ਚੰਡੀਗੜ੍ਹ, 28 ਦਸੰਬਰ, 2016 : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਦੀ ਅਗਵਾਈ ਵਿਚ 29 ਦਸੰਬਰ ਨੂੰ ਹੁਸੈਨੀਵਾਲਾ ਤੋਂ ਸ਼ੁਰੂ ਹੋਣ ਜਾ ਰਹੀ 'ਵਿਜੇ ਸੰਕਲਪ ਰਥ ਯਾਤਰਾ' ਲਈ ਤਿਆਰ ਵਿਜੇ ਰਥ ਨੂੰ ਅੱਜ ਮੀਡੀਆ ਸਾਹਮਣੇ ਪੇਸ਼ ਕੀਤਾ ਗਿਆ। ਭਾਜਪਾ ਦੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਪਾਰਟੀ ਮੁੱਖ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 'ਵਿਜੇ ਸੰਕਲਪ ਰਥ ਯਾਤਰਾ' ਦੇ ਰੂਟ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਸੈਨੀਵਾਲਾ ਵਿਖੇ ਸਵੇਰੇ ਸ਼ਹੀਦ ਸਮਾਰਕ ਵਿਖੇ ਸ਼ਰਧਾਂਜਲੀ ਭੇਟ ਕਰਨ ਉਪਰੰਤ ਯਾਤਰਾ ਦੀ ਸ਼ੁਰੂਆਤ ਹੋਵੇਗੀ। ਉਨ੍ਹਾਂ ਦੱਸਿਆ ਕਿ ਅੱਠ ਦਿਨਾ ਵਿਜੇ ਸੰਕਲਪ ਰਥ ਯਾਤਰਾ, ਭਾਜਪਾ ਵਲੋਂ ਗਠਜੋੜ ਤਹਿਤ ਲੜੇ ਜਾਂਦੇ 23 ਵਿਧਾਨ ਸਭਾ ਹਲਕਿਆਂ ਵਿਚੋਂ ਹੁੰਦੀ ਹੋਈ 8 ਜਨਵਰੀ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਰੁਕੇਗੀ।
ਵਿਨੀਤ ਜੋਸ਼ੀ ਨੇ ਦੱਸਿਆ ਕਿ ਇਸ ਦੋ ਪੜਾਵੀਂ ਯਾਤਰਾ ਦੇ ਪਹਿਲੇ ਦਿਨ ਇਹ ਯਾਤਰਾ ਹੁਸੈਨੀਵਾਲਾ ਤੋਂ ਚੱਲਕੇ ਵਿਧਾਨ ਸਭਾ ਹਲਕਾ ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਪਿੰਡਾਂ-ਕਸਬਿਆਂ ਵਿਚ ਜਾਵੇਗੀ ਅਤੇ 30 ਦਸੰਬਰ ਨੂੰ ਅਬੋਹਰ ਤੇ ਰਾਜਪੁਰਾ ਹਲਕਿਆਂ ਵਿਚ ਪਹੁੰਚੇਗੀ।
ਦੂਸਰੇ ਪੜਾਅ ਅਧੀਨ 3 ਜਨਵਰੀ 2017 ਨੂੰ ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਫਗਵਾੜਾ ਵਿਖੇ ਪਹੁੰਚੇਗੀ। ਜਦਕਿ 4 ਜਨਵਰੀ ਨੂੰ ਲੁਧਿਆਣਾ (ਕੇਂਦਰੀ), ਲੁਧਿਆਣਾ (ਉਤਰੀ) ਤੇ ਲੁਧਿਆਣਾ (ਪੱਛਮ) ਹਲਕਿਆਂ ਵਿਚ, ਜਦਕਿ 5 ਜਨਵਰੀ ਨੂੰ ਹਲਕਾ ਹੁਸ਼ਿਆਰਪੁਰ, ਦਸੂਹਾ ਤੇ ਮੁਕੇਰੀਆਂ ਪਹੁੰਚੇਗੀ। ਵਿਜੇ ਸੰਕਲਪ ਰਥ ਯਾਤਰਾ 6 ਜਨਵਰੀ ਨੂੰ ਹਲਕਾ ਪਠਾਨਕੋਟ, ਸੁਜਾਨਪੁਰ ਤੇ ਭੋਆ ਪਹੁੰਚੇਗੀ ਅਤੇ 7 ਜਨਵਰੀ ਨੂੰ ਵਿਧਾਨ ਸਭਾ ਹਲਕਾ ਦੀਨਾਨਗਰ, ਜਲੰਧਰ (ਕੇਂਦਰੀ), ਜਲੰਧਰ (ਉਤਰੀ) ਤੇ ਜਲੰਧਰ (ਪੱਛਮੀ) ਵਿਚ ਜਾਵੇਗੀ। ਆਖਰੀ ਦਿਨ 8 ਜਨਵਰੀ ਨੂੰ ਇਹ ਯਾਤਰਾ ਵਿਧਾਨ ਸਭਾ ਹਲਕਾ ਅੰਮ੍ਰਿਤਸਰ (ਕੇਂਦਰੀ), ਅੰਮ੍ਰਿਤਸਰ (ਪੱਛਮੀ), ਅੰਮ੍ਰਿਤਸਰ (ਪੂਰਬੀ) ਤੇ ਅੰਮ੍ਰਿਤਸਰ (ਉਤਰੀ) ਪਹੁੰਚੇਗੀ।
ਵਿਨੀਤ ਜੋਸ਼ੀ ਨੇ ਵਿਜੇ ਰਥ ਨੂੰ ਮੀਡੀਆ ਸਾਹਮਣੇ ਪੇਸ਼ ਕਰਦਿਆਂ ਦੱਸਿਆ ਕਿ ਵਿਜੇ ਰਥ ਇਕ ਚੱਲਦਾ ਫਿਰਦਾ ਮੰਚ ਹੈ, ਜਿਸ ਉਪਰੋਂ ਹੀ ਸ੍ਰੀ ਵਿਜੇ ਸਾਂਪਲਾ ਤੇ ਹੋਰ ਕੌਮੀਂ ਆਗੂ ਜਨਤਕ ਇਕੱਠਾਂ ਨੂੰ ਸੰਬੋਧਨ ਕਰਨਗੇ। ਘੱਟੋ-ਘੱਟ ਸਮੇਂ ਵਿਚ ਵੱਧ ਤੋਂ ਵੱਧ ਪ੍ਰੋਗਰਾਮ ਕੀਤੇ ਜਾ ਸਕਣ, ਇਸ ਮਕਸਦ ਨਾਲ ਭਾਜਪਾ ਵਲੋਂ ਇਹ ਵਿਸ਼ੇਸ਼ ਰਥ ਤਿਆਰ ਕਰਵਾਇਆ ਗਿਆ ਹੈ। ਸ੍ਰੀ ਜੋਸ਼ੀ ਨੇ ਦੱਸਿਆ ਕਿ ਰਥ ਉਪਰ ਬਣੇ ਮੰਚ 'ਤੇ ਜਾਣ ਲਈ ਬਕਾਇਦਾ ਹਾਈਡ੍ਰੋਲਿਕ ਲਿਫ਼ਟ ਲੱਗੀ ਹੋਈ ਹੈ। ਰਥ ਅੰਦਰੋਂ ਖਬਰਾਂ ਨਾਲ ਜੁੜੇ ਰਹਿਣ ਲਈ ਐਲਈਡੀ ਟੀਵੀ ਅਤੇ ਆਈ.ਟੀ. ਗਤੀਵਿਧੀਆਂ ਲਈ ਦੋ ਲੈਪਟਾਪ ਤੇ ਪ੍ਰਿੰਟਰ ਦਾ ਇੰਤਜ਼ਾਮ ਹੈ। ਵਿਜੇ ਰਥ ਉਪਰੋਂ ਜਨਤਾ ਨੂੰ ਸੰਬੋਧਨ ਕਰਨ ਲਈ ਚਾਰੇ ਪਾਸੇ ਸਾਊਂਡ ਸਿਸਟਮ ਤੇ ਦੇਰ ਸ਼ਾਮ ਹੋਣ ਵਾਲੇ ਪ੍ਰੋਗਰਾਮ ਦੇ ਮੱਦੇਨਜ਼ਰ ਰਥ ਉਪਰ ਲਾਈਟਾਂ ਦਾ ਇਤਜ਼ਾਮ ਹੈ। ਭਾਜਪਾ ਨੇਤਾਵਾਂ ਦੀ ਰਸਤੇ 'ਚ ਥਕਾਨ ਮਿਟਾਉਣ ਲਈ ਆਰਾਮਦਾਇਕ ਸੋਫੇਨੁਮਾ ਸੀਟਾਂ, ਭੋਜਣ ਕਰਨ ਲਈ ਵਿਵਸਥਾ ਤੇ ਮਿਨੀ ਸ਼ੌਚਾਲਿਆ ਦਾ ਵੀ ਇਸਦੇ ਅੰਦਰ ਹੀ ਪ੍ਰਬੰਧ ਕੀਤਾ ਗਿਆ ਹੈ।