ਚੰਡੀਗੜ੍ਹ, 3 ਜਨਵਰੀ, 2017 : ਆਪ ਆਗੂ ਭਗਵੰਤ ਮਾਨ ਕੋਲ ਸਿਰਫ ਸਟੇਜੀ ਅਖਾੜਿਆਂ ਦਾ ਤਜਰਬਾ ਹੈ, ਚੋਣ ਅਖਾੜਿਆਂ ਦਾ ਨਹੀਂ। ਚੋਣ ਅਖਾੜੇ ਗੱਲਾਂ ਨਾਲ ਨਹੀਂ ਕੰਮਾਂ ਨਾਲ ਜਿੱਤੇ ਜਾਂਦੇ ਹਨ। ਦੋ ਘੰਟਿਆਂ ਦੀ ਸਟੇਜ ਲਗਾ ਕੇ ਚੋਣਾਂ ਨਹੀਂ ਜਿੱਤੀਆਂ ਜਾਂਦੀਆਂ। ਚੋਣਾਂ ਜਿੱਤਣ ਵਾਸਤੇ ਸਾਲਾਂ ਬੱਧੀ ਲੋਕਾਂ ਵਿਚ ਰਹਿਣਾ ਅਤੇ ਉਹਨਾਂ ਦੇ ਦੁੱਖ ਸੁੱਖ ਦੇ ਭਾਗੀਦਾਰ ਹੋਣਾ ਪੈਂਦਾ ਹੈ।
ਇਹ ਸ਼ਬਦ ਸ੍ਰæੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈਂਬਰ ਸ਼ ਸੁਖਦੇਵ ਸਿੰਘ ਢੀਂਡਸਾ ਨੇ ਇੱਥੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਹੇ। ਉਹ ਭਗਵੰਤ ਮਾਨ ਵੱਲੋਂ ਸੋਮਵਾਰ ਨੂੰ ਬਰਨਾਲਾ ਵਿਖੇ ਰੈਲੀ ਦੋਰਾਨ ਸੁਖਬੀਰ ਬਾਦਲ ਦੀ ਜ਼ਮਾਨਤ ਜ਼ਬਤ ਕਰਾਉਣ ਬਾਰੇ ਦਿੱਤੇ ਬਿਆਨ ਉੱਤੇ ਟਿੱਪਣੀ ਕਰ ਰਹੇ ਸਨ।
ਸ਼ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਇੰਨੇ ਵੱਡੇ ਆਗੂ ਹਨ ਕਿ ਉਹ ਪੰਜਾਬ ਦੇ 117 ਹਲਕਿਆਂ ਵਿਚੋਂ ਕਿਸੇ ਵੀ ਸੀਟ ਤੋਂ ਜਿੱਤ ਸਕਦੇ ਹਨ। ਭਗਵੰਤ ਮਾਨ ਆਪਣਾ ਸਟੇਜੀ ਅਖਾੜਾ ਚਮਕਾਉਣ ਲਈ ਸੁਖਬੀਰ ਬਾਦਲ ਬਾਰੇ ਪੁੱਠੇ ਸਿੱਧੇ ਬਿਆਨ ਦਿੰਦਾ ਹੈ। ਬਤੌਰ ਸਿਆਸਤਦਾਨ ਭਗਵੰਤ ਦਾ ਕੱਦ ਬਹੁਤ ਛੋਟਾ ਹੈ, ਉਸ ਨੇ ਸਿਰਫ ਦੋ ਚੋਣਾਂ ਲੜੀਆਂ ਹਨ, ਜਿਹਨਾਂ ਵਿਚੋਂ ਇੱਕ ਜਿੱਤੀ ਹੈ ਅਤੇ ਇਕ ਬੁਰੀ ਤਰ੍ਹਾਂ ਹਾਰਿਆ ਹੈ। ਬਤੌਰ ਸਾਂਸਦ ਵੀ ਉਸ ਨੇ ਕਦੀ ਆਪਣੀ ਜਿੰਮੇਵਾਰੀ ਨੂੰ ਸੁਹਿਰਦਤਾ ਅਤੇ ਗੰਭੀਰਤਾ ਨਾਲ ਨਹੀ ਨਿਭਾਇਆ।
ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਸ਼ ਸੁਖਬੀਰ ਸਿੰਘ ਬਾਦਲ ਦਾ ਸਿਆਸੀ ਰੁਤਬਾ ਭਗਵੰਤ ਮਾਨ ਤੋਂ ਕਿਤੇ ਉੱਚਾ ਹੈ। ਪਿਛਲੇ 7 ਸਾਲ ਤੋਂ ਉਹ ਬਤੌਰ ਉਪ ਮੁੱਖ ਮੰਤਰੀ ਸੂਬੇ ਦਾ ਪ੍ਰਬੰਧ ਚਲਾ ਰਹੇ ਹਨ ਅਤੇ 2008 ਤੋਂ ਉਹ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ, ਜਿਸ ਦੌਰਾਨ ਅਕਾਲੀ-ਭਾਜਪਾ ਗਠਜੋੜ ਨੂੰ ਲਗਾਤਾਰ ਦੋ ਵਾਰ ਸੱਤਾ ਦੀ ਕੁਰਸੀ ਤਕ ਪਹੁੰਚਾਇਆ ਹੈ ਅਤੇ ਇਸ ਵਾਰ ਹੈਟ੍ਰਿਕ ਦੀ ਤਿਆਰੀ ਹੈ।
ਆਪ ਆਗੂ ਦੁਆਰਾ ਦਿੱਤੇ ਬਿਆਨ ਕਿ ਨੋਟਬੰਦੀ ਤੋਂ ਬਾਅਦ ਅਕਾਲੀ ਦਲ ਨੇ ਪੰਜਾਬ ਵਿਚ ਕੋਈ ਵੱਡੀ ਰੈਲੀ ਨਹੀਂ ਕੀਤੀ, ਨੂੰ ਨਿਰਾ ਝੂਠ ਕਰਾਰ ਦਿੰਦਿਆਂ ਸ਼ ਢੀਂਡਸਾ ਨੇ ਕਿਹਾ ਕਿ ਭਗਵੰਤ ਮਾਨ ਜਾਣ ਬੁੱਝ ਕੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਰਿਹਾ ਹੈ। ਉਹਨਾਂ ਕਿਹਾ ਕਿ ਨੋਟਬੰਦੀ 8 ਨਵੰਬਰ ਨੂੰ ਲਾਗੂ ਹੋਈ ਸੀ ਅਤੇ ਅਕਾਲੀ ਦਲ ਨੇ ਪੰਜਾਬ ਦੇ ਪਾਣੀਆਂ ਨੰੂੰ ਬਚਾਉਣ ਲਈ ਸਭ ਤੋਂ ਵੱਡੀ 'ਪਾਣੀ ਬਚਾਓ,ਪੰਜਾਬ ਬਚਾਓ ਰੈਲੀ' 8 ਦਸੰਬਰ ਨੂੰ ਕੀਤੀ ਸੀ, ਜਿਸ ਵਿਚ 2 ਲੱਖ ਤੋਂ ਵੱਧ ਲੋਕਾਂ ਨੇ ਸ਼ਾਮਿਲ ਹੋ ਕੇ ਇਹ ਸੁਨੇਹਾ ਦਿੱਤਾ ਸੀ ਕਿ ਪੰਜਾਬ ਦੇ ਲੋਕ ਐਸਵਾਈਐਲ ਦੇ ਮੁੱਦੇ ਉੱਤੇ ਸਿਰਫ ਅਕਾਲੀ ਦਲ ਉੱਤੇ ਭਰੋਸਾ ਕਰਦੇ ਹਨ, ਕਾਂਗਰਸ ਜਾਂ ਆਪ ਉੱਤੇ ਨਹੀਂ। ਇਸ ਰੈਲੀ ਤੋਂ ਬਾਅਦ ਪੰਜਾਬ ਵਿਚੋਂ ਆਪ ਦੇ ਪੈਰ ਪੂਰੀ ਤਰ੍ਹਾਂ ਉੱਖੜ ਚੁੱਕੇ ਹਨ, ਇਹੀ ਵਜ੍ਹਾ ਹੈ ਕਿ ਆਪ ਆਗੂ ਅਕਾਲੀ ਦਲ ਦੀ ਮੋਗੇ ਵਾਲੀ ਰੈਲੀ ਦਾ ਜ਼ਿਕਰ ਕਰਨ ਤੋਂ ਝਿਜਕਦੇ ਹਨ।