ਮਾਨਸਾ/ਝਨੀਰ/ ਸਰਦੂਲਗੜ੍ਹ, 20 ਦਸੰਬਰ, 2016 : ਪੰਜਾਬ ਅੰਦਰ ਹੋਣ ਵਾਲੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦਾ ਖਾਤਾ ਤੱਕ ਨਹੀ ਖੁੱਲੇਗਾ, ਕਿਉਂਕਿ ਆਮ ਆਦਮੀ ਪਾਰਟੀ ਝੂਠ ਦੀ ਬੁਨਿਆਦ 'ਤੇ ਖੜ੍ਹੀ ਹੈ ਅਤੇ ਕਾਂਗਰਸ ਦਾ ਪੰਜਾਬ ਵਿੱਚ ਪਹਿਲਾਂ ਤੋਂ ਹੀ ਕੋਈ ਆਧਾਰ ਨਹੀ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਭਾਰਤ ਸਰਕਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਮਲਕਪੁਰ ਖਿਆਲਾਂ , ਝੂਨੀਰ ਅਤੇ ਸਰਦੂਲਗੜ੍ਹ ਵਿਖੇ ਨੰਨੀ ਛਾਂ ਸਕੀਮ ਤਹਿਤ ਸਿਲਾਈ ਮਸ਼ੀਨਾਂ ਦੀ ਵੰਡ ਕਰਨ ਮੌਕੇ ਲੋਕਾਂ ਦੇ ਭਰਵੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਆਗੂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਕਿਹਾ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਜਿੰਨੇ ਵਿਕਾਸ ਕਾਰਜ ਅਤੇ ਸਕੀਮਾਂ ਸ਼੍ਰੋਮ੍ਹਣੀ ਅਕਾਲੀ ਦਲ ਤੇ ਭਾਜਪਾ ਗਠਜੋੜ ਨੇ ਲਾਗੂ ਕੀਤੀਆਂ ਹਨ ਇੰਨੀਆਂ ਕਦੇ ਵੀ ਕਿਸੇ ਹੋਰ ਸਰਕਾਰ ਵੇਲੇ ਨਾ ਤਾਂ ਬਣੀਆਂ ਅਤੇ ਨਾ ਹੀ ਲਾਗੂ ਹੋਈਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਹਿੱਤਾਂ 'ਤੇ ਜੇਕਰ ਕੋਈ ਰਾਜਸੀ ਪਾਰਟੀ ਪਹਿਰਾ ਦੇ ਸਕਦੀ ਹੈ ਤਾਂ ਉਹ ਸਿਰਫ ਤੇ ਸਿਰਫ ਸ਼੍ਰੋਮਣੀ ਅਕਾਲੀ ਦਲ-ਭਾਜਪਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਉਜੱਵਲ ਸਕੀਮ ਦੇ ਤਹਿਤ 9 ਲੱਖ ਤੋਂ ਵਧੇਰ ਗਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਮੁਫਤ ਗੈਸ ਕਿੱਟਾਂ ਮੁਹੱਈਆ ਕਰਵਾਈਆ ਜਾ ਰਹੀਆ ਹਨ। ਉਨ੍ਹਾਂ ਕੇਂਦਰ ਵੱਲੋਂ ਨੋਟਬੰਦੀ ਸਬੰਧੀ ਕੀਤੇ ਗਏ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਫੈਸਲਾ ਨੇੜ ਭਵਿੱਖ ਵਿੱਚ ਲੋਕਾਂ ਲਈ ਲਾਭਦਾਇਕ ਸਾਬਤ ਹੋਵੇਗਾ।
ਆਪਣੇ ਅੱਜ ਦੇ ਦੌਰੇ ਦੌਰਾਨ ਬੀਬਾ ਹਰਸਿਮਰਤ ਕੌਰ ਬਾਦਲ ਨੇ ਨੰਨੀ ਛਾਂ ਸਕੀਮ ਤਹਿਤ ਮਾਨਸਾ ਜ਼ਿਲ੍ਹੇ ਦੇ ਪਿੰਡ ਮਲਕਪੁਰ ਖਿਆਲਾਂ, ਬਲਾਕ ਝੂਨੀਰ ਅਤੇ ਸਬ ਡਵੀਜ਼ਨ ਸਰਦੂਲਗੜ੍ਹ ਵਿਖੇ ਕੁੱਲ 648 ਲੜਕੀਆਂ ਨੂੰ ਸਿਲਾਈ ਮਸ਼ੀਨਾਂ ਭੇਟ ਕੀਤੀਆਂ ਜਿਸ ਵਿੱਚੋਂ ਮਾਨਸਾ ਲਈ 155 ਅਤੇ ਪਿੰਡ ਝੂਨੀਰ ਲਈ 352 ਅਤੇ ਸਰਦੂਲਗੜ੍ਹ ਵਿਖੇ 141 ਲੜਕੀਆਂ ਨੂੰ ਸਿਲਾਈ ਮਸ਼ੀਨਾਂ ਭੇਂਟ ਕੀਤੀਆ। ਉਨ੍ਹਾਂ ਪ੍ਰੋਗਰਾਮ ਮੌਕੇ ਲੜਕੀਆਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਸੁਚੇਤ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਰਾਜ ਦੇ ਸਾਰੇ ਜ਼ਿਲਿਆਂ ਵਿੱਚ ਇਸ ਮੁਹਿੰਮ ਤਹਿਤ ਸਿਲਾਈ ਕਢਾਈ ਸੈਂਟਰ ਸਥਾਪਤ ਕੀਤੇ ਗਏ ਹਨ ਤਾਂ ਜੋ ਲੜਕੀਆਂ ਸਵੈ ਰੁਜ਼ਗਾਰ ਦੇ ਸਮਰੱਥ ਹੋ ਸਕਣ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਂਟਰਾਂ ਦੇ ਰਾਹੀਂ 9 ਹਜ਼ਾਰ ਤੋਂ ਵੱਧ ਲੋੜਵੰਦ ਲੜਕੀਆਂ ਸਿਖਲਾਈ ਹਾਸਲ ਕਰਕੇ ਆਪਣੇ ਪੈਰਾਂ 'ਤੇ ਖੜ੍ਹਨ ਦੇ ਸਮਰੱਥ ਬਣ ਗਈਆਂ ਹਨ । ਉਨ੍ਹਾਂ ਕਿਹਾ ਕਿ ਸਮਾਜ ਅੰਦਰ ਦਹੇਜ਼ ਲੈਣ ਅਤੇ ਦੇਣ ਵਰਗੀ ਮਾੜੀ ਸਮਾਜਿਕ ਬੁਰਾਈ ਦਾ ਡਟਵਾਂ ਵਿਰੋਧ ਕਰਨ ਲਈ ਹਰੇਕ ਲੜਕੀ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ।
Êਪ੍ਰੋਗਰਾਮ ਦੌਰਾਨ ਮੈਂਬਰ ਰਾਜ ਸਭਾ ਮੈਂਬਰ ਸ. ਬਲਵਿੰਦਰ ਸਿੰਘ ਭੂੰਦੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਸੂਬੇ ਅੰਦਰ ਲਾਮਿਸਾਲ ਵਿਕਾਸ ਕਰਵਾਇਆ ਹੈ ਜਿਸਨੂੰ ਪੰਜਾਬ ਦੇ ਲੋਕ ਬਾਖੂਬੀ ਢੰਗ ਨਾਲ ਜਾਣਦੇ ਹਨ। ਉਨ੍ਹਾਂ ਕਿਹਾ ਸਿੱਖਿਆ, ਸੜਕਾਂ, ਪਾਣੀ, ਸੀਵਰੇਜ਼ ਅਤੇ ਲੋਕ ਭਲਾਈ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਹਰੇਕ ਫੈਸਲਾ ਕਰਨਾ ਅਕਾਲੀ ਭਾਜਪਾ ਸਰਕਾਰ ਦਾ ਮੁੱਖ ਏਜੰਡਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਸ .ਪਰਕਾਸ ਸਿੰਘ ਬਾਦਲ ਨੂੰ ਵਿਕਾਸ ਦੇ ਮਸੀਹਾ ਦੱਸਦਿਆਂ ਕਿਹਾ ਕਿ ਜਿੰਨੀ ਚਿੰਤਾ ਸ. ਬਾਦਲ ਨੂੰ ਪੰਜਾਬ ਅਤੇ ਪੰਜਾਬੀਆਂ ਦੀ ਹੈ ਸਾਇਦ ਹੀ ਕਿਸੇ ਹੋਰ ਸਿਆਸੀ ਪਾਰਟੀ ਨੂੰ ਹੋਵੇ।
ਇਸ ਮੌਕੇ ਵਿਧਾਇਕ ਮਾਨਸਾ ਪ੍ਰੇਮ ਕੁਮਾਰ ਮਿੱਤਲ, ਸੀਨੀਅਰ ਅਕਾਲੀ ਆਗੂ ਜਗਦੀਪ ਸਿੰਘ ਨੱਕਈ, ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਐਸ.ਐਸ.ਪੀ ਮੁਖਵਿੰਦਰ ਸਿੰਘ ਭੁੱਲਰ, ਹਲਕਾ ਇੰਚਾਰਜ ਦਿਲਰਾਜ ਸਿੰਘ ਭੂੰਦੜ, ਚੇਅਰਮੈਨ ਜ਼ਿਲ੍ਹਾ ਪਰਿਸ਼ਦ ਸੁਖਦੇਵ ਸਿੰਘ ਚੰਨੇਵਾਲ, ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿਹਾਤੀ ਗੁਰਮੇਲ ਸਿੰਘ ਫਫੜੇ ਭਾਈ ਕੇ, ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਦਿਹਾਤੀ ਅਵਤਾਰ ਸਿੰਘ ਰਾੜਾ, ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ ਸਿਮਰਜੀਤ ਕੌਰ ਸਿੰਮੀ, ਜ਼ਿਲ੍ਹਾ ਪ੍ਰਧਾਨ ਇਸਤਰੀ ਅਕਾਲੀ ਦਲ ਦਿਹਾਤੀ ਬਲਬੀਰ ਕੌਰ, ਮੈਂਬਰ ਐਸ.ਜੀ.ਪੀ.ਸੀ ਗੁਰਪ੍ਰੀਤ ਕੌਰ ਝਿੱਬਰ, ਏ.ਡੀ.ਸੀ ਵਿਕਾਸ ਹਰਿੰਦਰ ਸਿੰਘ ਸਰਾਂ, ਅਨਮੋਲਪ੍ਰੀਤ ਸਿੰਘ ਪੀ.ਏ ਟੂ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ, ਨਿਰਪਿੰਦਰ ਸਿੰਘ, ਅਮਨਪ੍ਰੀਤ ਕੌਰ ਔਲਖ ਸਮੇਤ ਹੋਰ ਆਗੂ ਤੇ ਅਧਿਕਾਰੀ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।