ਪਿੰਡ ਜਜਲਾਪੁਰਾ ਵਿਖੇ 66 ਕੇ ਵੀ ਬਿਜਲੀ ਸਬ ਸਟੇਸ਼ਨ ਦਾ ਉਦਘਾਟਨ ਕਰਦੇ ਹੋਏ ਸ: ਬਿਕਰਮ ਸਿੰਘ ਮਜੀਠੀਆ। ਉਹਨਾਂ ਨਾਲ ਡਾਇਰੈਕਟ ਵੰਡ ਇੰਜੀ: ਕੇ ਐਸ ਸ਼ਰਮਾ, ਚੀਫ ਇੰਜੀ: ਜਗਜੀਤ ਸਿੰਘ ਸੁਚੂ, ਜਥੇਦਾਰ ਸੰਤੋਖ ਸਿੰਘ ਸਮਰਾ ਤੇ ਹੋਰ।
ਮਜੀਠਾ, 21 ਨਵੰਬਰ, 2016 : ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੀ ਡੁੱਬ ਰਹੀ ਬੇੜੀ ਨੂੰ ਪਾਰ ਲੰਘਾਉਣ ਲਈ ਅੱਕੀ ਪਲਾਹੀ ਹੱਥ ਮਾਰ ਰਿਹਾ ਹੈ ਕਿ ਕਿਵੇਂ ਤਿਵੇਂ ਔਖੇ ਸੌਖੇ ਇੱਕ ਵਾਰ ਮੁੱਖ ਮੰਤਰੀ ਬਣਨ ਤੇ ਸਤਾ ਲਈ ਤਰਲੋਮੱਛੀ ਹੋ ਰਿਹਾ ਹੈ। ਪਰ ਜਿਸ ਦਾ ਸਾਰਾ ਧਿਆਨ ਹੀ ਬਾਡਰ ਤੋਂ ਪਾਰ ਲਗਾ ਰਹਿੰਦਾ ਹੋਵੇ ਅਜਿਹੇ ਸ਼ਖਸ ਨੂੰ ਪੰਜਾਬ ਦੇ ਲੋਕ ਕਦੀ ਵੀ ਮੌਕਾ ਨਹੀਂ ਕਰਨਗੇ।
ਸ: ਮਜੀਠੀਆ ਅੱਜ ਹਲਕਾ ਮਜੀਠਾ ਦੇ ਪਿੰਡ ਜਲਾਲਪੁਰਾ ਵਿਖੇ 5 ਕਰੋੜ ਦੀ ਲਾਗਤ ਨਾਲ ਨਵੇਂ ਉੱਸਾਰੇ ਗਏ 66 ਕੇ ਵੀ ਬਿਜਲੀ ਸਬ ਸਟੇਸ਼ਨ ਦਾ ਉਦਘਾਟਨ ਕਰਨ ਆਏ ਸਨ। ਕੈਪਟਨ ਵੱਲੋਂ ਸਮਾਰਟ ਫੋਨ ਵੰਡਣ ਸਬੰਧੀ ਟਿੱਪਣੀ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਕੈਪਟਨ ਦੇ ਲਾਰਿਆਂ ਦੇ ਮਾੜੇ ਰਿਕਾਰਡ ਬਾਰੇ ਪੰਜਾਬ ਦੇ ਲੋਕ ਚੰਗੀ ਤਰਾਂ ਜਾਣੂ ਹਨ। ਕੈਪਟਨ ਨੇ ਪਹਿਲਾਂ ਵੀ ਕਿਸਾਨਾਂ ਅਤੇ ਦਲਿਤ ਵਰਗ ਨੂੰ ਫਰੀ ਬਿਜਲੀ ਜਾਰੀ ਰੱਖਣ ਦੀ ਗਲ ਕੀਤੀ ਸੀ ਪਰ ਸਤਾ 'ਚ ਆਉਂਦਿਆਂ ਹੀ ਕਿਸਾਨਾਂ ਦੀਆਂ ਮੋਟਰਾਂ ਅਤੇ ਦਲਿਤਾਂ ਨੂੰ ਦਿੱਤੀ ਗਈ ਫਰੀ ਬਿਜਲੀ ਦੀ ਸਹੂਲਤ ਬੰਦ ਕਰਦਿਤੀ ਸੀ।
ਆਵਾਜ਼ ਏ ਪੰਜਾਬ ਦੇ ਖੇਰੂੰ ਖੇਰੂੰ ਹੋਣ ਬਾਰੇ ਪੁੱਛੇ ਜਾਣ 'ਤੇ ਸ: ਮਜੀਠੀਆ ਨੇ ਕਿਹਾ ਕਿ ਇਹ ਲੋਕ ਮੌਕਾਪ੍ਰਸਤ ਅਤੇ ਸੌਦੇਬਾਜ਼ ਹਨ, ਜਿਨ੍ਹਾਂ ਦੀ ਨਾ ਕੋਈ ਵਿਚਾਰਧਾਰਾ ਹੈ ਤੇ ਨਾ ਹੀ ਕਿਸੇ ਸੋਚ ਨਾਲ ਜੁੜੇ ਹੋਏ ਹਨ। ਉਹਨਾਂ ਕਿਹਾ ਕਿ ਬੈਂਸ ਭਰਾਵਾਂ ਨੇ ਮਹਿਜ਼ ਦੋ ਟਿਕਟਾਂ ਬਦਲੇ ਪੰਜਾਬ ਦੇ ਹਿਤਾਂ ਨਾਲ ਖਿਲਵਾੜ ਕਰਨ ਵਾਲੇ ਅਤੇ ਪੰਜਾਬ ਦੇ ਦੁਸ਼ਮਣ ਜਮਾਤ ਨਾਲ ਸੌਦੇਬਾਜ਼ੀ ਕਰ ਲਈ।ਉਹਨਾਂ ਕਿਹਾ ਕਿ ਬੈਂਸ ਭਰਾ ਤਾਂ ਪਾਣੀਆਂ ਦੇ ਰਾਇਲਟੀ ਦੀ ਗਲ ਕਰਦੇ ਸੀ, ਪਰ ਜਿਸ ਕੇਜਰੀਵਾਲ ਨਾਲ ਇਹ ਹੁਣ ਤੁਰ ਗਏ ਹਨ ਉਹ ਤਾਂ ਪੰਜਾਬ ਨੂੰ ਕੋਈ ਰਾਇਲਟੀ ਨਹੀਂ ਦੇ ਰਹੇ ਹਨ, ਸਗੋਂ ਪੰਜਾਬ ਦਾ ਪਾਣੀ ਖੋਹਣ ਦੀ ਵਕਾਲਤ ਕਰ ਰਹੇ ਹਨ। ਪਾਣੀ ਜਿਸ 'ਤੇ ਪੰਜਾਬ ਦੀ ਅਰਥਵਿਵਸਥਾ ਅਤੇ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਨਿਰਭਰ ਹੈ।ਫਿਰ ਵੀ ਪਤਾ ਨਹੀਂ ਇਹ ਲੋਕ ਪੰਜਾਬ ਦੀ ਸਤਾ ਦਾ ਸੁਪਨਾ ਕਿਵੇਂ ਦੇਖ ਰਹੇ ਹਨ। ਉਹਨਾਂ ਕਿਹਾ ਕਿ ਕਿ ਪੰਜਾਬ ਨਾਲ ਧੋਖਾ ਕਰਨ ਵਾਲੇ ਕੇਜਰੀਵਾਲ ਦੀ ਜ਼ੁਬਾਨ ਦਾ ਇਲਾਜ ਵੀ ਪੰਜਾਬੀ ਹੀ ਕਰਨਗੇ, ਜਿਵੇਂ ਪਾਕਿਸਤਾਨੀ ਅਤੇ ਬਾਹਰੀ ਹਮਲਾਵਰਾਂ ਦਾ ਕਰਦੇ ਆਏ ਹਨ। ਪੰਜਾਬ ਦੇ ਲੋਕ ਕੇਜਰੀਵਾਲ ਦਾ ਨਾ ਕੇਵਲ ਮੂੰਹ ਬੰਦ ਕਰਨਗੇ ਸਗੋਂ ਉਸ ਨੂੰ ਪਿੰਜਰੇ 'ਚ ਵੀ ਬੰਦ ਕਰ ਕੇ ਭੇਜਣਗੇ।
ਉਹਨਾਂ ਕਿਹਾ ਕਿ ਕੈਪਟਨ ਅਤੇ ਕੇਜਰੀਵਾਲ ਜੋ ਕਹਿੰਦੇ ਸਨ ਕਿ ਚੋਣਾਂ 'ਚ ਕਿਸੇ ਦਾ ਸਾਥ ਨਹੀਂ ਲਿਆ ਜਾਵੇਗਾ, ਅੱਜ ਇਹੀ ਲੋਕ ਦੂਜਿਆਂ ਨੂੰ ਆਪਣੇ 'ਚ ਸ਼ਾਮਿਲ ਕਰਾਉਣ ਲਈ ਉਹਨਾਂ ਦੇ ਪਿੱਛੇ ਭਜ ਰਹੇ ਹਨ। ਅੱਜ ਇਹਨਾਂ ਫੌੜ੍ਹੀਆਂ ਦੀ ਲੋੜ ਪੈ ਗਈ ਜਿਨ੍ਹਾਂ ਨੇ ਇਹ ਮਹਿਸੂਸ ਕਰ ਲਿਆ ਹੋਇਆ ਹੈ ਕਿ ਪੰਜਾਬ ਵਿੱਚ ਹੁਣ ਉਹਨਾਂ ਲਈ ਕੋਈ ਥਾਂ ਨਹੀਂ।
ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਤਰੱਕੀ ਖੁਸ਼ਹਾਲੀ ਅਤੇ ਵਿਕਾਸ ਦੀ ਗਤੀ ਨੂੰ ਕਾਇਮ ਰੱਖਣ ਲਈ ਅਕਾਲੀ ਦਲ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਉਸ ਦੀ ਆਵਾਜ਼ ਹਲਕਾ ਮਜੀਠਾ, ਮਾਝਾ ਅਤੇ ਪੰਜਾਬ ਲਈ ਹਮੇਸ਼ਾਂ ਉੱਠਦੀ ਰਹੇਗੀ।
ਉਹਨਾਂ ਕਿਹਾ ਕਿ ਵਿਰੋਧੀ ਖ਼ਜ਼ਾਨਾ ਖਾਲੀ ਦਾ ਰੱਟ ਲਗਾਉਂਦੇ ਰਹੇ ਤੇ ਅਸੀਂ ਪੂਰੇ ਵਿਸ਼ਵਾਸ ਨਾਲ ਵਿਕਾਸ ਕਾਰਜਾਂ 'ਚ ਤੇਜੀ ਲਿਆਉਦੇ ਰਹੇ। ਉਹਨਾਂ ਵਿਰੋਧੀਆਂ 'ਤੇ ਚੁਟਕੀ ਲੈਂਦਿਆਂ ਕਿਹਾ ਕਿ ਖ਼ਜ਼ਾਨਾ ਖਾਲੀ ਹੋਣ 'ਤੇ ਵੀ ਸ੍ਰੀ ਦਰਬਾਰ ਸਾਹਿਬ ਦਾ ਪਲਾਜ਼ਾ, ਸ਼ਾਨਦਾਰ ਰਸਤਾ ਤਾਮੀਲ ਕਰਾਉਣਾ ਅਤੇ ਰਾਮ ਤੀਰਥ ਨੂੰ ਸੁੰਦਰ ਦਿਖ ਪ੍ਰਦਾਨ ਕਰਨ ਤੋਂ ਇਲਾਵਾ ਕਿਸਾਨਾਂ, ਦਲਿਤਾਂ ਨੂੰ ਫਰੀ ਬਿਜਲੀ ਅਤੇ ਆਟਾ ਦਾਲ , ਸ਼ਗਨ ਸਕੀਮ ਅਤੇ ਸਿਹਤ ਬੀਮਾ ਯੋਜਨਾਵਾਂ ਆਦਿ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਲਾਗੂ ਕਰਾਉਣਾ ਕਿਸੇ ਕ੍ਰਿਸ਼ਮੇ ਤੋਂ ਘਟ ਨਹੀਂ ਹਨ। ਉਹਨਾਂ ਕਿਹਾ ਕਿ ਅੱਜ ਪ੍ਰਸ਼ਾਸਨ ਅਤੇ ਭਰਤੀ ਆਦਿ ਵਿੱਚ ਪਾਰਦਰਸ਼ਤਾ ਸਰਕਾਰ ਦੀਆਂ ਪ੍ਰਾਪਤੀਆਂ ਹਨ।ਉਹਨਾਂ ਕਿਹਾ ਕਿ ਕਿਸੇ ਸਮੇਂ ਰਾਜ ਨੂੰ ਬਿਜਲੀ ਸਰਪਲੱਸ ਬਣਾਉਣ ਦੀ ਗਲ ਸ: ਸੁਖਬੀਰ ਸਿੰਘ ਬਾਦਲ ਨੇ ਰੱਖੀ ਤਾਂ ਵਿਰੋਧੀਆਂ ਨੇ ਇਸ ਗਲ ਦਾ ਮਜ਼ਾਕ ਉਡਾਇਆ ਅੱਜ ਸ: ਬਾਦਲ ਨੇ ਵਾਅਦਾ ਪੂਰਾ ਕਰਦਿਆਂ ਪੰਜਾਬ ਨੂੰ ਬਿਜਲੀ ਸਰਪਲੱਸ ਬਣ ਕੇ ਵਿਰੋਧੀਆਂ ਨੂੰ ਮੂੰਹ ਤੋੜਵਾਂ ਜਵਾਬ ਦੇ ਦਿੱਤਾ ਹੈ।
ਸ: ਮਜੀਠੀਆ ਨੇ ਦੱਸਿਆ ਕਿ ਮਜੀਠਾ 'ਚ ਲੋੜੀਂਦੀ ਬਿਜਲੀ ਅਤੇ ਸਪਲਾਈ 'ਚ ਸੁਧਾਰ ਲਿਆਉਣ ਲਈ ਕਰੀਬ 225 ਕਰੋੜ ਖਰਚ ਕਰਦਿਆਂ ਜੰਗੀ ਪੱਧਰ 'ਤੇ ਕੰਮ ਕੀਤੇ ਗਏ ਹਨ। ਜਿਨ੍ਹਾਂ ਵਿੱਚ ਮਜੀਠਾ ਅਤੇ ਉਦੋਕੇ ਨੂੰ ਅਪਗਰੇਡ ਕਰਦਿਆਂ 220 ਕੇ ਵੀ ਅਤੇ ਜਲਾਲਪੁਰਾ, ਸੋਹੀਆਂ ਕਲਾਂ ਦਬੁਰਜੀ, ਮੱਤੇਵਾਲ, ਨਾਗ ਕਲਾਂ, ਵਡਾਲਾ ਵੀਰਮ, ਅਤੇ ਢੱਡੇ 'ਚ 66 ਕੇ ਵੀ ਦੇ ਨਵੇਂ ਉੱਸਾਰੇ ਗਏ ਬਿਜਲੀ ਘਰ ਸ਼ਾਮਿਲ ਹਨ। ਉਹਨਾਂ ਦੱਸਿਆ ਕਿ ਹੁਣ ਤਕ ਮਜੀਠਾ ਵਿਖੇ 7 ਹਜ਼ਾਰ ਦੇ ਕਰੀਬ ਟ੍ਰਾਂਸਫਰਮਰ ਚੜ ਚੁੱਕੇ ਹਨ ਅਤੇ ਮੰਗ ਅਨੁਸਾਰ ਨਵੇਂ ਬਿਜਲੀ ਕੁਨੈਕਸ਼ਨ ਜਾਰੀ ਕੀਤੇ ਗਏ ਹਨ।
ਇਸ ਮੌਕੇ ਡਾਇਰੈਕਟ ਵੰਡ ਇੰਜੀ: ਕੇ ਐਸ ਸ਼ਰਮਾ, ਚੀਫ ਇੰਜੀ: ਜਗਜੀਤ ਸਿੰਘ ਸੁਚੂ, ਸਿਕੰਦਰ ਸਿੰਘ ਚੀਫ, ਜਥੇਦਾਰ ਸੰਤੋਖ ਸਿੰਘ ਸਮਰਾ, ਮੇਜਰ ਸ਼ਿਵੀ, ਤਲਬੀਰ ਸਿੰਘ ਗਿੱਲ, ਹਰਭੁਪਿੰਦਰ ਸ਼ਾਹ, ਸਰਬਜੀਤ ਸਪਾਰੀਵਿੰਡ, ਅਮਨਦੀਪ ਸਪਾਰੀਵਿੰਡ, ਸਰਪੰਚ ਇੰਦਰਜੀਤ ਸਿੰਘ ਜਲਾਲਪੁਰਾ, ਅਵਤਾਰ ਸਿੰਘ , ਗੁਰਦਿਆਲ ਸਿੰਘ, ਪਰਦੀਪ ਸੈਣੀ ਐਸ ਈ, ਦਵਿੰਦਰ ਕੁਮਾਰ ਸ਼ਰਮਾ, ਜੈਨੇਦਰ ਦਾਨਿਆ, , ਐਕਸੀਅਨ ਮਨਿੰਦਰਪਾਲ ਸਿੰਘ, ਇੰਦਰਜੀਤ ਸਿੰਘ ਐਕਸੀਅਨ, ਜਤਿਨ ਜਿੰਦਲ, ਜਸਦੀਪ ਧੰਜੂ, ਅਸ਼ਵਨੀ ਕੁਮਾਰ, ਗਗਨਦੀਪ ਸਿੰਘ ਭਕਨਾ, ਬੱਬੀ ਭਗਵਾਂ, ਪ੍ਰਭਦਿਆਲ ਨੰਗਲ ਪੰਨਵਾਂ, ਰਾਕੇਸ਼ ਪ੍ਰਾਸ਼ਰ ਅਤੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਆਦਿ ਮੌਜੂਦ ਸਨ।