ਚੰਡੀਗੜ੍ਹ, 22 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਜ਼ਲਦੀ ਹੀ ਪੰਜਾਬ ਦੇ ਪ੍ਰਾਪਰਟੀ ਕਾਰੋਬਾਰੀਆਂ ਤੇ ਡਿਪੋ ਹੋਲਡਰਾਂ ਨਾਲ ਮੁਲਾਕਾਤ ਕਰਨਗੇ, ਜਿਨ੍ਹਾਂ ਨੇ ਬਾਦਲਾਂ ਤੇ ਮਜੀਠੀਆਂ ਦੇ ਕੁਸ਼ਾਸਨ ਦੀਆਂ ਹੱਥਕੜੀਆਂ ਤੋਂ ਉਨ੍ਹਾਂ ਨੂੰ ਅਜ਼ਾਦ ਕਰਵਾਉਣ ਲਈ ਕਾਂਗਰਸ ਦਾ ਸਮਰਥਨ ਮੰਗਿਆ ਹੈ। ਇਥੇ ਜ਼ਾਰੀ ਬਿਆਨ, 'ਚ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਤੋਂ ਕੱਢਣ ਵਾਸਤੇ, ਕਾਨੂੰਨੀ ਦਾਇਰੇ 'ਚ ਰਹਿ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਤੇ ਇਸ ਦਿਸ਼ਾ 'ਚ ਹਰ ਸੰਭਾਵਿਤ ਕਦਮ ਚੁੱਕਣ ਦਾ ਭਰੋਸਾ ਦਿੱਤਾ ਹੈ।
ਪੰਜਾਬ ਦੇ ਪ੍ਰਾਪਰਟੀ ਕਾਰੋਬਾਰੀਆਂ ਦੇ ਇਕ ਵਫਦ ਨੇ ਪੰਜਾਬ ਕਾਲੋਨਾਈਜਰਸ ਐਂਡ ਪ੍ਰਾਪਰਟੀ ਡੀਲਰਜ਼ ਐਸੋਸੀਏਸ਼ਨ (ਰਜਿ.) ਦੇ ਬੈਨਰ ਹੇਠਾਂ ਕੁਝ ਦਿਨ ਪਹਿਲਾਂ ਪਟਿਆਲਾ ਤੋਂ ਵਿਧਾਇਕ ਮਹਾਰਾਣੀ ਪਰਨੀਤ ਕੌਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਤੇ ਉਨ੍ਹਾਂ ਦੇ ਹਿੱਤ 'ਚ ਕੰਮ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਬਾਦਲ ਪਿਓ ਪੁੱਤ ਸਮੇਤ ਬਿਕ੍ਰਮਜੀਤ ਸਿੰਘ ਮਜੀਠੀਆ 'ਤੇ ਰਿਅਲ ਅਸਟੇਟ ਸੈਕਟਰ ਨਾਲ ਧੋਖਾ ਕਰਨ ਤੇ ਲੁੱਟਣ ਦਾ ਦੋਸ਼ ਲਗਾ ਕੇ ਇਸ ਖੇਤਰ ਨੂੰ ਮੁੜ ਖੜ੍ਹਾ ਕਰਨ ਲਈ ਕਲੋਨੀਆਂ ਨੂੰ ਰੈਗੁਲਰ ਕਰਨ ਦਾ ਉਨ੍ਹਾਂ ਤੋਂ ਭਰੋਸਾ ਮੰਗਿਆ ਸੀ।
ਇਕ ਹੋਰ ਮੀਟਿੰਗ 'ਚ, ਸੂਬੇ ਦੇ ਡਿਪੋ ਹੋਲਡਰਾਂ ਦੇ ਇਕ ਵਫਦ ਨੇ ਪਰਨੀਤ ਨੂੰ ਦੱਸਿਆ ਸੀ ਕਿ ਪੰਚਾਂ-ਸਰਪੰਚਾਂ ਤੇ ਖੁਰਾਕ ਅਤੇ ਸੁਪਲਾਈ ਵਿਭਾਗ ਦੇ ਇੰਸਪੈਕਟੋਰੇਟ ਸਟਾਫ 'ਚ ਮਿਲੀਭੁਗਤ ਕਰਕੇ ਉਹ ਉਨ੍ਹਾਂ ਨੂੰ ਮਿੱਲਣ ਵਾਲੀ ਥੋੜ੍ਹੀ ਬਹੁਤ ਕਮਿਸ਼ਨ ਨੂੰ ਵੀ ਖੋਹ ਚੁੱਕੇ ਹਨ। ਡਿਪੋ ਹੋਲਡਰਾਂ ਨੇ 15000 ਤੋਂ 20000 ਰੁਪਏ ਤੱਕ ਦਾ ਤੈਅ ਮਾਸਿਕ ਭੱਤਾ ਦਿੱਤੇ ਜਾਣ ਦੀ ਮੰਗ ਕੀਤੀ ਸੀ, ਕਿਉਂਕਿ ਨੈਸ਼ਨਲ ਫੂਡ ਸਿਕਿਓਰਿਟੀ ਐਕਟ ਡਿਪੋ ਹੋਲਡਰਾਂ ਨੂੰ ਕੋਈ ਵੀ ਤਨਖਾਹ ਨਹੀਂ ਮੁਹੱਈਆ ਕਰਵਾਉਂਦਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਸੱਤਾ 'ਚ ਵਾਪਿਸ ਆਉਣ ਤੋਂ ਬਾਅਦ ਉਹ ਦੋਨਾਂ ਵਰਗਾਂ, ਪ੍ਰਾਪਰਟੀ ਕਾਰੋਬਾਰੀਆਂ ਤੇ ਡਿਪੋ ਹੋਲਡਰਾਂ ਦੀਆਂ ਸਮੱਸਿਆਵਾਂ ਦਾ ਕਾਨੂੰਨੀ ਹੱਲ ਲੱਭਣਗੇ ਤੇ ਪੁਖਤਾ ਕਰਨਗੇ ਕਿ ਉਨ੍ਹਾਂ ਦੇ ਬਿਜਨੇਸ ਤੇ ਕੰਮ ਮੁੜ ਚੱਲਣ। ਉਨ੍ਹਾਂ ਨੇ ਪੰਜਾਬ ਦੇ ਸਾਰੇ ਵਰਗਾਂ ਦੇ ਚੇਹਰਿਆਂ 'ਤੇ ਮੁਸਕਾਨ ਫਿਰ ਵਾਪਿਸ ਲਿਆਉਣ ਤੇ ਬਾਦਲਾਂ ਦੇ ਕੁਸ਼ਾਸਨ 'ਚ ਬੰਦ ਹੋਣ ਲਈ ਮਜ਼ਬੂਰ ਹੋਏ ਉਦਯੋਗਾਂ ਤੇ ਹੋਰ ਕਾਰੋਬਾਰਾਂ ਨੂੰ ਮੁੜ ਪੱਟੜੀ 'ਤੇ ਵਾਪਿਸ ਲਿਆਉਣ ਦੀ ਵਚਨਬੱਧਤਾ ਦੁਹਰਾਈ ਹੈ।