ਬੰਗਾ/ਨਵਾਂਸ਼ਹਿਰ, 23 ਦਸੰਬਰ, 2016 : ਸੁਖਬੀਰ ਦੀ ਗੱਪ, ਆਪ ਦਾ ਸੱਚ’ ਮੁਹਿੰਮ ਤਹਿਤ ਅੱਜ ਆਮ ਆਦਮੀ ਪਾਰਟੀ ਨੇ ਬੰਗਾ-ਨਵਾਂਸ਼ਹਿਰ ਰੋਡ ਉਤੇ ਪਿੰਡ ਥਾਂਡੀਆਂ ਨੇੜੇ ਪ੍ਰਦਰਸ਼ਨ ਕੀਤਾ। ਜਿਕਰਯੋਗ ਹੈ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇੱਥੇ ਕੱਲ ਚਹੁੰ ਮਾਰਗੀ ਸੜਕ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਸੀ। ਇਸ ਸਬੰਧੀ ਗੱਲਬਾਤ ਕਰਦਿਆਂ ਨਵਾਂਸ਼ਹਿਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਖਾਸਕਰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਚੋਣਾਂ ਨੂੰ ਨੇੜੇ ਵੇਖਦਿਆਂ ਹੋਇਆਂ ਵਿਕਾਸ ਦਾ ਝੂਠਾ ਪ੍ਰਚਾਰ ਕਰ ਰਹੇ ਹਨ। ਇਸੇ ਲੜੀ ਤਹਿਤ ਹੀ ਪੰਜਾਬ ਵਿੱਚ ਥਾਂ-ਥਾਂ ਉਤੇ ਵੱਡੇ ਵੱਡੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਪ੍ਰੰਤੂ ਇਨਾਂ ਪ੍ਰੋਜੈਕਟਾਂ ਸਬੰਧੀ ਧਰਾਤਲ ਉਤੇ ਕੁੱਝ ਵੀ ਨਜਰ ਨਹੀਂ ਆਉਂਦਾ।
ਚੰਨੀ ਨੇ ਕਿਹਾ ਕਿ ਉਦਹਰਣ ਵਜੋਂ ਸੁਖਬੀਰ ਸਿੰਘ ਬਾਦਲ ਦੁਆਰਾ ਰੱਖੇ ਇਸ ਪ੍ਰੋਜੈਕਟ ਦਾ ਸਰਕਾਰੀ ਰਿਕਾਰਡ ਵਿੱਚ ਕੁੱਝ ਵੀ ਨਹੀਂ ਮਿਲਦਾ। ਜੰਗਲਾਤ ਵਿਭਾਗ ਤੋਂ ਇਕੱਤਰ ਕੀਤੀ ਜਾਣਕਾਰੀ ਦੇ ਅਨੁਸਾਰ ਸੜਕ ਨੂੰ ਚੌੜਾ ਕਰਨ ਤੋਂ ਪਹਿਲਾਂ ਕੱਟੇ ਜਾਣ ਵਾਲੇ ਦਰਖਤਾਂ ਸਬੰਧੀ ਅਜੇ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ, ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਸੁਖਬੀਰ ਬਾਦਲ ਦਾ ਇਹ ਪ੍ਰੋਜੈਕਟ ਉਸਦੀ ਗੱਪ ਤੋਂ ਵੱਧ ਕੁੱਝ ਨਹੀਂ ਹੈ।
ਚੰਨੀ ਨੇ ਕਿਹਾ ਕਿ ਸੁਖਬੀਰ ਬਾਦਲ ਪੰਜਾਬ ਵਿੱਚ ਗੱਪੀ ਦੇ ਨਾਂਅ ਨਾਲ ਮਸ਼ਹੂਰ ਹੈ ਅਤੇ ਉਹ ਸਟੇਜਾਂ ਤੋਂ ਵੱਡੇ-ਵੱਡੇ ਦਾਅਵੇ ਕਰਨ ਤੋਂ ਪਹਿਲਾਂ ਉਸ ਸਬੰਧੀ ਘੋਖ ਪੜਤਾਲ ਨਹੀਂ ਕਰਦਾ। ਉਦਾਰਹਣ ਵਜੋਂ ਸੁਖਬੀਰ ਬਾਦਲ ਦੁਆਰਾ ਪੰਜਾਬ ਵਿੱਚ ਪਾਣੀ ਵਾਲੀ ਬੱਸ ਚਲਾਈ ਜਾਣ ਵਾਲੀ ਗੱਪ ਨੂੰ ਪੂਰਾ ਕਰਨ ਲਈ ਛੱਡੇ ਵਾਧੂ ਪਾਣੀ ਕਾਰਨ ਖੇਤਰ ਦੇ ਕਿਸਾਨਾਂ ਦੀਆਂ ਸੈਂਕੜੇ ਏਕੜ ਫਸਲਾਂ ਤਬਾਹ ਹੋ ਗਈਆਂ ਹਨ।
ਸੈਕਟਰ ਇੰਚਾਰਜ ਰਾਜਿੰਦਰ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਮੰਤਰੀ ਨਿਤਿਨ ਗਡਕਰੀ ਵੀ ਇਸੇ ਪ੍ਰੋਜੈਕਟ ਦਾ ਨੀਂਹ ਪੱਥਰ ਰੱਖ ਚੁੱਕੇ ਹਨ, ਪ੍ਰੰਤੂ ਇਸ ਸਬੰਧੀ ਧਰਾਤਲ ਉਤੇ ਕੁੱਝ ਵੀ ਨਹੀਂ ਕੀਤਾ ਗਿਆ. ਉਨਾਂ ਕਿਹਾ ਕਿ ਜਾਂ ਤਾਂ ਸੁਖਬੀਰ ਬਾਦਲ ਨੂੰ ਆਪਣੇ ਗਠਜੋੜ ਦੀ ਸਰਕਾਰ ਦੇ ਮੰਤਰੀ ਦੁਆਰਾ ਨੀਂਹ ਪੱਥਰ ਰੱਖੇ ਪ੍ਰੋਜੈਕਟ ਉਪਰ ਵਿਸ਼ਵਾਸ਼ ਨਹੀਂ, ਜਾਂ ਫਿਰ ਚੋਣਾਂ ਨੂੰ ਨਜਦੀਕ ਵੇਖਦਿਆਂ ਹੋਇਆਂ ਇੱਕੋ ਪ੍ਰੋਜੈਕਟ ਨੂੰ ਵਾਰ-ਵਾਰ ਦੋਹਰਾ ਕੇ ਵਾਹ-ਵਾਹੀ ਖੱਟਣਾ ਚਾਹੁੰਦੇ ਹਨ।
ਸ਼ਰਮਾ ਨੇ ਕਿਹਾ ਕਿ ਇਲਾਕੇ ਤੇ ਸਮੂਹ ਪੰਜਾਬ ਦੇ ਨਿਵਾਸੀ ਸੁਖਬੀਰ ਬਾਦਲ ਦੀਆਂ ਸ਼ੇਖ-ਚਿੱਲੀ ਵਾਲੀਆਂ ਫੜਾਂ ਤੋਂ ਭਲੀ-ਭਾਂਤੀ ਵਾਕਿਫ ਹਨ ਅਤੇ ਆਉਂਦਾਂ 2017 ਦੀਆਂ ਚੋਣਾਂ ਵਿੱਚ ਅਕਾਲੀ ਦਲ ਨੂੰ ਮੂੰਹ ਨਹੀਂ ਲਾਉਣਗੇ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਆਉਣ ਵਾਲੇ ਸਮੇਂ ਵਿੱਚ ਵੀ ‘ਸੁਖਬੀਰ ਦਾ ਗੱਪ, ਆਪ ਦਾ ਸੱਚ’ਮੁਹਿੰਮ ਤਹਿਤ ਸੁਖਬੀਰ ਬਾਦਲ ਦੇ ਅਜਿਹੇ ਝੂਠੇ ਵਾਅਦਿਆਂ ਨੂੰ ਬੇਨਕਾਬ ਕਰਦੀ ਰਹੇਗੀ।