ਚੰਡੀਗੜ, 18 ਦਸੰਬਰ, 2016 : ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ-ਭਾਜਪਾ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਨੂੰ ਕੱਚੇ ਕਾਮਿਆਂ, ਠੇਕਾ ਅਧਾਰਿਤ ਮੁਲਾਜਮਾਂ ਨੂੰ ਪੱਕਾ ਕਰਨ ਸੰਬੰਧੀ ਬੋਲੇ ਜਾ ਰਹੇ ਝੂਠ ਦੀ ਅਲੋਚਨਾ ਕੀਤੀ। ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਰਨ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਜੇ ਬਾਦਲ ਸਰਕਾਰ ਸਹੀ ਅਰਥਾਂ ਵਿਚ 27 ਹਜਾਰ ਠੇਕਾ ਅਧਾਰਿਤ ਮੁਲਾਜਮਾਂ ਨੂੰ ਪੱਕੇ ਕਰਨ ਬਾਰੇ ਗੰਭੀਰ ਹੁੰਦੀ ਤਾਂ ਉਹ ਅਜਿਹਾ ਕੰਮ ਆਪਣੇ 10 ਸਾਲ ਤੋਂ ਚਲੀ ਆ ਰਹੀ ਸਰਕਾਰ ਦੇ ਸ਼ੁਰੂ ਵਿਚ ਹੀ ਕਰ ਦਿੰਦੇ।
ਵੜੈਚ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਠੇਕਾ ਅਧਾਰਿਤ ਨੌਕਰੀਆਂ ਦੇ ਖਿਲਾਫ ਰਹੀ ਹੈ ਅਤੇ 27 ਹਜਾਰ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਗੱਲ ਦਾ ਸਮਰਥਨ ਕਰਦੀ ਹੈ। ਉਨਾਂ ਕਿਹਾ ਕਿ ਪਾਰਟੀ ਬਾਦਲ ਸਰਕਾਰ ਦੁਆਰਾ ਚੋਣਾਂ ਤੋਂ ਇਕ ਮਹੀਨੇ ਪਹਿਲਾਂ ਕੀਤੇ ਅਜਿਹੇ ਐਲਾਨ ਉਤੇ ਯਕੀਨ ਨਾ ਕਰਦੇ ਹੋਏ ਇਸ ਪਿਛੇ ਕੀਤੀ ਜਾ ਰਹੀ ਰਾਜਨੀਤੀ ਦੀ ਅਲੋਚਨਾ ਕਰਦੀ ਹੈ।
ਵੜੈਚ ਨੇ ਕਿਹਾ, ‘‘ਕਈ ਮਹੀਨੀਆਂ ਤੋਂ ਠੇਕੇ ਅਧਾਰਤ ਮੁਲਾਜਮ ਆਪਣੀਆਂ ਨੌਕਰੀਆਂ ਨੂੰ ਪੱਕਾ ਕਰਨ ਦੀ ਮੰਗ ਤਹਿਤ ਪੰਜਾਬ ਭਰ ਦੀਆਂ ਪਾਣੀਆਂ ਦੀਆਂ ਟੈਂਕੀਆਂ ਉਤੇ ਚੜੇ ਹੋਏ ਹਨ ਅਤੇ ਬਾਦਲ ਸਰਕਾਰ ਪਿਛਲੇ 10 ਸਾਲਾਂ ਤੋਂ ਉਨਾਂ ਦੀਆਂ ਗੱਲਾਂ ਸੁਣਨ ਦੀ ਬਜਾਏ ਪੁਲਿਸ ਦੀਆਂ ਲਾਠੀਆਂ ਰਾਹੀਂ ਉਨਾਂ ਦੀ ਅਵਾਜ ਨੂੰ ਬੰਦ ਕਰ ‘ਤੇ ਤੁਲੀ ਹੋਈ ਹੈ। ਜਦੋਂ ਵੀ ਠੇਕੇ ਅਧਾਰਿਤ ਕਰਮਚਾਰੀਆਂ ਦਾ ਵਫਦ ਮੁੱਖ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਨਾਂ ਨੂੰ ਲਾਠੀਆਂ ਦੁਆਰਾ ਕੁਟਵਾਇਆ ਅਤੇ ਪਾਣੀ ਦੇ ਬੌਛਾਰਾਂ ਦੁਆਰਾ ਭਜਾਇਆ ਜਾਂਦਾ ਹੈ।’’
ਆਪ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਇਹ ਭਲੀਭਾਂਤੀ ਜਾਣਦੀ ਸੀ ਕਿ ਉਨਾਂ ਦੁਆਰਾ ਕੱਚੇ ਕਰਮਚਾਰੀਆਂ ਨੂੰ ਪੱਕੇ ਕਰਨ ਸੰਬੰਧੀ ਰਾਜਪਾਲ ਨੂੰ ਭੇਜਿਆਂ ਗਿਆ ਆਰਡੀਨੇਂਸ ਕਦੇ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ ਅਤੇ ਇਹ ਸਿਰਫ ਕੱਚੇ ਮੁਲਾਜਮਾਂ ਨੂੰ ਮੂਰਖ ਬਣਾਉਣ ਦੇ ਮਕਸਦ ਨਾਲ ਭੇਜਿਆ ਗਿਆ ਸੀ। ਉਨਾਂ ਕਿਹਾ ਕਿ ਮੌਜੂਦਾ ਗਵਰਨਰ ਅਕਾਲੀ ਭਾਜਪਾ ਦੀ ਸਰਪ੍ਰਸਤੀ ਦੀ ਕੇਂਦਰ ਸਰਕਾਰ ਨੇ ਪੰਜਾਬ ਵਿਚ ਭੇਜਿਆ ਹੈ।
ਵੜੈਚ ਨੇ ਕਿਹਾ ਕਿ ਬਾਦਲ ਸਰਕਾਰ ਦੁਆਰਾ 27 ਹਜਾਰ ਕਾਮਿਆਂ ਨੂੰ ਪੱਕੇ ਕਰਨ ਸੰਬੰਧੀ ਪੰਜਾਬੀ ਵਿਧਾਨ ਸਭਾ ਦਾ ਸਪੈਸ਼ਲ ਸ਼ੈਸਨ ਬੁਲਾਉਣਾ ਵੀ ਇਸ ਮੁੱਦੇ ਉਤੇ ਰਾਜਨੀਤਿਕ ਰੋਟੀਆਂ ਸੇਕਣ ਤੋਂ ਬਿਨਾ ਕੁਝ ਨਹੀਂ ਹੈ। ਉਨਾਂ ਕਿਹਾ ਕਿ ਬਾਦਲਾਂ ਦੁਆਰਾ ਵੱਖ ਵੱਖ ਸਰਵੇ ਰਿਪੋਰਟਾਂ ਵਿਚ ਅਕਾਲੀ ਦਲ ਨੂੰ ਨਾ ਮਾਤਰ ਸਿਟਾਂ ਮਿਲਣ ਦੀਆਂ ਰਿਪੋਰਟਾਂ ਤੋਂ ਬਾਅਦ ਠੇਕੇ ਮੁਲਾਜਮਾਂ ਨੂੰ ਪੱਕੇ ਕਰਨ ਦਾ ਨਾਟਕ ਕੀਤਾ ਜਾ ਰਿਹਾ ਹੈ। ਪਰੰਤੂ ਪੰਜਾਬ ਦੇ ਲੋਕ ਬਾਦਲਾਂ ਤੋਂ ਵੱਧ ਸਿਆਣੇ ਹਨ ਅਤੇ ਅਜਿਹੀਆਂ ਕੋਝੀਆਂ ਚਾਲਾਂ ਨੂੰ ਭਲੀਭਾਂਤੀ ਸਮਝਦੇ ਹਨ।
ਆਪ ਆਗੂ ਨੇ ਕਿਹਾ ਕਿ ਬਾਦਲਾਂ ਨੂੰ ਇਹ ਭਲੀਭਾਂਤੀ ਸਮਝ ਲੈਣਾ ਚਾਹੀਦਾ ਹੈ ਕਿ ਉਨਾਂ ਦੁਆਰਾ ਗਲਤ ਢੰਗ ਨਾਲ ਕੀਤੀ ਗਈ 668 ਪੰਚਾਇਤ ਸਕੱਤਰਾਂ ਦੀ ਨਿਯੁਕਤੀ ਉਤੇ ਵੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਰੋਕ ਲਗਾ ਦਿੱਤੀ ਗਈ ਹੈ।
ਵੜੈਚ ਨੇ ਕਿਹਾ ਕਿ 2017 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੌਜੂਦਾ ਸਾਰੇ ਠੇਕੇ ਅਧਾਰਿਤ ਮੁਲਾਜਮਾਂ ਨੂੰ ਪੱਕੇ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵੱਖ ਵੱਖ ਚੋਣ ਮੈਨੀਫੈਸਟੋ ਵਿਚ ਆਪ ਇਹ ਵਾਅਦਾ ਪਹਿਲਾਂ ਹੀ ਕਰ ਚੁੱਕੀ ਹੈ ਕਿ ਪੰਜਾਬ ਵਿਚੋਂ ਠੇਕੇ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਜਾਵੇਗਾ ਅਤੇ ਸਾਰੀਆਂ ਨਿਯੁਕਤੀਆਂ ਪੱਕੇ ਤੌਰ ‘ਤੇ ਕੀਤੀਆਂ ਜਾਣਗੀਆਂ।