ਚੰਡੀਗੜ੍ਹ, 6 ਦਸੰਬਰ, 2016 : ਬਾਦਲ ਪਰਿਵਾਰ ਦੀ ਮੌਜੂਦਾ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਦੁਖੀ ਆਤਮ ਹੱਤਿਆ ਕਰ ਰਹੇ ਕਿਸਾਨਾਂ ਦੇ ਨਾਲ-ਨਾਲ ਪੰਜਾਬ ਦੀਆਂ ਸੜਕਾਂ ‘ਤੇ ਬੇਲਾਗਮ ਚਲ ਰਹੀਆਂ ਬਾਦਲ ਦੀ ਟਰਾਂਸਪੋਰਟ ਕੰਪਨੀ ਦੀਆਂ ਬੱਸਾਂ ਵੀ ਆਏ ਦਿਨ ਲੋਕਾਂ ਨੂੰ ਸੜਕਾਂ ‘ਤੇ ਮੌਤ ਦੇ ਘਾਟ ਉਤਾਰ ਰਹੀਆਂ ਹਨ। ਜਿਸਦੀ ਤਾਜਾ ਮਿਸਾਲ ਹੁਸ਼ਿਆਰਪੁਰ-ਦਸੂਹਾ ਨਜਦੀਕ ਹੋਏ ਬਾਦਲ ਦੀ ਟਰਾਂਸਪੋਰਟ ਕੰਪਨੀ ਦੀ ਇਕ ਬੱਸ ਨੇ ਪਿਤਾ-ਪੁੱਤਰ ਨੂੰ ਸੜਕ ‘ਤੇ ਕੁਚਲ ਕੇ ਮੌਤ ਦੇ ਘਾਟ ਉਤਾਰ ਦਿਤਾ।
ਇਸ ਹਾਦਸੇ ਵਿਚ ਪਿਤਾ-ਪੁੱਤਰ ਦੀ ਮੌਤ ਦੇ ਗਹਿਰਾ ਦੁਖ ਜਾਹਿਰ ਕਰਦੇ ਹੋਏ ਆਮ ਆਦਮੀ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਹੈ ਕਿ ‘ਬਾਦਲਾਂ ਦੀਆਂ ਬੱਸਾਂ ਦੇ ਆਤੰਕ ਦੀ ਅੱਤ ਹੋ ਚੁੱਕੀ ਹੈ, ਇਸਦੇ ਅੰਤ ਲਈ ਬਾਦਲਾਂ ਦਾ ਰਾਜਨੀਤਕ ਅੰਤ ਵੀ ਜ਼ਰੂਰੀ ਹੋ ਗਿਆ ਹੈ। ਪੰਜਾਬ ਦੇ ਹਰ ਇੱਕ ਜਿੰਦਾ ਜਮੀਰ ਵਾਲੇ ਸ਼ਖਸ ਨੂੰ ਅਕਾਲੀ-ਭਾਜਪਾ ਦੇ ਇਸ ਮਾਫੀਆ ਰਾਜ ਦੇ ਖਿਲਾਫ ਇੱਕਜੁਟ ਹੋ ਕੇ ਝੰਡਾ ਚੁੱਕਣਾ ਹੋਵੇਗਾ।
ਮਾਨ ਨੇ ਕਿਹਾ ਕਿ 2016 ਵਿਚ ਅਨੇਕਾਂ ਅਜਿਹੇ ਬੱਸ ਹਾਦਸੇ ਹੋਏ ਹਨ ਜਿਨਾਂ ਵਿਚ ਪੀੜਤਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲੀਆ। ਉਨਾਂ ਹਾਦਸਿਆਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਬਹੁਚਰਚਿਤ ਮੋਗਾ ਓਰਬਿਟ ਬੱਸ ਕਾਂਡ ਦੇ ਪੀੜਿਤ ਪਰਿਵਾਰ ਦੇ ਇੱਕ ਹੋਰ ਮੈਂਬਰ ਵਲੋਂ ਦੋਸ਼ੀਆਂ ਨੂੰ ਪਹਿਚਾਨਣ ਤੋਂ ਇਨਕਾਰ ਕਰਨਾ, ਜਲੰਧਰ ਵਿੱਚ ਡਬਵਾਲੀ ਟਰਾਂਸਪੋਰਟ ਦੇ ਸਟਾਫ ਦੁਆਰਾ ਇੱਕ ਪੱਤਰਕਾਰ ਦੇ ਨਾਲ ਬਦਸਲੂਕੀ ਕਰਨ ਅਤੇ ਬਾਦਲ ਪਰਿਵਾਰ ਦੀ ਹੀ ਇੱਕ ਲਗਜਰੀ ਬੱਸ ਦੁਆਰਾ ਹੁਸ਼ਿਆਰਪੁਰ ਵਿੱਚ ਇੱਕ 51 ਸਾਲਾ ਸਕੂਟਰ ਸਵਾਰ ਨੂੰ ਕੁਚਲਨ ਅਤੇ ਬੀਤੇ ਦਿਨ ਹੀ ਹੁਸ਼ਿਆਰਪੁਰ-ਦਸੂਹਾ ਨਜਦੀਕ ਬਾਦਲ ਦੀ ਟਰਾਂਸਪੋਰਟ ਕੰਪਨੀ ਦੀ ਇਕ ਬੱਸ ਨੇ ਪਿਤਾ-ਪੁੱਤਰ ਨੂੰ ਸੜਕ ‘ਤੇ ਕੁਚਲ ਕੇ ਮੌਤ ਦੇ ਘਾਟ ਉਤਾਰ ਦਿਤਾ ਵਰਗੀਆਂ ਘਟੀਆਂ ਘਟਨਾਵਾਂ ਦੀ ਸਖਤ ਆਲੋਚਨਾ ਕਰਦੇ ਹੋਏ ਮਾਨ ਨੇ ਕਿਹਾ ਕਿ ਸੱਤੇ ਦੇ ਨਸ਼ੇ ਵਿੱਚ ਡੁੱਬਿਆ ਬਾਦਲ ਪਰਿਵਾਰ ਪਿਛਲੀਆਂ ਘਟਨਾਵਾਂ ਤੋਂ ਕੋਈ ਸਬਕ ਨਹੀਂ ਲੈਣਾ ਚਾਹੁੰਦਾ। ।
ਉਨਾਂ ਕਿਹਾ ਕਿ ਪੰਜਾਬ ਵਾਸੀਆਂ ਲਈ ਇਸ ਤੋਂ ਵੱਧ ਬਦਕੀਸਮਤੀ ਕੀ ਹੋਵੇਗੀ ਜਦੋਂ ਰਾਜ ਵਿੱਚ ਕਾਨੂੰਨ-ਵਿਵਸਥਾ ਨੂੰ ਲਾਗੂ ਕਰਨ ਲਈ ਜ਼ਿੰਮੇਦਾਰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਆਪਣੇ ਪਰਿਵਾਰ ਦੀਆਂ ਬੱਸਾਂ ਦਾ ਸਟਾਫ ਕਾਨੂੰਨ ਨੂੰ ਛਿੱਕੇ ਟੰਗ ਕੇ ਸੜਕਾਂ ਉੱਤੇ ਗੁੰਡਾਗਰਦੀ ਨਾਲ ਅੰਨੇ ਵਾਹ ਬੱਸਾਂ ਚਲਾ ਰਿਹਾ ਹੈ।
ਬਾਦਲਾਂ ਨੇ ਆਪਣੇ ਬੱਸ ਮਾਫੀਆ ਨੂੰ ਖੁੱਲੀ ਛੁੱਟ ਦਿੱਤੀ ਹੋਈ ਹੈ ਤਾਂਕਿ ਲੋਕ ਦਹਿਸ਼ਤ ਵਿੱਚ ਰਹਿਣ ਅਤੇ ਉਨਾਂ ਦਾ ਹਰ ਪ੍ਰਕਾਰ ਦਾ ਮਾਫੀਆ ਬੇਰੋਕ ਚੱਲਦਾ ਰਹੇ। ਨਤੀਜਨ ਬਾਦਲਾਂ ਅਤੇ ਉਨਾਂ ਦੇ ਕਰੀਬੀ ਅਕਾਲੀ-ਭਾਜਪਾ ਨੇਤਾਵਾਂ ਦੀਆਂ ਬੱਸਾਂ ਅਤੇ ਰੇਤ-ਬਜਰੀ ਢੋਣ ਵਾਲੇ ਟਿੱਪਰ-ਟਰੱਕ ਕਿਸੇ ਨਾ ਕਿਸੇ ਦੀ ਜਾਨ ਲੈਂਦੇ ਰਹਿੰਦੇ ਹਨ।
ਅੰਤ ਵਿਚ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਬਣਨ ‘ਤੇ ਬਾਦਲ ਪਰਿਵਾਰ ਅਤੇ ਉਨਾਂ ਦੇ ਕਰੀਬੀਆਂ ਵਲੋਂ ਸੱਤਾ ਦੇ ਜੋਰ ਨਾਲ ਲਏ ਅਤੇ ਵਧਾਏ ਗਏ ਬੱਸ ਪਰਮਿਟਾਂ ਦੀ ਜਾਂਚ ਕਰੇਗੀ। ਗਲਤ ਤਰੀਕੇ ਨਾਲ ਲਏ ਗਏ ਪਰਮਿਟਾਂ ਨੂੰ ਰੱਦ ਕਰਕੇ ਬੇਰੋਜਗਾਰ ਨੌਜਵਾਨਾਂ ਨੂੰ ਵੰਡਿਆ ਜਾਵੇਗਾ। ਪੰਜਾਬ ਰੋਡਵੇਜ ਅਤੇ ਪੀਆਰਟੀਸੀ ਦੀਆਂ ਬੱਸਾਂ ਦੇ ਬੇੜੇ ਨੂੰ ਵਧਾ ਕੇ ਪਿੰਡਾਂ ਅਤੇ ਦੂਰ ਦਰਾਡੇ ਦੇ ਬੰਦ ਪਏ ਸਰਕਾਰੀ ਰੂਟਾਂ ਉਤੇ ਚਲਾਇਆ ਜਾਵੇਗਾ।