ਚੰਡੀਗੜ੍ਹ, 17 ਨਵੰਬਰ, 2016 : ਸ਼੍ਰੋਮਣੀ ਅਕਾਲੀ ਦਲ ਵੱਲੋਂ ਜਾਰੀ 69 ਉਮੀਦਵਾਰਾਂ ਦੀ ਸੂਚੀ ਉਤੇ ਪ੍ਰਤੀਕਿਰਿਆ ਜਾਹਿਰ ਕਰਦਿਆਂ ਆਮ ਆਦਮੀ ਪਾਰਟੀ ਨੇ ਇਸ ਨੂੰ ਭਿ੍ਸ਼ਟ ਮਾਫੀਆ ਅਤੇ ਪਰਿਵਾਰਵਾਦ ਨਾਲ ਭਰਪੂਰ ਕਰਾਰ ਦਿੱਤਾ ਹੈ। ਪ੍ਰੈਸ ਵਿੱਚ ਜਾਰੀ ਬਿਆਨ ਰਾਹੀਂ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਅਤੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਨੇ ਸੂਬੇ ਵਿੱਚ ਰੇਤ ਅਤੇ ਬਜਰੀ, ਕੇਬਲ, ਟ੍ਰਾਂਸਪੋਰਟ, ਅਪਰਾਧਿਕ ਪਿਛੋਕੜ ਵਾਲੇ ਅਤੇ ਨਸ਼ਾ ਮਾਫੀਆ ਨਾਲ ਸਬੰਧਿਤ ਲੋਕਾਂ ਨੂੰ ਟਿਕਟਾਂ ਨਾਲ ਨਵਾਜਿਆ ਹੈ।
ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸੂਬੇ ਵਿੱਚ ਹਰ ਪ੍ਰਕਾਰ ਦੇ ਮਾਫੀਏ ਨੂੰ ਪਨਾਹ ਦੇ ਰਿਹਾ ਹੈ ਅਤੇ ਹੁਣ ਉਨਾਂ ਨੂੰ ਟਿਕਟਾਂ ਦੇ ਕੇ ਵਿਧਾਨ ਸਭਾ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨਾਂ ਕਿਹਾ ਕਿ ਸੂਬੇ ਦੇ ਲੋਕ ਇਨਾਂ ਮਾਫੀਆ ਦੇ ਸਰਗਨਿਆਂ ਤੋਂ ਡਾਹਢੇ ਤੰਗ ਹਨ ਅਤੇ ਅਜਿਹੇ ਦਾਗੀ ਉਮੀਦਵਾਰਾਂ ਨੂੰ ਮੂੰਹ ਨਹੀਂ ਲਾਉਣਗੇ। ਉਨਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਗੱਲ ਤੋਂ ਭਲੀ-ਭਾਂਤੀ ਜਾਣੂ ਹਨ ਕਿ ਸੂਬੇ ਵਿੱਚ ਰੇਤ ਅਤੇ ਬਜਰੀ ਦੀ ਕਾਲਾਬਜਾਰੀ ਲਈ ਕੰਵਰਜੀਤ ਸਿੰਘ ਰੋਜੀ ਬਰਕੰਦੀ, ਵਰਦੇਵ ਸਿੰਘ ਨੋਨੀ ਮਾਨ ਅਤੇ ਸਰਬਜੀਤ ਸਿੰਘ ਮੱਕੜ ਰੇਤ ਮਾਫੀਆ ਚਲਾਉਦੇ ਹਨ ਅਤੇ ਗੁਰਪ੍ਰੀਤ ਰਾਜੂ ਖੰਨਾ ਵਰਗੇ ਕੇਵਲ ਮਾਫੀਆ ਕੋਟਰੋਲ ਕਰਦੇ ਹਨ। ਇਸ ਤੋਂ ਇਲਾਵਾ ਨਸਿਆਂ ਦੇ ਸਰਗਨੇ ਵਜੋਂ ਚਰਚਿਤ ਬਿਕਰਮ ਸਿੰਘ ਮਜੀਠੀਆ ਅਤੇ ਭਿ੍ਰਸ਼ਟਾਚਾਰ ਦੇ ਦੋਸ਼ਾਂ ‘ਚ ਸਜਾ ਯਾਫਤਾ ਕਿਸਾਨਾਂ ਦੀ ਬਰਬਾਦੀ ਲਈ ਜਿਮੇਂਦਾਰ ਖੇਤੀਬਾਜੜੀ ਮੰਤਰੀ ਤੋਤਾ ਸਿੰਘ ਨੂੰ ਟਿਕਟ ਨਾਲ ਨਿਵਾਜ ਕੇ ਪੰਜਾਬੀਆਂ ਅਤੇ ਕਿਸਾਨਾਂ ਦਾ ਮੂੰਹ ਚਿੜਾਇਆ ਗਿਆ ਹੈ।
ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜਾਰੀ ਕੀਤੀ ਸੂਚੀ ਵਿੱਚ ਕੋਈ ਵੀ ਉਮੀਦਵਾਰ ਦਾਗੀ ਪਿਛੋਕੜ ਵਾਲਾ ਨਹੀਂ ਹੈ, ਜਦਕਿ ਅਕਾਲੀ ਦਲ ਦੀ ਲਿਸਟ ਵਿੱਚ ਸਾਫ ਛਵੀ ਵਾਲਾ ਉਮੀਦਵਾਰ ਲੱਭਣਾ ਮੁਸ਼ਕਿਲ ਹੀ ਨਹੀਂ, ਬਲਕਿ ਨਾਮੁਮਕਿਨ ਹੈ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਸੂਬੇ ਵਿੱਚ ਇੱਕ ਇਮਾਨਦਾਰ ਬਦਲ ਵਜੋਂ ਉਭਰੀ ਹੈ ਅਤੇ 2017 ਦੀਆਂ ਚੋਣਾਂ ਤੋਂ ਬਾਅਦ ਸਰਕਾਰ ਬਣਾ ਕੇ ਇਨਾਂ ਮਾਫੀਆ ਦੇ ਸਰਗਾਨਾਵਾਂ ਨੂੰ ਨੱਥ ਪਾਵੇਗੀ।