ਬੀਬੀ ਸਤਵੰਤ ਕੌਰ ਦੇ ਬਤੌਰ ਸਹਾਇਕ ਡਾਇਰੈਕਟਰ (ਵਿਦਿਆ) ਸੇਵਾ ਸੰਭਾਲਣ 'ਤੇ ਸਿਰੋਪਾਓ ਦੇ ਕੇ ਉਨ੍ਹਾਂ ਦਾ ਸਨਮਾਨ ਕਰਦੇ ਹੋਏ ਸ੍ਰ. ਹਰਚਰਨ ਸਿੰਘ ਮੁੱਖ ਸਕੱਤਰ, ਸ੍ਰ. ਅਵਤਾਰ ਸਿੰਘ ਸਕੱਤਰ, ਸ਼੍ਰੋਮਣੀ ਕਮੇਟੀ, ਸ਼੍ਰੀਮਤੀ ਵੰਦਨਾ ਨਰੂਲਾ ਡਿਪਟੀ ਡਾਇਰੈਕਟਰ (ਵਿਦਿਆ) ਅਤੇ ਹੋਰ।
ਚੰਡੀਗੜ੍ਹ, 24 ਦਸੰਬਰ, 2016 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸ਼੍ਰੋਮਣੀ ਕਮੇਟੀ ਦੀ ਸਰਪ੍ਰਸਤੀ ਹੇਠ ਚਲ ਰਹੇ ਸਕੂਲਾਂ ਦੇ ਸਮੁੱਚੇ ਪ੍ਰਬੰਧਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਅਤੇ ਪ੍ਰਬੰਧਕੀ ਅਮਲੇ ਨੂੰ ਹੋਰ ਚੁਸਤ-ਦਰੁਸਤ ਕਰਨ ਲਈ ਬੀਬੀ ਸਤਵੰਤ ਕੌਰ ਨੂੰ ਉਨ੍ਹਾਂ ਦੀ ਵਿਦਿਅਕ ਯੋਗਤਾ, ਚੰਗੀ ਕਾਰਗੁਜ਼ਾਰੀ ਅਤੇ ਪ੍ਰਬੰਧਕੀ ਕੁਸ਼ਲਤਾ ਸਦਕਾ ਬਤੌਰ ਸਹਾਇਕ ਡਾਇਰੈਕਟਰ ਵਿਦਿਆ ਨਿਯੁਕਤ ਕੀਤਾ ਗਿਆ ਹੈ।
ਅੱਜ ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਚੰਡੀਗੜ੍ਹ ਵਿਖੇ ਸਥਿਤ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦੇ ਦਫ਼ਤਰ ਵਿੱਚ ਬੀਬੀ ਸਤਵੰਤ ਕੌਰ ਨੇ ਬਤੌਰ ਸਹਾਇਕ ਡਾਇਰੈਕਟਰ (ਵਿਦਿਆ) ਸੇਵਾ ਸੰਭਾਲੀ।ਬੀਬੀ ਸਤਵੰਤ ਕੌਰ ਨੇ ਕਿਹਾ ਕਿ ਮੈਨੂੰ ਇਹ ਸੇਵਾ ਦਾ ਮੌਕਾ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੇਰੇ ਤੇ ਭਰੋਸਾ ਪ੍ਰਗਟ ਕੀਤਾ ਹੈ ਤੇ ਮੇਰੀ ਪੁਰਜੋਰ ਕੋਸ਼ਿਸ਼ ਹੋਵੇਗੀ ਕਿ ਮੈਂ ਉਨ੍ਹਾਂ ਦੇ ਭਰੋਸੇ 'ਤੇ ਪੂਰਾ ਉਤਰਾ।ਉਨ੍ਹਾਂ ਨੇ ਕਿਹਾ ਕਿ ਮੇਰੀ ਇਸ ਨਿਯੁਕਤੀ 'ਤੇ ਮੈਂ, ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਪ੍ਰਧਾਨ ਸਾਹਿਬ ਦਾ ਵਿਸ਼ੇਸ਼ ਧੰਨਵਾਦ ਕਰਦੀ ਹਾਂ।ਪੰਥਕ ਹਲਕਿਆਂ ਵੱਲੋਂ ਬੀਬੀ ਸਤਵੰਤ ਕੌਰ ਦੀ ਇਸ ਨਿਯੁਕਤੀ 'ਤੇ ਖੁਸ਼ੀ ਜਾਹਿਰ ਕੀਤੀ ਗਈ ਹੈ।ਇਸ ਮੌਕੇ ਸ੍ਰ. ਹਰਚਰਨ ਸਿੰਘ ਮੁੱਖ ਸਕੱਤਰ, ਸ੍ਰ. ਅਵਤਾਰ ਸਿੰਘ ਸਕੱਤਰ, ਸ਼੍ਰੋਮਣੀ ਕਮੇਟੀ, ਸ਼੍ਰੀਮਤੀ ਵੰਦਨਾ ਨਰੂਲਾ ਡਿਪਟੀ ਡਾਇਰੈਕਟਰ (ਵਿਦਿਆ) ਅਤੇ ਹੋਰ ਹਾਜਰ ਸਨ।