ਚੰਡੀਗੜ੍ਹ, 5 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਸਰਕਾਰ ਨੂੰ ਤੁਰੰਤ ਬਰਖਾਸਤ ਕੀਤੇ ਜਾਣ ਦੀ ਮੰਗ ਕਰਦਿਆਂ ਕਿਹਾ ਹੈ ਕਿ ਸਰਕਾਰ ਦਾ ਫਾਜ਼ਿਲਕਾ ਜੇਲ੍ਹ ਦੀ ਘਟਨਾ ਨਾਲ ਪੂਰੀ ਤਰ੍ਹਾਂ ਭਾਂਡਾਫੋੜ ਹੋ ਚੁੱਕਾ ਹੈ, ਜਿਥੇ ਬੁੱਧਵਾਰ ਨੂੰ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਜ਼ਦੀਕੀ ਨੂੰ ਅਕਾਲੀਆ ਨਾਲ ਸਬੰਧਤ ਦੋ ਦਰਜਨ ਹੋਰ ਅਪਰਧੀਆਂ ਨਾਲ ਮੀਟਿੰਗ ਕਰਦਿਆਂ ਪਾਇਆ ਗਿਆ।
ਕੈਪਟਨ ਅਮਰਿੰਦਰ ਨੇ ਪੈਸੇ ਤੇ ਤਾਕਤ ਦੇ ਖੁਲ੍ਹੇਆਮ ਪ੍ਰਦਰਸ਼ਨ ਅਤੇ ਸੂਬੇ ਅੰਦਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਕਾਨੂੰਨ ਤੇ ਵਿਵਸਥਾ ਦੀ ਸਥਿਤੀ 'ਤੇ ਵਰ੍ਹਦਿਆਂ, ਸੂਬੇ 'ਚ ਸੁਤੰਤਰ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਰਾਸ਼ਟਰਪਤੀ ਸ਼ਾਸਨ ਲਗਾਏ ਜਾਣ ਦੀ ਮੰਗ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਘਟਨਾ ਨੇ ਸੂਬੇ ਅੰਦਰ ਵੱਡੇ ਪੱਧਰ 'ਤੇ ਅਪਰਾਧਿਕ ਮਾਫੀਆ ਨਾਲ ਬਾਦਲਾਂ ਤੇ ਉਨ੍ਹਾਂ ਦੇ ਸਾਥੀਆਂ ਦੀ ਮਿਲੀਭੁਗਤ ਨੂੰ ਸਾਹਮਣੇ ਲਿਆ ਦਿੱਤਾ ਹੈ। ਉਨ੍ਹਾਂ ਨੇ ਇਸ ਘਟਨਾ ਦੀ ਇਕ ਕੇਂਦਰੀ ਏਜੰਸੀ ਪਾਸੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਸ਼ਿਵ ਲਾਲ ਡੋਡਾ ਦੇ ਸੁਖਬੀਰ ਨਾਲ ਨਜ਼ਦੀਕੀ ਸਬੰਧਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕੇਸ 'ਚ ਮੁੱਖ ਦੋਸ਼ੀ ਡੋਡਾ ਸਾਫ ਤੌਰ 'ਤੇ ਡਿਪਟੀ ਮੁੱਖ ਮੰਤਰੀ ਦੇ ਵਫਾਦਾਰ ਵਜੋਂ ਕੰਮ ਕਰਦਿਆਂ, ਉਨ੍ਹਾਂ ਵੱਲੋਂ ਦੋ ਦਰਜਨ ਲੋਕਾਂ ਨਾਲ ਮੀਟਿੰਗ ਕਰ ਰਿਹਾ ਸੀ, ਜਿਨ੍ਹਾਂ ਦੇ ਵੀ ਅਕਾਲੀਆਂ ਨਾਲ ਨਜ਼ਦੀਕੀ ਸਬੰਧ ਮੰਨੇ ਜਾਂਦੇ ਹਨ ਅਤੇ ਇਸ ਦੌਰਾਨ ਉਹ ਫੜਿਆ ਗਿਆ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿ ਪੂਰੇ ਮਾਮਲੇ 'ਚ ਸੁਖਬੀਰ ਦੀ ਮਿਲੀਭੁਗਤ ਸਾਫ ਤੌਰ 'ਤੇ ਸਾਹਮਣੇ ਆ ਚੁੱਕੀ ਹੈ ਅਤੇ ਉਹ ਆਪਣੇ ਅਹੁਦੇ 'ਤੇ ਬਣੇ ਰਹਿਣ ਦੇ ਸਾਰੇ ਨੈਤਿਕ ਅਧਿਕਾਰ ਖੋਹ ਚੁੱਕੇ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਜਾਣਨਾ ਮਹੱਤਵਪੂਰਨ ਹੈ ਕਿ ਕਿਵੇਂ ਪੈਸੇ ਤੇ ਹਥਿਆਰ ਜੇਲ੍ਹ ਕੰਪਲੈਕਸ ਅੰਦਰ ਗਏ ਤੇ ਅਜਿਹਾ ਸਰਕਾਰੀ ਉੱਚ ਪੱਧਰ ਦੀ ਸ਼ਮੂਲੀਅਤ ਬਗੈਰ ਨਹੀਂ ਹੋ ਸਕਦਾ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਜ਼ੇਲ੍ਹ ਦੇ ਸੀ.ਸੀ.ਟੀ.ਵੀ ਫੁਟੇਜ ਇਸ ਗੱਲ ਦੀ ਜਾਂਚ ਕਰਨ ਲਈ ਕਬਜੇ 'ਚ ਲਏ ਜਾਣੇ ਚਾਹੀਦੇ ਹਨ ਕਿ ਕਿਵੇਂ ਲੋਕਾਂ ਨੂੰ ਅੰਦਰ ਮੋਬਾਇਲ ਫੋਨ, ਹਥਿਆਰ ਤੇ ਪੈਸੇ ਰੱਖਣ ਦੀ ਇਜ਼ਾਜਤ ਦਿੱਤੀ ਗਈ ਹੈ ਤੇ ਕਿਉਂ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਉਨ੍ਹਾਂ ਨੇ ਮਾਮਲੇ 'ਚ ਅਪਰਾਧਿਕ ਉਲੰਘਣ, ਭ੍ਰਿਸ਼ਟਾਚਾਰ, ਗੈਰ ਕਾਨੂੰਨੀ ਤਰੀਕੇ ਨਾਲ ਮੀਟਿੰਗ ਕਰਨ ਸਮੇਤ ਮੋਬਾਇਲ ਫੋਨ ਰੱਖਦ ਲਈ ਆਈ.ਟੀ ਐਕਟ ਹੇਠ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ।
ਕੈਪਟਨ ਅਮਰਿੰਦਰ ਨੇ ਇਕ ਕਾਂਗਰਸੀ ਆਗੂ ਦੀ ਸੂਚਨਾ 'ਤੇ ਚੋਣ ਕਮਿਸ਼ਨ ਵੱਲੋਂ ਤੁਰੰਤ ਕਾਰਵਾਈ ਕਰਦਿਆਂ, ਛਾਪਾਮਾਰੀ ਕੀਤੇ ਜਾਣ ਦੀ ਸ਼ਲਾਘਾ ਕੀਤੀ ਹੈ ਅਤੇ ਜ਼ੇਲ੍ਹ ਅਫਸਰਾਂ ਖਿਲਾਫ ਵੀ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਇਸ ਲੜੀ ਹੇਠ ਛਾਪੇ ਵੇਲੇ ਵੱਡੀ ਮਾਤਰਾ 'ਚ ਹਥਿਆਰ ਤੇ ਨੋਟ ਪਾਏ ਜਾਣ ਦਾ ਜ਼ਿਕਰ ਕਰਦਿਆਂ, ਜਦੋਂ ਡੋਡਾ ਜੇਲ੍ਹ ਕੰਪਲੈਕਸ 'ਚ ਇਕ ਮੀਟਿੰਗ ਕਰ ਰਿਹਾ ਸੀ, ਕੈਪਟਨ ਅਮਰਿੰਦਰ ਨੇ ਕਿਹਾ ਕਿ ਟ੍ਰਾਇਲ ਦੌਰਾਨ ਜ਼ੇਲ੍ਹ 'ਚ ਬੰਦ ਸ਼ਰਾਬ ਵਪਾਰੀ ਡੋਡਾ ਦਾ ਖੁੱਲ੍ਹੇਆਮ ਅਜਿਹੀ ਗਤੀਵਿਧੀ 'ਚ ਸ਼ਾਮਿਲ ਪਾਇਆ ਜਾਣਾ ਦਰਸਾਉਂਦਾ ਹੈ ਕਿ ਕਿਸ ਹੱਦ ਤੱਕ ਅਕਾਲੀ ਸਮਰਥਕ ਮਾਫੀਆ ਦਾ ਸੂਬੇ ਦੀ ਕਾਨੂੰਨ ਤੇ ਵਿਵਸਥਾ ਦੀ ਮਸ਼ੀਨਰੀ ਉਪਰ ਸ਼ਿਕੰਜਾ ਹੈ।
ਕੈਪਟਨ ਅਮਰਿੰਦਰ ਨੇ ਮਾਮਲੇ 'ਚ ਜਵਾਬਦੇਹੀ ਤੈਅ ਕਰਨ ਲਈ ਇਕ ਕੇਂਦਰੀ ਏਜੰਸੀ ਪਾਸੋਂ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ ਅਤੇ ਦੋਸ਼ੀਆਂ ਨੂੰ ਅਜਿਹੀ ਸਜਾ ਦਿੱਤੀ ਜਾਣੀ ਚਾਹੀਦੀ ਹੈ, ਜਿਹੜੀ ਦੂਜਿਆਂ ਵਾਸਤੇ ਉਦਾਹਰਨ ਬਣ ਸਕੇ। ਉਨ੍ਹਾਂ ਨੇ ਮੀਡੀਆ ਦੀਆਂ ਉਨ੍ਹਾਂ ਖ਼ਬਰਾਂ ਦਾ ਵੀ ਜ਼ਿਕਰ ਕੀਤਾ ਹੈ ਕਿ ਜ਼ਿਲ੍ਹਾ ਪ੍ਰਸ਼ਸਨ ਚੋਣ ਕਮਿਸ਼ਨ ਤੋਂ ਪਹਿਲਾਂ ਸੂਚਨਾ ਮਿਲਣ ਦੇ ਬਾਵਜੂਦ ਕਾਰਵਾਈ ਕਰਨ 'ਚ ਨਾਕਾਮ ਰਿਹਾ। ਅਜਿਹੇ ਹਾਲਾਤਾਂ 'ਚ ਸਥਾਨਕ ਏਜੰਸੀਆਂ 'ਤੇ ਨਿਆਂ ਲਈ ਜਾਂਚ ਕਰਨ ਦਾ ਭਰੋਸਾ ਨਹੀਂ ਕੀਤਾ ਜਾ ਸਕਦਾ।
ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸ ਘਟਨਾ ਨੇ ਨਾਭਾ ਜੇਲ੍ਹ ਬ੍ਰੇਕ ਦੀ ਘਟਨਾ 'ਚ ਬਾਦਲਾਂ ਅਤੇ ਉਨ੍ਹਾਂ ਦੇ ਸਾਥੀਆਂ ਦੀ ਮਿਲੀਭੁਗਤ ਨੂੰ ਲੈ ਕੇ ਪ੍ਰਗਟਾਈ ਜਾ ਰਹੀਆ ਸ਼ੰਕਾਵਾਂ ਨੂੰ ਮਜ਼ਬੂਤ ਕਰ ਦਿੱਤਾ ਹੈ ਤੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਸੁਖਬੀਰ ਤੇ ਉਨ੍ਹਾਂ ਦੀ ਸ਼ੈਅ ਹੇਠ ਕੰਮ ਕਰਨ ਵਾਲੇ ਹੋਰ ਅਕਾਲੀ ਸੂਬੇ ਅੰਦਰ ਜੇਲ੍ਹ ਮਾਫੀਆ ਚਲਾ ਰਹੇ ਹਨ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਨਾਭਾ ਜੇਲ੍ਹ ਤੋਂ ਭੱਜੇ ਪੰਜ ਗੈਂਗਸਟਰ ਸੁਖਬੀਰ ਦੇ ਵਿਧਾਨ ਸਭਾ ਹਲਕੇ ਤੋਂ ਹਨ ਅਤੇ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਛਾਪਾਮਾਰੀ ਦੇ ਬਾਵਜੂਦ ਕੋਈ ਵੀ ਨਹੀਂ ਫੜਿਆ ਜਾ ਸਕਿਆ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲ ਸ਼ਾਸਨ 'ਚ ਅਪਰਾਧਿਕ-ਸਿਆਸੀ ਮਿਲੀਭੁਗਤ ਗਹਿਰਾਉਣ ਨਾਲ ਮੌਜ਼ੂਦਾ ਸਿਆਸੀ ਵਿਵਸਥਾ ਅਧੀਨ ਪੰਜਾਬ ਅੰਦਰ ਸੁਤੰਤਰ ਤੇ ਨਿਰਪੱਖ ਚੋਣਾਂ ਕਰਵਾਈਆ ਜਾਣੀਆਂ ਮੁਮਕਿਨ ਨਹੀਂ ਹਨ। ਜਿਨ੍ਹਾਂ ਨੇ ਚੋਣਾਂ ਸਬੰਧੀ ਸ਼ਿਸ਼ਟਾਚਾਰ ਤੇ ਲੋਕਤੰਤਰ ਨੂੰ ਬਣਾਏ ਰੱਖਣ ਲਈ ਬਾਦਲ ਸਰਕਾਰ ਨੂੰ ਤੁਰੰਤ ਬਰਖਾਸਤ ਕੀਤੇ ਜਾਣ ਤੇ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਮੰਗ ਕੀਤੀ ਹੈ।