ਲੁਧਿਆਣਾ, 5 ਜਨਵਰੀ, 2017 : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਅੱਜ ਕਿਹਾ ਹੈ ਕਿ ਪੰਜਾਬ ਵਿਚ ਜਿੰਨ੍ਹਾ ਵੀ ਵਿਕਾਸ ਹੋਇਆ ਹੈ ਉਹ ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਦੀ ਦੇਣ ਹੈ, ਜਿਸਨੇ ਹਰ ਵਰਗ ਨੂੰ ਸਹੂਲਤਾਂ ਦੇ ਗੱਫੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲਾਂ ਵਿਚ ਪੰਜਾਬ ਬਿਜਲੀ ਸਰਪਲੱਸ ਸੂਬਾ ਬਣਿਆ, ਵੱਡੇ ਹਾਈਵੇ ਬਣੇ ਅਤੇ ਹਰ ਖੇਤਰ ਵਿਚ ਅਥਾਂਹ ਵਿਕਾਸ ਕਾਰਜ ਹੋਏ ਹਨ। ਸ੍ਰੀ ਸਾਂਪਲਾ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿਚ ਖਾਦ ਤੇ ਯੂਰੀਆ ਲਈ ਕਿਸਾਨਾਂ ਨੂੰ ਸੜਕਾਂ 'ਤੇ ਧਰਨੇ ਲਾਉਣੇ ਪੈਂਦੇ ਸਨ, ਜਦਕਿ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੇ ਯਤਨਾਂ ਨਾਲ 2015 ਵਿਚ ਯੂਰੀਆ ਦਾ ਰਿਕਾਰਡ ਉਤਪਾਦਨ ਹੋਇਆ ਹੈ ਅਤੇ ਨਿੰਮ ਯੁਕਤ ਯੂਰੀਆ ਵੀ ਉਪਲੱਬਧ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖਾਦ ਦੀ ਕਾਲਾਬਜ਼ਾਰੀ ਖਤਮ ਹੋਣ ਅਤੇ ਸ੍ਰੀ ਮੋਦੀ ਦੀਆਂ ਕਿਸਾਨ ਪੱਖੀ ਨੀਤੀਆਂ ਕਾਰਨ ਹੀ ਪੂਰੇ ਦੇਸ਼ ਵਿਚ ਕਿਸੇ ਵੀ ਚੌਂਕ ਉਤੇ ਕਿਸਾਨਾਂ ਨੂੰ ਧਰਨਾ ਦੇਣ ਦੀ ਲੋੜ ਨਹੀਂ ਪਈ।
'ਵਿਜੇ ਸੰਕਲਪ ਰਥ ਯਾਤਰਾ' ਦੇ ਜਲੰਧਰ ਰਵਾਨਾ ਹੋਣ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਦੌਰਾਨ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਭਾਜਪਾ ਉਮੀਦਵਾਰਾਂ ਦਾ ਐਲਾਨ ਨਿਰਧਾਰਿਤ ਪ੍ਰਕਿਰਿਆ ਤੋਂ ਬਾਅਦ ਕਿਸੇ ਵੀ ਸਮੇਂ ਹੋ ਸਕਦਾ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿਚ ਸਰਕਾਰ ਬਣਾਉਣ 'ਚ ਅਹਿਮ ਰੋਲ ਅਦਾ ਕਰੇਗੀ। ਸ੍ਰੀ ਸਾਂਪਲਾ ਨੇ ਇਕ ਟੀਵੀ ਚੈਨਲ ਵਲੋਂ ਵਿਖਾਏ ਓਪੀਨੀਅਨ ਪੋਲ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਸਰਵੇ ਵਿਚ ਭਾਵੇਂ ਅਕਾਲੀ-ਭਾਜਪਾ ਗੱਠਜੋੜ ਨੂੰ ਹੀ ਅੱਗੇ ਰੱਖਿਆ ਗਿਆ ਹੈ, ਪਰ ਅਸਲ ਨਤੀਜੇ ਵਿਚ ਗੱਠਜੋੜ ਇਸ ਤੋਂ ਕਿਤੇ ਅੱਗੇ ਹੋਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦਸ ਸਾਲ ਪਹਿਲਾਂ ਹੀ ਪਛੜ ਗਈ ਸੀ ਤੇ ਨਵੀਂ ਆਈ ਆਮ ਆਦਮੀ ਪਾਰਟੀ ਹੁਣ ਤੀਲਾ-ਤੀਲਾ ਹੋ ਚੁੱਕੀ ਹੈ ਅਤੇ ਆਪ ਪਾਰਟੀ ਨੂੰ ਸ਼ਾਇਦ ਹੀ ਇਕ-ਦੋ ਸੀਟਾਂ ਮਿਲਣ।
ਸ੍ਰੀ ਸਾਂਪਲਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨੇ 'ਤੇ ਲੈਂਦਿਆਂ ਕਿਹਾ ਕਿ ਅਮਰਿੰਦਰ ਸਿੰਘ ਰਾਜਿਆਂ ਵਾਲੇ ਦੌਰ ਤੇ ਮਸਤੀ ਵਿਚ ਹੀ ਬੈਠੇ ਹਨ ਅਤੇ ਪਿਛਲੇ ਇਕ ਮਹੀਨੇ ਤੋਂ ਸੂਬੇ ਦੇ ਲੋਕਾਂ ਦੀ ਚਿੰਤਾ ਛੱਡ ਆਪਣੇ ਪਾਕਿਸਤਾਨੀ ਮਿੱਤਰ ਨਾਲ ਮੌਜਾਂ ਮਾਣ ਰਹੇ ਹਨ। ਸ੍ਰੀ ਸਾਂਪਲਾ ਨੇ ਕਿਹਾ ਕਿ ਭਾਜਪਾ ਦਿੱਲੀ ਦੇ ਪ੍ਰਧਾਨ ਸ੍ਰੀ ਮਨੋਜ ਤਿਵਾਰੀ ਨੇ ਯਾਤਰਾ ਦੌਰਾਨ ਅਰਵਿੰਦ ਕੇਜਰੀਵਾਲ ਦੀ ਸੱਚਾਈ ਲੋਕਾਂ ਨੂੰ ਬਿਆਨ ਕਰਦਿਆਂ ਦੱਸਿਆ ਹੈ ਕਿ ਕੇਜਰੀਵਾਲ ਨੇ ਦਿੱਲੀ 'ਚ ਸਕੂਲ-ਕਾਲਜ ਖੋਲ੍ਹਣ, ਗਰੀਬਾਂ ਨੂੰ ਮਕਾਨ ਬਣਾ ਕੇ ਦੇਣ, ਮੁਫ਼ਤ ਵਾਈਫਾਈ ਤੇ ਮਹਿਲਾਵਾਂ ਦੀ ਸੁਰੱਖਿਆ ਲਈ ਸੀਸੀਟੀਵੀ ਕੈਮਰੇ ਲਗਵਾਉਣ ਦਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਸ੍ਰੀ ਸਾਂਪਲਾ ਨੇ ਕਿਹਾ ਕਿ ਪੰਜਾਬ ਨੂੰ ਬਦਨਾਮ ਕਰਨ ਦੀ ਸਭ ਤੋਂ ਵੱਧ ਕੋਸ਼ਿਸ਼ ਆਮ ਆਦਮੀ ਪਾਰਟੀ ਨੇ ਕੀਤੀ ਹੈ ਹਾਲਾਂਕਿ ਨਸ਼ਿਆਂ ਦੀ ਸਭ ਤੋਂ ਵੱਧ ਵਰਤੋਂ ਤੇ ਰੇਵ ਪਾਰਟੀਆਂ ਦਿੱਲੀ ਵਿਚ ਹੀ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਵਾਅਦੇ ਕਰ ਰਿਹਾ ਹੈ, ਜਦਕਿ ਦਿੱਲੀ ਦੇ ਇਕ ਮੁਹੱਲੇ ਵਿਚ ਘੱਟੋ ਘੱਟ 15 ਸ਼ਰਾਬ ਦੇ ਠੇਕੇ ਖੋਲ੍ਹ ਦਿੱਤੇ ਹਨ ਅਤੇ ਮਹਿਲਾਵਾਂ ਲਈ ਵੀ ਵੱਖਰੇ ਠੇਕੇ ਖੋਲ੍ਹੇ ਗਏ ਹਨ। ਉਨ੍ਹਾ ਕਿਹਾ ਕਿ ਪੰਜਾਬ ਦੇ ਲੋਕ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਨ ਕਿ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕਰਨ ਵਾਲੀ ਕਾਂਗਰਸ ਪਾਰਟੀ ਸੀ ਅਤੇ ਦਿੱਲੀ ਵਿਚ ਕੇਜਰੀਵਾਲ ਸਰਕਾਰ ਨੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਬੁਲਡੋਜ਼ਰ ਚਲਾਇਆ ਹੈ। ਸ੍ਰੀ ਸਾਂਪਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਕੇਂਦਰ ਸਰਕਾਰ ਵਲੋਂ ਸਾਹਸੀ ਨਿਰਣੇ ਲਏ ਗਏ ਅਤੇ ਲੋਕਪੱਖੀ ਨੀਤੀਆਂ ਲਿਆਂਦੀਆਂ ਗਈਆਂ ਅਤੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਪੰਜਾਬ ਸਰਕਾਰ ਵਲੋਂ ਅਥਾਂਹ ਵਿਕਾਸ ਕਾਰਜ ਕੀਤੇ ਗਏ ਹਨ, ਜਿਸ ਦੇ ਆਧਾਰ 'ਤੇ ਜਨਤਾ ਤੋਂ ਵੋਟ ਸਮਰਥਨ ਮੰਗਣ ਦਾ ਅਧਿਕਾਰ ਸਿਰਫ਼ ਅਕਾਲੀ-ਭਾਜਪਾ ਗੱਠਜੋੜ ਨੂੰ ਹੀ ਹੈ।