ਚੰਡੀਗੜ੍ਹ, 1 ਦਸੰਬਰ, 2016 : ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵਲੋਂ ਗੁਰਬਾਣੀ ਦੇ ਸ਼ਬਦ ਨੂੰ ਤਰੋੜ ਮਰੋੜ ਕੇ ਇੱਕ ਮਖੌਲੀਏ ਲਹਿਜ਼ੇ ਵਿਚ ਬੋਲਣਾ ਬਹੁਤ ਨੀਚ ਦਰਜੇ ਦੀ ਹਰਕਤ ਹੈ ਜਿਸ ਨੂੰ ਕੋਈ ਸਿੱਖ ਬਰਦਾਸ਼ਤ ਨਹੀਂ ਕਰੇਗਾ। ਗੁਰਬਾਣੀ ਦੇ ਸ਼ਬਦ ਨੂੰ ਮਜ਼ਾਕੀਆ ਲਹਿਜ਼ੇ ਵਿਚ ਬੋਲਦੇ ਭਗਵੰਤ ਮਾਨ ਦੀ ਵਾਇਰਲ ਹੋਈ ਵੀਡੀਉ ਬਾਰੇ ਸ਼੍ਰੋਮਣੀ ਅਕਾਲੀ ਦੇ ਬੁਲਾਰੇ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਨੇ ਆਪਣੀ ਇਸ ਹਰਕਤ ਦੁਆਰਾ, ਆਪਣੇ ਅੰਦਰਲੇ ਸਭ ਤੋਂ ਨੀਚ ਕਿਰਦਾਰ ਨੂੰ ਆਮ ਲੋਕਾਂ ਸਾਹਮਣੇ ਪ੍ਰਗਟ ਕਰ ਦਿੱਤਾ ਹੈ।
ਉਪ ਮੁੱਖ ਮੰਤਰੀ ਦੇ ਸਲਾਹਕਾਰ ਸ: ਸਿਰਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦਰ ਕੇਜਰੀਵਾਲ ਸਮੇਤ ਸਮੁੱਚੀ ਆਪ ਲੀਡਰਸ਼ਿਪ ਧਾਰਮਿਕ ਅਤੇ ਸਮਾਜਿਕ ਨੈਤਿਕ ਕਦਰਾਂ ਕੀਮਤਾਂ ਪੱਖੋਂ ਸੌ ਫੀਸਦੀ ਅਗਿਆਨੀ ਹੈ ਜਿਸ ਕਰਕੇ ਆਪ ਵਾਲੇ ਵਾਰ-ਵਾਰ ਅਜਿਹੀਆਂ ਗਲਤੀਆਂ ਕਰਕੇ ਸਿੱਖਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਾ ਰਹੇ ਹਨ। ਗੁਰਬਾਣੀ ਦੇ ਸ਼ਬਦ ਨੂੰ ਮਖੌਲੀਏ ਢੰਗ ਨਾਲ ਬੋਲਣ ਦੀ ਹਰਕਤ ਨਾਲ ਭਗਵੰਤ ਮਾਨ ਉਹ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ ਜਿਸ ਨੂੰ ਸਿੱਖ ਹੁਣ ਬਰਦਾਸ਼ਤ ਨਹੀਂ ਕਰ ਸਕਦੇ। ਅਕਾਲੀ ਆਗੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਭਗਵੰਤ ਮਾਨ ਕਈ ਵਾਰ ਸ਼ਰਾਬ ਪੀ ਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਗਿਆ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਅੰਦਰਲੇ ਕੰਪਲੈਕਸ ਵਿਚ ਸ਼ਰਾਬ ਪੀ ਕੇ ਘੁੰਮਣ ਮੌਕੇ ਪੱਤਰਕਾਰਾਂ ਨਾਲ ਲੜਾਈ ਝਗੜਾ ਕੀਤਾ। ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਦੇ ਕਨਵੀਨਰ ਕੇਜਰੀਵਾਲ ਵਲੋਂ ਪਾਰਟੀ ਦੇ ਚੋਣ ਮੈਨੀਫੈਸਟੋ ਉਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਛਪਵਾਉਣੀ, ਅਸ਼ੀਸ ਖੇਤਾਨ ਵਲੋਂ ਚੋਣ ਮੈਨੀਫੈਸਟੋ ਦੀ ਤੁਲਨਾ ਸ੍ਰੀ ਗੁਰੁ ਗ੍ਰੰਥ ਸਾਹਿਬ ਨਾਲ ਕਰਨੀ ਅਤੇ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਸੀਸ ਗੰਜ ਦੇ ਸਦੀਆਂ ਪੁਰਾਣੇ ਪਿਆਓ ਨੂੰ ਤੋੜਨ ਆਦਿ ਦੀਆਂ ਘਿਨੌਣੀਆਂ ਕਾਰਵਾਈਆਂ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਦੇ ਲੀਡਰ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ। ਆਪ ਵਾਲੇ ਜਾਣਬੁੱਝ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ ਪਰ ਇਨ੍ਹਾਂ ਦੀਆਂ ਕਾਰਵਾਈਆਂ ਨੂੰ ਕਿਸੇ ਵੀ ਕੀਮਤ ਉਤੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ।
ਅਕਾਲੀ ਆਗੂ ਸਿਰਸਾ ਨੇ ਕਿਹਾ ਕਿ ਆਪ ਆਗੂਆਂ ਦੀ ਉਪਰੋਕਤ ਸਿੱਖ ਵਿਰੋਧੀ ਕਾਰਵਾਈਆਂ ਤੋਂ ਸਪਸ਼ਟ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਜਿੱਥੇ ਪੰਜਾਬ ਵਿਰੋਧੀ ਹੈ ਉਥੇ ਹੀ ਸਿੱਖ ਵਿਰੋਧੀ ਸੋਚ ਦੀ ਧਾਰਨੀ ਹੈ।