ਚੰਡੀਗੜ੍ਹ, 13 ਦਸੰਬਰ, 2016 : ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਸੂਬਾ ਮੈਨੀਫੈਸਟੋ ਕਮੇਟੀ ਦੀ ਅਹਿਮ ਬੈਠਕ ਅੱਜ ਸੂਬਾ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਦੀ ਪ੍ਰਧਾਨਗੀ ਅਤੇ ਸੂਬਾ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਤੇ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸ੍ਰੀ ਕਮਲ ਸ਼ਰਮਾ, ਕਮੇਟੀ ਮੈਂਬਰ ਤੇ ਪੰਜਾਬ ਜਲ ਸਪਲਾਈ ਤੇ ਸੀਵਰੇਜ਼ ਬੋਰਡ ਦੇ ਚੈਅਰਮੈਨ ਸ੍ਰੀ ਵਿਨੋਦ ਸ਼ਰਮਾ ਅਤੇ ਕਮਲ ਸੁਨੇਹਾ ਪੰਜਾਬ ਦੇ ਸੰਪਾਦਕ ਭਾਈ ਪਰਮਜੀਤ ਸਿੰਘ ਦੀ ਮੌਜੂਦਗੀ ਵਿਚ ਜਲੰਧਰ ਵਿਖੇ ਹੋਈ, ਜਿਸ ਦੌਰਾਨ ਚੋਣ ਮਨੋਰਥ ਪੱਤਰ ਵਿਚ ਸ਼ਾਮਲ ਕੀਤੇ ਜਾਣ ਵਾਲੇ ਅਹਿਮ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਉਪਰੰਤ ਭਾਜਪਾ ਪ੍ਰਧਾਨ ਸ੍ਰੀ ਸਾਂਪਲਾ ਨੇ ਦੱਸਿਆ ਕਿ ਚੋਣ ਮੈਨੀਫੈਸਟੋ ਵਿਚ ਕਿਸਾਨਾਂ, ਵਪਾਰੀਆਂ, ਮਜ਼ਦੂਰ, ਘਰੇਲੂ ਔਰਤਾਂ, ਪਛੜੀਆਂ ਸ੍ਰੇਣੀਆਂ, ਨੌਜਵਾਨ ਵਰਗ, ਘੱਟ ਗਿਣਤੀ ਭਾਈਚਾਰੇ ਸਮੇਤ ਵੱਖ-ਵੱਖ ਵਰਗਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਤੋਂ ਸੁਝਾਅ ਲਏ ਜਾਣਗੇ, ਜਿਸ ਤੋਂ ਬਾਅਦ ਛੇਤੀ ਹੀ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਜਾਵੇਗਾ।
ਮੀਟਿੰਗ ਉਪਰੰਤ ਭਾਜਪਾ ਵਲੋਂ ਇਕ ਵੈਬ ਪੋਰਟਲ www.bjpmanifesto.in ਵੀ ਜਾਰੀ ਕੀਤੀ ਗਈ, ਜਿਸ ਉਤੇ ਸੂਬੇ ਦੀ ਜਨਤਾ ਨੂੰ ਆਪਣੇ ਸੁਝਾਅ ਦੇਣ ਦਾ ਸੱਦਾ ਦਿੱਤਾ ਗਿਆ। ਵੈਬ ਪੋਰਟਲ ਜਾਰੀ ਕਰਨ ਮੌਕੇ ਭਾਜਪਾ ਦੇ ਸੋਸ਼ਲ ਮੀਡੀਆ ਸੈਲ ਦੇ ਸੂਬਾ ਕਨਵੀਨਰ ਸ੍ਰੀ ਅਮਿਤ ਤਨੇਜਾ, ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌਰ, ਮੀਡੀਆ ਸਕੱਤਰ ਦੀਵਾਨ ਅਮਿਤ ਅਰੋੜਾ ਵੀ ਮੌਜੂਦ ਸਨ।