ਚੰਡੀਗੜ੍ਹ, 28 ਨਵੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀ ਲਿੱਖ ਕੇ ਨਾਭਾ ਜੇਲ੍ਹ ਤੋੜਨ ਦੀ ਘਟਨਾ ਦੇ ਮੱਦੇਨਜ਼ਰ ਬਾਦਲ ਸਰਕਾਰ ਨੂੰ ਤੁਰੰਤ ਬਰਖਾਸਤ ਕਰਨ ਅਤੇ ਪੰਜਾਬ 'ਚ ਰਾਸ਼ਟਰਪਤੀ ਸ਼ਾਸਨ ਕੀਤੇ ਜਾਣ ਦੀ ਮੰਗ ਕੀਤੀ ਹੈ।
ਇਕ ਵੱਖਰੇ ਪੱਤਰ ਵਿਹਰ 'ਚ, ਕੈਪਟਨ ਅਮਰਿੰਦਰ ਨੇ ਮੁੱਖ ਚੋਣ ਕਮਿਸ਼ਨਰ ਡਾ. ਨਸੀਮ ਜੈਦੀ ਨੂੰ ਵੀ ਲਿੱਖ ਕੇ ਉਨ੍ਹਾਂ ਨੂੰ ਬਗੈਰ ਕਿਸੇ ਦੇਰੀ ਸੂਬੇ ਅੰਦਰ ਚੋਣ ਜਾਬਤਾ ਲਾਗੂ ਕਰਨ ਅਤੇ ਰਾਸ਼ਟਰਪਤੀ ਸ਼ਾਸਨ ਹੇਠ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਕਿਹਾ ਹੈ।
ਇਸ ਲੜੀ ਹੇਠ ਗ੍ਰਹਿ ਮੰਤਰੀ ਨੂੰ ਲਿੱਖੀ ਚਿੱਠੀ 'ਚ, ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਚੋਣਾਂ ਨਜ਼ਦੀਕ ਆ ਰਹੀਆਂ ਹਨ, ਜਿਨ੍ਹਾਂ ਚ ਇਨ੍ਹਾਂ ਦੀ ਜਿੱਤਣ ਦੀ ਸੰਭਾਵਨਾ ਬਹੁਤ ਘੱਟ ਹੈ ਅਤੇ ਇਹ ਸੂਬੇ 'ਚ ਸਰਕਾਰ ਬਣਾਏ ਰੱਖਣ ਵਾਸਤੇ ਸਮੁਦਾਆਂ ਨੂੰ ਵੰਡਣ ਦੀ ਕੋਸ਼ਿਸ਼ ਕਰਨਗੇ।
ਕੈਪਟਨ ਅਮਰਿੰਦਰ ਨੇ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਨਾਲ, ਭਾਗਵਤ ਗੀਤਾ ਤੇ ਪਵਿੱਤਰ ਕੁਰਾਨ ਦੀ ਬੇਅਦਬੀ ਸਮੇਤ ਪੰਜਾਬ ਭਰ 'ਚ ਇਸੇ ਤਰ੍ਹਾਂ ਦੀਆਂ ਕਈ ਘਟਨਾਵਾਂ ਦੇ ਰੂਪ 'ਚ, ਬਾਦਲ ਸਰਕਾਰ ਵੱਲੋਂ ਸਮੁਦਾਆਂ ਨੁੰ ਵੰਡਣ ਵਾਸਤੇ ਵੱਧ ਤੋਂ ਵੱਧ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਨੇ ਡੀ.ਜੀ.ਪੀ ਵੱਲੋਂ ਲੋਕਾਂ ਵਿਚਾਲੇ ਕੀਤੇ ਗਏ ਖੁਲਾਸੇ ਦਾ ਵੀ ਜ਼ਿਕਰ ਕੀਤਾ ਹੈ ਕਿ ਕਾਨੂੰਨ ਦੇ ਡਰ ਬਗੈਰ ਸੂਬੇ 'ਚ 52 ਹਥਿਆਰਬੰਦ ਗਿਰੋਹ ਕੰਮ ਕਰ ਰਹੇ ਹਨ, ਜਿਹੜਾ ਨਾਭਾ ਜੇਲ੍ਹ ਤੋੜਨ ਦੀ ਘਟਨਾ ਤੋਂ ਸਾਬਤ ਹੁੰਦਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਸਮੁਦਾਆਂ ਨੂੰ ਵੰਡਣ ਦੀਆਂ ਅਜਿਹੀਆਂ ਕੋਸ਼ਿਸ਼ਾਂ ਅਕਾਲੀਆਂ ਦੀ ਕਾਰਜਪ੍ਰਣਾਲੀ ਦਾ ਹਿੱਸਾ ਹੈ। ਜਿਨ੍ਹਾਂ ਨੇ ਸੂਬੇ 'ਚ ਸ਼ਾਂਤੀ ਕਾਇਮ ਰੱਖਣ ਵਾਸਤੇ ਬਾਦਲ ਸਰਕਾਰ ਨੂੰ ਬਰਖਾਸਤ ਕੀਤੇ ਜਾਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਉਨ੍ਹਾਂ ਦਾ ਮੰਨਣਾ ਹੈ ਕਿ ਅਜਿਹਾ ਨਾ ਹੋਣ 'ਤੇ ਮੁੱਦਾ ਵੱਧ ਜਾਵੇਗਾ ਅਤੇ ਹਾਲਾਤ ਭਿਆਨਕ ਰੂਪ ਧਾਰਨ ਕਰ ਸਕਦੇ ਹਨ।
ਇਸੇ ਤਰ੍ਹਾਂ, ਕੈਪਟਨ ਅਮਰਿੰਦਰ ਨੇ ਮੁੱਖ ਚੋਣ ਕਮਿਸ਼ਨਰ ਨੂੰ ਪੰਜਾਬ ਦੇ ਹਾਲਾਤਾਂ 'ਤੇ ਗੰਭੀਰ ਨੋਟਿਸ ਲੈਣ ਦੀ ਅਪੀਲ ਕੀਤੀ ਹੈ ਅਤੇ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਹੇਠ ਨਿਰਪੱਖ ਤੇ ਸੁਤੰਤਰ ਚੋਣਾਂ ਕਰਵਾਉਣ ਲਈ ਚੋਣ ਜਾਬਤਾ ਲਾਗੂ ਕਰਨ ਲਈ ਤੁਰੰਤ ਕਦਮ ਚੁੱਕਣ ਵਾਸਤੇ ਕਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਨਾਭਾ ਦੀ ਜੇਲ੍ਹ ਤੋੜਨ ਦੀ ਘਟਨਾ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ 'ਚ ਹਿੰਸਾ ਨੂੰ ਲੈ ਕੇ ਕਾਂਗਰਸ ਦੇ ਪਹਿਲੇ ਪੱਖ ਨੂੰ ਸਾਬਤ ਕਰਦੀ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਬਾਦਲ ਸ਼ਾਸਨ 'ਚ ਸੂਬੇ 'ਚ ਹਥਿਆਰਬੰਦ ਗਿਰੋਹ ਅਜ਼ਾਦ ਘੁੰਮ ਰਹੇ ਹਨ, ਜਿਨ੍ਹਾਂ ਨੇ ਪੁਲਿਸ ਫੋਰਸਾਂ ਦਾ ਪੁਲਿਸ ਤਰ੍ਹਾਂ ਨਾਲ ਸਿਆਸੀਕਰਨ ਕਰ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਪੰਜਾਬ ਦੇ ਮੌਜ਼ੂਦਾ ਹਾਲਾਤ ਸੁਤੰਤਰ ਤੇ ਨਿਰਪੱਖ ਹੋਣਾਂ ਕਰਵਾਉਣ ਲਈ ਉਚਿਤ ਨਹੀਂ ਹੈ। ਉਨ੍ਹਾਂ ਨੂੰ ਡਰ ਹੈ ਕਿ ਹਾਲਾਤ ਚੋਣਾਂ ਨਜ਼ਦੀਕ ਆਉਣ ਦੇ ਨਾਲ ਹੋਰ ਵੀ ਬਿਗੜਨਗੇ, ਅਜਿਹੇ 'ਚ ਸਥਿਤੀ ਗੰਭੀਰ ਰੂਪ ਧਾਰਲ ਕਰਨ ਤੋਂ ਪਹਿਲਾਂ ਤੁਰੰਤ ਕਦਮ ਚੁੱਕੇ ਜਾਣ ਦੀ ਲੋੜ ਹੈ।
ਕੈਪਟਨ ਅਮਰਿੰਦਰ ਨੇ ਮੁੱਖ ਚੋਣ ਕਮਿਸ਼ਨਰ ਤੋਂ ਤੁਰੰਤ ਦਖਲ ਦੇਣ ਦੀ ਮੰਗ ਕਰਦਿਆਂ, ਕਿਹਾ ਕਿ ਇਸ ਮਾਮਲੇ 'ਚ ਕਿਸੇ ਵੀ ਤਰ੍ਹਾਂ ਦੀ ਦੇਰੀ ਚੋਣਾਂ ਦੇ ਮਾਹੌਲ ਨੂੰ ਹੋਰ ਖ਼ਰਾਬ ਕਰੇਗੀ। ਸੂਬੇ ਦਾ ਲੋਕਤਾਂਤਰਿਕ ਢਾਂਚਾ ਖਤਰੇ 'ਚ ਹੈ ਅਤੇ ਸਿਰਫ ਤੁਹਾਡੀ ਤੁਰੰਤ ਦਖਲ ਹੀ ਇਸਨੂੰ ਬਦਤਰ ਹੋਣ ਤੋਂ ਰੋਕ ਸਕਦੀ ਹੈ।