ਫਾਈਲ ਫੋਟੋ
ਬਰਨਾਲਾ, 24 ਦਸੰਬਰ, 2016 : ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਬੁਲਾਰੇ ਅਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਨੇ ਪੰਜਾਬ ਦੇ ਵਪਾਰੀ-ਕਾਰੋਬਾਰੀਆਂ ਨੂੰ ਪੰਜਾਬ ਦੇ ਅਰਥਚਾਰੇ ਦੀ ਰੀੜ ਦੀ ਹੱਡੀ ਅਤੇ ਸੂਬੇ ਵਿੱਚ ਭਾਈਚਾਰਕ ਸਾਂਝ ਦੇ ਦੂਤ ਕਰਾਰ ਦਿੱਤਾ ਹੈ। ਸੰਜੇ ਸਿੰਘ ਬਰਨਾਲਾ, ਧੂਰੀ ਅਤੇ ਸੁਨਾਮ ਵਿੱਚ ਪਾਰਟੀ ਦੇ ਵਪਾਰ, ਟ੍ਰਾਂਸਪੋਰਟ ਅਤੇ ਉਦਯੋਗ ਵਿੰਗ ਵੱਲੋਂ ਵਪਾਰੀਆਂ-ਕਾਰੋਬਾਰੀਆਂ ਨਾਲ ਆਯੋਜਿਤ ਭਰਵੀਂਆਂ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨਾਂ ਨਾਲ ਪਾਰਟੀ ਦੇ ਸੁਨਾਮ ਤੋਂ ਅਮਨ ਅਰੋੜਾ ਅਤੇ ਧੂਰੀ ਤੋਂ ਉਮੀਦਵਾਰ ਜਸਵੀਰ ਸਿੰਘ ਜੱਸੀ ਸੇਖੋਂ, ਵਪਾਰ, ਟ੍ਰਾਂਸਪੋਰਟ ਅਤੇ ਉਦਯੋਗ ਵਿੰਗ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਅਰੋੜਾ ਅਤੇ ਹੋਰ ਆਗੂ ਮੌਜੂਦ ਸਨ।
ਸੰਜੇ ਸਿੰਘ ਨੇ ਕਿਹਾ ਕਿ ਕੋਈ ਵੀ ਸੂਬਾ ਅਤੇ ਦੇਸ਼ ਵਪਾਰੀਆਂ, ਕਾਰੋਬਾਰੀਆਂ ਅਤੇ ਸਨਅਤਕਾਰਾਂ ਬਗੈਰ ਆਰਥਿਕ ਤਰੱਕੀ ਨਹੀਂ ਕਰ ਸਕਦਾ। ਵਪਾਰੀ-ਕਾਰੋਬਾਰੀ ਰਾਜ ਦੇ ਖਜਾਨੇ ਨੂੰ ਭਰਨ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ, ਜਿਸ ਕਾਰਨ ਸਰਕਾਰਾਂ ਆਮ ਜਨਤਾ ਲਈ ਕਲਿਆਣਕਾਰੀ ਸਹੂਲਤਾਂ ਦੇ ਪਾਉਂਦੀਆਂ ਹਨ। ਉਨਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਅਕਾਲੀਆਂ ਅਤੇ ਕਾਂਗਰਸੀਆਂ ਦੀਆਂ ਨਖਿੱਧ ਸਰਕਾਰਾਂ ਨੇ ਪੰਜਾਬ ਦੇ ਵਪਾਰੀਆਂ, ਕਾਰੋਬਾਰੀਆਂ ਅਤੇ ਸਨਅਤਕਾਰਾਂ ਦੀਆਂ ਮੰਗਾਂ ਨੂੰ ਦਰਕਿਨਾਰ ਕਰਕੇ ਪੰਜਾਬ ਵਿੱਚ ਵਪਾਰ ਕਰਨ ਨੂੰ ਔਖਾ ਹੀ ਨਹੀਂ, ਬਲਕਿ ਨਾਮੁਮਕਿਨ ਬਣਾ ਦਿੱਤਾ ਹੈ, ਜਿਸ ਕਾਰਨ ਵੱਡੀ ਗਿਣਤੀ ਵਿੱਚ ਉਦਯੋਗ ਅਤੇ ਵਪਾਰੀ ਕਾਰੋਬਾਰੀ ਪੰਜਾਬ ਤੋਂ ਬਾਹਰ ਹਿਜਰਤ ਕਰ ਗਏ ਹਨ।
ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਉਪਰੰਤ ਟੈਕਸ ਭਰਨ ਵਾਲੇ ਛੋਟੇ ਅਤੇ ਮੱਧ ਵਰਗ ਦੇ ਵਪਾਰੀਆਂ ਦੀ ਸਮਾਜਿਕ ਸੁਰੱਖਿਆ ਯਕੀਨੀ ਬਣਾਈ ਜਾਵੇਗੀ। ਇਸ ਤੋਂ ਬਿਨਾਂ ਸੂਬੇ ਵਿੱਚ ਉਦਯੋਗਾਂ ਦੀ ਮਨਜੂਰੀ ਲਈ ਸਿੰਗਲ ਵਿੰਡੋ ਸਿਸਟਮ ਸ਼ੁਰੂ ਕੀਤਾ ਜਾਵੇਗਾ ਅਤੇ ਲਾਲ ਫੀਤਾਸ਼ਾਹੀ ਦੀ ਬਲੈਕਮੇਲਿੰਗ ਨੂੰ ਸਖਤੀ ਨਾਲ ਰੋਕਿਆ ਜਾਵੇਗਾ। ਪ੍ਰਾਪਰਟੀ ਦੇ ਕਾਰੋਬਾਰ ਨੂੰ ਮੁੜ ਸੁਰਜੀਤ ਕਰਨ ਲਈ ਲੋੜੀਂਦੇ ਕਦਮ ਉਠਾਏ ਜਾਣਗੇ।
ਉਨਾਂ ਕਿਹਾ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਵੈਟ ਦੀ ਦਰ 12.5 ਫੀਸਦ ਤੋਂ ਘਟਾ ਕੇ 5 ਫੀਸਦ ਤੱਕ ਕਰ ਦਿੱਤੀ ਸੀ। ਉਦਯੋਗਾਂ ਲਈ ਬਿਜਲੀ ਦੀਆਂ ਦਰਾਂ ਘਟਾ ਦਿੱਤੀਆਂ ਸਨ। ਵੈਟ ਅਤੇ ਟੈਕਸ ਦਰਾਂ ਘਟਾਉਣ ਦੇ ਬਾਵਜੂਦ ਦਿੱਲੀ ਸਰਕਾਰ ਦੇ ਖਜਾਨੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ 7 ਹਜਾਰ ਕਰੋੜ ਤੋਂ ਵੱਧ ਦਾ ਮਾਲੀਆ ਇਕੱਠਾ ਹੋਇਆ ਹੈ, ਕਿਉਂਕਿ ਇੰਸਪੈਕਟਰੀ ਰਾਜ ਦੀ ਮੁਕਤੀ ਤੋਂ ਖੁਸ਼ ਹੋਏ ਵਪਾਰੀਆਂ ਅਤੇ ਕਾਰੋਬਾਰੀਆਂ ਨੇ ਖੁਦ ਹੀ ਉਤਸ਼ਾਹ ਨਾਲ ਟੈਕਸ ਜਮਾਂ ਕਰਵਾਇਆ। ਉਨਾਂ ਕਿਹਾ ਕਿ ਇਸੇ ਤਰਜ ਉਤੇ ਵੈਟ ਆਦਿ ਸਾਰੇ ਟੈਕਸ ਘਟਾ ਕੇ ਉਦਯੋਗਾਂ ਨੂੰ ਮੁੜ ਪੁਨਰਜੀਵਿਤ ਕੀਤਾ ਜਾਵੇਗਾ ਅਤੇ ਰਾਜ ਤੋਂ ਬਾਹਰ ਗਏ ਉਦਯੋਗਾਂ ਅਤੇ ਵਪਾਰੀਆਂ ਦੀ ਵਾਪਸੀ ਲਈ ਵਿਸ਼ੇਸ਼ ਪੈਕੇਜ ਦਿੱਤੇ ਜਾਣਗੇ।
ਪੰਜਾਬ ਵਿੱਚ ਮਾਫੀਆ ਰਾਜ ਬਾਰੇ ਬੋਲਦਿਆਂ ਆਪ ਆਗੂ ਨੇ ਕਿਹਾ ਕਿ ਸੂਬੇ ਵਿੱਚ ਰੇਤ, ਬਜਰੀ ਅਤੇ ਕੁਦਰਤੀ ਸੰਸਾਧਨਾਂ ਦੀ ਲੁੱਟ ਨੂੰ ਬੰਦ ਕਰਕੇ ਇਸਦੇ ਠੇਕੇ ਬੇਰੋਜਗਾਰ ਨੌਜਵਾਨਾਂ ਨੂੰ ਦਿੱਤੇ ਜਾਣਗੇ। ਉਨਾਂ ਕਿਹਾ ਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ, ਸੋ ਖੇਤੀ ਉਤੇ ਆਧਾਰਿਤ ਉਦਯੋਗ ਇੱਥੋਂ ਦੀ ਮੁੱਖ ਮੰਗ ਅਤੇ ਸਮੇਂ ਦੀ ਲੋੜ ਹੈ। ਇਸ ਦੇ ਅਧੀਨ ਫਲਾਂ, ਸਬਜੀਆਂ ਅਤੇ ਹੋਰ ਕੱਚੇ ਮਾਲ ਨੂੰ ਤਿਆਰ ਕਰਨ ਦੀਆਂ ਇਕਾਈਆਂ ਲਗਾਈਆਂ ਜਾਣਗੀਆਂ। ਉਨਾਂ ਕਿਹਾ ਕਿ ਬਾਦਲਾਂ ਵੱਲੋਂ ਟ੍ਰਾਂਸਪੋਰਟ ਦੇ ਕਾਰੋਬਾਰ ਉਤੇ ਕੀਤੇ ਕਬਜੇ ਨੂੰ ਛੁਡਾ ਕੇ ਇਨਾਂ ਦੇ ਪਰਮਿਟ ਬੋਰੇਜਗਾਰ ਨੌਜਵਾਨਾਂ, ਸਾਬਕਾ ਫੌਜੀਆਂ, ਵਿਕਲਾਂਗ ਵਿਅਕਤੀਆਂ ਅਤੇ ਦੰਗਾਂ ਪੀੜਤ ਪਰਿਵਾਰਾਂ ਨੂੰ ਦਿੱਤੇ ਜਾਣਗੇ।
ਪ੍ਰਧਾਨ ਮੰਤਰੀ ਮੋਦੀ ਵੱਲੋਂ ਦੇਸ਼ ਵਿੱਚ ਨੋਟਬੰਦੀ ਦੇ ਨਾਂਅ ਉਤੇ ਲਗਾਈ ਐਮਰਜੈਂਸੀ ਉਤੇ ਬੋਲਦਿਆਂ ਸੰਜੇ ਸਿੰਘ ਨੇ ਕਿਹਾ ਕਿ ਇਹ ਆਮ ਆਦਮੀ ਨੂੰ ਪ੍ਰੇਸ਼ਾਨ ਕਰਨ ਅਤੇ ਵੱਡੇ ਧਨਾਢਾਂ ਨੂੰ ਲਾਭ ਪਹੁੰਚਾਉਣ ਵਾਲੀ ਸਕੀਮ ਹੈ। ਉਨਾਂ ਕਿਹਾ ਕਿ ਮੋਦੀ ਜੀ ਆਪਣੇ ਮਿੱਤਰਾਂ ਅੰਬਾਨੀਆਂ, ਅਡਾਨੀਆਂ ਆਦਿ ਦੇ ਕਰਜੇ ਮੁਆਫ ਕਰਨ ਦੀ ਮੰਸ਼ਾ ਨਾਲ ਸੂਬੇ ਭਰ ਦੇ ਆਮ ਲੋਕਾਂ, ਛੋਟੇ ਅਤੇ ਮੱਧਮ ਵਪਾਰੀਆਂ ਅਤੇ ਮਜਦੂਰਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ। ਉਨਾਂ ਕਿਹਾ ਕਿ ਮੋਦੀ ਜੀ ਕਾਲੇ ਧਨ ਲਿਆਉਣ ਦੇ ਜਿਸ ਵਾਅਦੇ ਨੂੰ ਲੋਕ ਸਭਾ ਚੋਣਾਂ ਵਿੱਚ ਗਾਉਂਦੇ ਰਹੇ ਸਨ, ਉਸ ਨੂੰ ਭੁੱਲ ਕੇ ਹੁਣ ਦੇਸ਼ ਦੇ ਆਮ ਨਾਗਰਿਕਾਂ ਦੇ ਕਮਾਏ ਧਨ ਨੂੰ ਹਥਿਆਉਣ ਉਤੇ ਤੁਲ ਗਏ ਹਨ। ਉਨਾਂ ਪੁੱਛਿਆ ਕਿ ਜੇਕਰ ਆਮ ਆਦਮੀ ਪਾਰਟੀ ਕੋਲ ਦੇਸ਼ ਦੇ ਧਨਾਢਾਂ ਦੇ ਸਵਿਸ ਬੈਂਕ ਵਿੱਚ ਪਏ ਪੈਸੇ ਦੀ ਜਾਣਕਾਰੀ ਹੈ ਤਾਂ ਕੀ ਮੋਦੀ ਜੀ ਇਸ ਬਾਰੇ ਅਣਜਾਣ ਹਨ, ਜਾਂ ਉਹ ਆਪਣੇ ਚਹੇਤਿਆਂ ਖਿਲਾਫ ਕਾਰਵਾਈ ਕਰਨ ਤੋਂ ਡਰ ਰਹੇ ਹਨ।