ਲੁਧਿਆਣਾ, 4 ਜਨਵਰੀ, 2017 : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਦੀ ਅਗਵਾਈ ਵਿਚ 'ਵਿਜੇ ਸੰਕਲਪ ਰਥ ਯਾਤਰਾ' ਦੀ ਅੱਜ ਲੁਧਿਆਣਾ ਵਿਚ ਡਾ. ਭੀਮ ਰਾਓ ਅੰਬੇਡਕਰ ਦੇ ਸਮਾਰਕ ਵਿਖੇ ਫੁੱਲ ਮਾਲਾ ਭੇਟ ਕਰਨ ਤੇ ਨਤਮਸਤਕ ਹੋਣ ਤੋਂ ਬਾਅਦ ਸ਼ੁਰੂਆਤ ਕੀਤੀ ਗਈ। ਹਜਾਰਾਂ ਦੀ ਤਾਦਾਦ ਵਿਚ ਭਾਜਪਾ ਵਰਕਰਾਂ ਤੇ ਸਮਰਥਕਾਂ ਨੇ ਰਥ 'ਤੇ ਸਵਾਰ ਵਿਜੇ ਸਾਂਪਲਾ ਤੇ ਸੂਬਾਈ ਪਾਰਟੀ ਆਗੂਆਂ ਦਾ ਸਵਾਗਤ ਕੀਤਾ ਤੇ ਫੁੱਲਾਂ ਦੀ ਵਰਖਾ ਕੀਤੀ। ਮੋਟਰਸਾਈਕਲਾਂ ਤੇ ਕਾਰਾਂ ਉਤੇ ਸਵਾਰ ਵਰਕਰਾਂ ਦਾ ਵੱਡਾ ਕਾਫਲਾ ਲੁਧਿਆਣਾ ਦੀ ਨਵੀਂ ਸਬਜ਼ੀ ਮੰਡੀ, ਸਲੇਮਟਾਵਰੀ, ਪੁਰਾਣੀ ਸਬਜ਼ੀ ਮੰਡੀ, ਘੰਟਾਘਰ ਚੌਂਕ, ਗਿਰਜਾਘਰ ਚੌਂਕ, ਗੁੜ ਮੰਡੀ, ਘਾਸ ਮੰਡੀ, ਤਿੰਨ ਨੰਬਰ ਡਵੀਜ਼ਨ ਚੌਂਕ, ਸਲਾਮੀਆ ਸਕੂਲ ਰੋਡ ਤੋਂ ਲੰਘਦਿਆਂ ਕ੍ਰਿਸ਼ਚਿਨ ਮੈਡੀਕਲ ਕਾਲਜ ਦੇ ਸਾਹਮਣੇ ਤੋਂ ਈਸਾ ਨਗਰੀ ਪੁਲੀ, ਫੀਲਡ ਗੰਜ, ਜੇਲ੍ਹ ਰੋਡ ਹਲਕਾ ਕੇਂਦਰੀ ਵਿਖੇ ਪਹੁੰਚਿਆ।
ਸ੍ਰੀ ਵਿਜੇ ਸਾਂਪਲਾ ਨੇ ਲੁਧਿਆਣਾ ਵਿਖੇ ਵੱਖ ਵੱਖ ਥਾਵਾਂ 'ਤੇ ਜਨਸਭਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਾ ਹੈ ਅਤੇ ਭਾਰਤੀ ਜਨਤਾ ਪਾਰਟੀ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ। ਜੋਸ਼ੀਲੇ ਨਾਅਰੇ ਲਗਾ ਰਹੇ ਵਰਕਰਾਂ ਨੂੰ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਵਰਕਰ ਇਸੇ ਤਰ੍ਹਾਂ ਆਪਣਾ ਜੋਸ਼ ਬਣਾਈ ਰੱਖਣ ਅਤੇ ਜਿਸ ਤਰ੍ਹਾਂ 2012 ਵਿਚ ਅਕਾਲੀ-ਭਾਜਪਾ ਗੱਠਜੋੜ ਨੇ ਲਗਾਤਾਰ ਦੂਸਰੀ ਵਾਰ ਜਿੱਤ ਦਰਜ ਕਰਕੇ ਇਤਿਹਾਸ ਸਿਰਜਿਆ ਸੀ, ਉਸੇ ਤਰ੍ਹਾਂ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਜਿੱਤ ਦੀ ਹੈਟ੍ਰਿਕ ਬਣਾਉਂਦਿਆਂ ਰਿਕਾਰਡ ਕਾਇਮ ਕਰਨ। ਸ੍ਰੀ ਸਾਂਪਲਾ ਨੇ ਕਿਹਾ ਕਿ ਵਿਜੇ ਸੰਕਲਪ ਰਥ ਯਾਤਰਾ ਦਾ ਉਦੇਸ਼ ਭਾਜਪਾ ਆਗੂਆਂ ਤੇ ਵਰਕਰਾਂ ਵਲੋਂ ਇਹ ਸੰਕਲਪ ਲੈਣਾ ਹੈ ਕਿ ਉਹ ਚੋਣਾਂ ਦੌਰਾਨ ਸਿਰਫ਼ ਅਕਾਲੀ-ਭਾਜਪਾ ਗੱਠਜੋੜ ਦੇ ਚੋਣ ਨਿਸ਼ਾਨ 'ਤੇ ਹੀ ਮੋਹਰ ਲਗਾਉਣਗੇ। ਉਨ੍ਹਾਂ ਕੇਂਦਰ ਵਿਚ ਐਨਡੀਏ ਅਤੇ ਪੰਜਾਬ ਵਿਚ ਅਕਾਲੀ-ਭਾਜਪਾ ਗੱਠਜੋੜ ਵਲੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਵਿਕਾਸ ਕਾਰਜਾਂ ਦੇ ਆਧਾਰ 'ਤੇ ਵੋਟ ਦੇਣ ਦੀ ਅਪੀਲ ਕੀਤੀ।
ਸ੍ਰੀ ਸਾਂਪਲਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਪੰਜਾਬ ਜਾਂ ਸੂਬੇ ਦੇ ਕਿਸੇ ਗਰੀਬ ਦੀ ਚਿੰਤਾ ਨਹੀਂ ਅਤੇ ਕੈਪਟਨ ਨੂੰ ਪਿਛਲੇ ਇਕ ਮਹੀਨੇ ਤੋਂ ਕਿਸੇ ਨੇ ਨਹੀਂ ਵੇਖਿਆ। ਉਨ੍ਹਾਂ ਕਿਹਾ ਕਿ ਅਮਰਿੰਦਰ ਸਿੰਘ ਪੰਜਾਬ ਦੀ ਚਿੰਤਾ ਨੂੰ ਛੱਡਕੇ ਆਪਣੇ ਪਾਕਿਸਤਾਨੀ ਮਿੱਤਰ ਨਾਲ ਮੌਜਾਂ ਮਾਣ ਰਿਹਾ ਹੈ। ਸ੍ਰੀ ਸਾਂਪਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਈ ਵਾਰ ਪੰਜਾਬੀਆਂ ਦੀ ਧਾਰਮਿਕ ਆਸਥਾ ਨੂੰ ਠੇਸ ਪਹੁੰਚਾਈ, ਭਰਿਸ਼ਟਾਚਾਰ ਵਿਚ ਘਿਰੇ ਤੇ ਮਹਿਲਾਵਾਂ ਦਾ ਸੋਸ਼ਣ ਤੱਕ ਕੀਤਾ, ਅਜਿਹੇ ਲੋਕਾਂ ਦਾ ਪੰਜਾਬ ਨਾਲ ਕੀ ਸਰੋਕਾਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਤਾਕਤਾਂ ਜਿੰਨ੍ਹਾਂ ਨੂੰ ਦੇਸ਼ ਜਾਂ ਪੰਜਾਬ ਵਾਸੀਆਂ ਦੀ ਕੋਈ ਚਿੰਤਾ ਨਹੀਂ ਉਨ੍ਹਾਂ ਨੂੰ ਅੱਗੇ ਨਹੀਂ ਆਉਣ ਦੇਣਾ ਚਾਹੀਂਦਾ।
ਯਾਤਰਾ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਸੂਬਾ ਜਥੇਬੰਦਕ ਜਨਰਲ ਸਕੱਤਰ ਦਿਨੇਸ਼ ਕੁਮਾਰ, ਮੈਬਰ ਪਾਰਲੀਮੈਂਟ ਸ਼ਵੇਤ ਮਲਿਕ, ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਸੂਬਾ ਜਨਰਲ ਸਕੱਤਰ ਮਨਜੀਤ ਸਿੰਘ ਰਾਏ, ਕੇਵਲ ਕੁਮਾਰ ਤੇ ਜੀਵਨ ਗੁਪਤਾ, ਸੂਬਾ ਸਕੱਤਰ ਵਿਨੀਤ ਜੋਸ਼ੀ ਤੇ ਅਨਿਲ ਸੱਚਰ, ਸੂਬਾ ਖਜ਼ਾਨਚੀ ਗੁਰਦੇਵ ਸ਼ਰਮਾ ਦੇਬੀ, ਸਾਬਕਾ ਸੂਬਾ ਪ੍ਰਧਾਨ ਪ੍ਰੋ. ਰਜਿੰਦਰ ਭੰਡਾਰੀ, ਸਾਬਕਾ ਮੰਤਰੀ ਸੱਤਪਾਲ ਗੋਸਾਂਈ, ਭਾਜਪਾ ਐਸ.ਸੀ.ਮੋਰਚਾ ਦੇ ਸੂਬਾ ਪ੍ਰਧਾਨ ਮਨਜੀਤ ਬਾਲੀ, ਵਿਧਾਨ ਸਭਾ ਇੰਚਾਰਜ ਪ੍ਰਵੀਨ ਬਾਂਸਲ, ਭਾਜਪਾ ਯੁਵਾ ਮੋਰਚਾ ਦੇ ਸੁੂਬਾ ਪ੍ਰਧਾਨ ਸ਼ਿਵਵੀਰ ਰਾਜਨ ਤੇ ਜਨਰਲ ਸਕੱਤਰ ਅਮਿਤ ਸਾਂਪਲਾ, ਜਿਲ੍ਹਾ ਪ੍ਰਧਾਨ ਰਵਿੰਦਰ ਅਰੋੜਾ, ਸੀਨੀਅਰ ਡਿਪਟੀ ਮੇਅਰ ਸੁਨੀਲ ਅੱਗਰਵਾਲ, ਡਿਪਟੀ ਮੇਅਰ ਆਰ.ਡੀ. ਸ਼ਰਮਾ, ਕਮਲ ਜੇਤਲੀ, ਜਤਿੰਦਰ ਮਿੱਤਲ, ਰਜਨੀਸ਼ ਧੀਮਾਨ, ਪੁਸ਼ਪਿੰਦਰ ਸਿੰਘਲ, ਜਿਲ੍ਹਾ ਮਹਿਲਾ ਮੋਰਚਾ ਪ੍ਰਧਾਨ ਡਾ. ਕਨਿਕਾ ਜਿੰਦਲ, ਜਨਰਲ ਸਕੱਤਰ ਸੰਤੋਸ਼ ਅਰੋੜਾ, ਮੰਡਲ ਪ੍ਰਧਾਨ ਰੋਹਿਤ ਸਿੱਕਾ, ਜਿਲ੍ਹਾ ਯੁਵਾ ਮੋਰਚਾ ਪ੍ਰਧਾਨ ਮਹੇਸ਼ ਦੱਤ ਸ਼ਰਮਾ, ਜਨਰਲ ਸਕੱਤਰ ਦੀਪਕ ਗੋਇਲ, ਤਰੁਣ ਜੈਨ, ਯੋਗੇਸ਼ ਚੌਹਾਨ, ਸਤਨਾਮ ਸਿੰਘ ਸੇਖੀ, ਨਈਅਰ ਗਿੱਲ, ਰਾਜੀਵ ਬੇਰੀ ਮੌਜੂਦ ਸਨ।