਬਕਾਇਦਾ ਐਲਾਨ ਬੁੱਧਵਾਰ ਨੂੰ ਕੀਤੇ ਜਾਣ ਦੀ ਸੰਭਾਵਨਾ ਹੈ। ਮੀਟਿੰਗ ਦੌਰਾਨ ਉਮੀਦਵਾਰਾਂ ਦੇ ਨਾਵਾਂ ‘ਤੇ ਕਾਫ਼ੀ ਵਿਸਥਾਰ ‘ਚ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਪਾਰਟੀ ਵੱਲੋਂ ਕਰਵਾਏ ਸਰਵੇਖਣਾਂ ਦੀਆਂ ਰਿਪੋਰਟਾਂ ਨੂੰ ਵੀ ਵਿਚਾਰਿਆ ਗਿਆ। ਸੂਚਨਾ ਅਨੁਸਾਰ ਮੀਟਿੰਗ ‘ਚ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਵਿਚ ਸ਼ਮੂਲੀਅਤ ਤੇ ਉਨ੍ਹਾਂ ਨੂੰ ਚੋਣਾਂ ਦੌਰਾਨ ਦਿੱਤੇ ਜਾਣ ਵਾਲੇ ਰੋਲ ਸਬੰਧੀ ਵੀ ਵਿਚਾਰ ਹੋਇਆ। ਪਾਰਟੀ ਸੂਤਰਾਂ ਅਨੁਸਾਰ ਸਿੱਧੂ ਨੇ ਦਿੱਲੀ ਵਿਖੇ ਕਾਂਗਰਸ ਦੇ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕੀਤੀ ਸੀ ਤੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਕੇ ਸੂਬਾ ਚੋਣਾਂ ਵਿਚਲੇ ਆਪਣੇ ਰੋਲ ਨੂੰ ਵਿਚਾਰਨ ਤਾਂ ਜੋ ਉਨ੍ਹਾਂ ਨੂੰ ਨਿਸ਼ਚਿਤ ਤੇ ਸਨਮਾਨ ਯੋਗ ਰੋਲ ਦਿੱਤਾ ਜਾ ਸਕੇ।
ਜਾਣਕਾਰੀ ਮੁਤਾਬਕ ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ ਪੂਰਬੀ ਤੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ ਰੱਖੇ ਜਾਣ ਸਬੰਧੀ ਪਾਰਟੀ ਵਿਚ ਤਕਰੀਬਨ ਸਹਿਮਤੀ ਬਣ ਗਈ ਹੈ ਤੇ ਪਾਰਟੀ ਉਨ੍ਹਾਂ ਦੀਆਂ ਸੇਵਾਵਾਂ ਸੂਬਾ ਸਿਆਸਤ ‘ਚ ਲੈਣਾ ਚਾਹੁੰਦੀ ਹੈ ਤਾਂ ਜੋ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਦਾ ਫਾਇਦਾ ਉਠਾਇਆ ਜਾ ਸਕੇ। ਪਾਰਟੀ ਸੂਤਰਾਂ ਨੇ ਦੱਸਿਆ ਕਿ ਸਿੱਧੂ ਦੀ ਕਾਂਗਰਸ ‘ਚ ਸ਼ਮੂਲੀਅਤ ਆਉਂਦੇ 2-3 ਦਿਨਾਂ ਦੌਰਾਨ ਹੋ ਜਾਵੇਗੀ। ਪਾਰਟੀ ਵੱਲੋਂ ਆਪਣੇ 61 ਉਮੀਦਵਾਰਾਂ ਦਾ ਪਹਿਲਾਂ ਹੀ ਐਲਾਨ ਕੀਤਾ ਜਾ ਚੁੱਕਾ ਹੈ, ਜਦਕਿ ਹੁਣ ਦੂਜੀ ਸੂਚੀ ਦੇ ਐਲਾਨ ਤੋਂ ਬਾਅਦ ਪਾਰਟੀ ਦੇ ਕੋਈ 85 ਉਮੀਦਵਾਰ ਚੋਣ ਮੈਦਾਨ ‘ਚ ਉਤਰ ਜਾਣਗੇ ਅਤੇ ਬਾਕੀ ਰਹਿੰਦੇ ਕੋਈ 30-32 ਉਮੀਦਵਾਰਾਂ ਸਬੰਧੀ ਫੈਸਲਾ ਕਾਂਗਰਸ ਵੱਲੋਂ ਆਖਰੀ ਸੂਚੀ ‘ਚ ਕੀਤਾ ਜਾਵੇਗਾ, ਜੋਕਿ ਕਾਂਗਰਸ ਸੂਤਰਾਂ ਅਨੁਸਾਰ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਵੀ ਐਲਾਨੀ ਜਾ ਸਕਦੀ ਹੈ।