ਚੰਡੀਗੜ੍ਹ, 28 ਦਸੰਬਰ, 2016 : ਦਲਿਤ ਆਗੂ ਬੰਤ ਸਿੰਘ ਝੱਬਰ ਤੋਂ ਮੁਆਫੀ ਮੰਗ ਕੇ ਆਮ ਆਦਮੀ ਪਾਰਟੀ ਨੇ ਇਕ ਵਾਰੀ ਫਿਰ ਸਾਬਿਤ ਕਰ ਦਿੱਤਾ ਕਿ ਜਦੋਂ ਆਪ ਲੀਡਰਸ਼ਿਪ ਕੋਲ ਕਿਸੇ ਮਸਲੇ ਦਾ ਹੱਲ ਜਾਂ ਗੱਲ ਦਾ ਜੁਆਬ ਨਹੀਂ ਹੁੰਦਾ ਤਾਂ ਉਹ ਮੁਆਫੀ ਮੰਗ ਕੇ ਪਿਛਲੀ ਗਲੀ ਵਿਚੋਂ ਬਾਹਰ ਨਿਕਲ ਜਾਂਦੇ ਹਨ। ਉਹ ਮੁਸੀਬਤ ਵਿਚ ਮੁਆਫੀ ਨੂੰ ਚੋਰ ਦਰਵਾਜ਼ਾ ਬਣਾ ਲੈਂਦੇ ਹਨ।
ਇਹ ਸ਼ਬਦ ਰਾਜ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ਼ ਬਲਵਿਦਰ ਸਿੰਘ ਭੂੰਦੜ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਮੁਆਫੀ ਵਰਗੇ ਮਹਾਨ ਆਦਰਸ਼ ਦੀ ਆਮ ਆਦਮੀ ਪਾਰਟੀ ਨੇ ਸਭ ਤੋਂ ਵੱਧ ਦੁਰਵਰਤੋਂ ਕੀਤੀ ਹੈ। ਆਪ ਆਗੂਆਂ ਕੋਲ ਜਿਸ ਮਸਲੇ ਦਾ ਹੱਲ ਨਹੀਂ ਹੁੰਦਾ, ਉਹ ਮੁਆਫੀ ਮੰਗ ਕੇ ਅੱਗੇ ਨਿਕਲ ਜਾਂਦੇ ਹਨ। ਜਿਸ ਕਰਕੇ ਲੋਕਾਂ ਨੇ ਇਸ ਨੂੰ 'ਮੁਆਫੀ ਮੰਗ ਪਾਰਟੀ' ਕਹਿਣਾ ਸ਼ੁਰੂ ਕਰ ਦਿੱਤਾ ਹੈ।
ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਆਪਣੇ ਪੰਜਾਬ ਯੂਨਿਟ ਨੂੰ ਹੁਕਮ ਦੇਣਾ ਚਾਹੀਦਾ ਸੀ ਕਿ ਉਹਨਾਂ ਸਾਰੇ ਅਪਰਾਧੀਆਂ ਨੂੰ ਪਾਰਟੀ ਵਿਚੋਂ ਬਾਹਰ ਕੱਢਿਆ ਜਾਵੇ, ਜਿਹਨਾਂ ਦੀ ਚੋਣਾਂ ਦੌਰਾਨ ਲੋਕਾਂ ਨੂੰ ਡਰਾਉਣ ਧਮਕਾਉਣ ਲਈ ਭਰਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਕੇਜਰੀਵਾਲ ਵੱਲੋਂ ਬੰਤ ਝੱਬਰ ਤੋਂ ਮੁਆਫੀ ਮੰਗਣ ਤੋਂ ਪਹਿਲਾਂ ਆਪ ਉਮੀਦਵਾਰ ਨਾਜ਼ਰ ਸਿੰਘ ਮਾਨਸ਼ਾਹੀਆ ਦੀ ਟਿਕਟ ਰੱਦ ਕਰਨੀ ਚਾਹੀਦੀ ਸੀ, ਜਿਸ ਨੇ ਜਾਣ ਬੁੱਝ ਕੇ ਅਪਰਾਧੀਆਂ ਦਾ ਆਪ ਵਿਚ ਦਾਖਲਾ ਕਰਵਾਇਆ ਸੀ।
ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੇ ਜਿੰਨੇ ਵੀ ਬੱਜਰ ਗੁਨਾਹ ਕੀਤੇ ਹਨ, ਉਹ ਸਾਰਿਆਂ ਤੋਂ ਖਹਿੜਾ ਛੁਡਾਉਣ ਲਈ ਮੁਆਫੀ ਦਾ ਇਸਤੇਮਾਲ ਕਰਦੇ ਹਨ। ਕੁਝ ਸਮਾਂ ਪਹਿਲਾਂ ਆਪ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਪਾਰਟੀ ਚਿੰਨ੍ਹ ਝਾੜੂ ਦੇ ਬਰਾਬਰ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਹਰਮੰਦਿਰ ਸਾਹਿਬ ਦੀ ਤਸਵੀਰ ਲਗਾ ਕੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ। ਜੁਆਬ ਵਿਚ ਪਾਰਟੀ ਆਗੂ ਆਪਣੀ ਗਲਤੀ ਮੰਨਣ ਤੋਂ ਇਨਕਾਰ ਕਰਦੇ ਰਹੇ ਅਤੇ ਆਪਣੇ ਚੋਣ ਮੈਨੀਫੈਸਟੋ ਨੂੰ ਸ੍ਰੀ ਦਰਬਾਰ ਸਾਹਿਬ ਵਾਂਗ ਪਵਿੱਤਰ ਸਾਬਿਤ ਕਰਦੇ ਰਹੇ। ਪਰ ਜਦੋਂ ਲੋਕਾਂ ਦਾ ਗੁੱਸਾ ਵਧਦਾ ਗਿਆ ਤਾਂ ਕੇਜਰੀਵਾਲ ਨੇ ਆ ਕੇ ਮੁਆਫੀ ਮੰਗ ਲਈ।
ਅਕਾਲੀ ਆਗੂ ਨੇ ਕਿਹਾ ਕਿ 2015 ਦੌਰਾਨ ਦਿੱਲੀ ਵਿਚ ਆਪ ਦੀ ਇੱਕ ਕਿਸਾਨ ਰੈਲੀ ਦੌਰਾਨ ਕਰਜ਼ੇ ਤੋਂ ਪਰੇਸ਼ਾਨ ਇੱਕ ਕਿਸਾਨ ਨੇ ਖੁਦਕੁਸ਼ੀ ਕਰ ਲਈ ਸੀ ਅਤੇ ਇਸ ਦੇ ਬਾਵਜੂਦ ਆਪ ਆਗੂ ਸਟੇਜ ਉੱਤੇ ਤਕਰੀਰਾਂ ਕਰਦੇ ਰਹੇ ਸਨ। ਜਦੋਂ ਕਿਸਾਨਾਂ ਨੇ ਇਸ ਦਾ ਜੁਆਬ ਮੰਗਿਆ ਤਾਂ ਪਾਰਟੀ ਆਗੂ ਨਿਰਉੱਤਰ ਸਨ। ਉਸ ਸਮੇਂ ਵੀ ਪਾਰਟੀ ਵੱਲੋਂ ਹੋਏ ਉਸ ਅਪਰਾਧ ਲਈ ਕੇਜਰੀਵਾਲ ਨੇ ਮੁਆਫੀ ਮੰਗਕੇ ਖਹਿੜਾ ਛੁਡਾ ਲਿਆ ਸੀ। ਇਸ ਤੋਂ ਪਹਿਲਾ ਦਿੱਲੀ ਵਿਚ 49 ਦਿਨਾਂ ਮਗਰੋਂ ਸਰਕਾਰ ਭੰਗ ਕਰਨ ਦੇ ਮਾਮਲੇ ਵਿਚ ਜਦੋਂ ਜਨਤਾ ਨੇ ਕੇਜਰੀਵਾਲ ਦੀ ਜੁਆਬਤਲਬੀ ਕੀਤੀ ਤਾਂ ਉਸ ਕੋਲ ਕੋਈ ਜੁਆਬ ਨਹੀਂ ਸੀ ਅਤੇ ਉਸ ਨੇ ਮੁਆਫੀ ਮੰਗ ਲਈ। ਦਿੱਲੀ ਪੁਲਿਸ ਕਰਮਚਾਰੀਆਂ ਲਈ 'ਠੁੱਲ੍ਹਾ' ਜਿਹੇ ਤਿਰਸਕਾਰਯੋਗ ਸ਼ਬਦ ਵਰਤਣ ਲਈ ਵੀ ਕੇਜਰੀਵਾਲ ਨੇ ਮੁਆਫੀ ਮੰਗ ਲਈ ਸੀ।
ਸ਼ ਭੂੰਦੜ ਨੇ ਪੁੱਿਛਆ ਕਿ ਆਪ ਆਗੂਆਂ ਵੱਲੋਂ ਚੋਣਾਂ ਜਿੱਤਣ ਵਾਸਤੇ ਲੋਕਾਂ ਨਾਲ ਜਿਹੜੇ ਵਾਅਦੇ ਕੀਤੇ ਜਾ ਰਹੇ ਹਨ, ਉਹਨਾਂ ਬਾਰੇ ਵੀ ਜੁਆਬਤਲਬੀ ਕਰਨ ਉੱਤੇ ਆਪ ਆਗੂਆਂ ਨੇ ਮੁਆਫੀ ਮੰਗ ਕੇ ਖਹਿੜਾ ਛੁਡਾ ਲੈਣਾ ਹੈ। ਦਿੱਲੀ ਵਿਚ ਵੀ ਆਪ ਆਗੂ ਇਹੀ ਕੁਝ ਕਰ ਰਹੇ ਹਨ।ਉਹ ਆਪਣੇ ਵਿਧਾਇਕਾਂ ਦੁਆਰਾ ਕੀਤੇ ਘੁਟਾਲਿਆਂ, ਸੰਗੀਨ ਅਪਰਾਧਾਂ ਅਤੇ ਪਾਰਟੀ ਦੁਆਰਾ ਪੂਰੇ ਨਾ ਕੀਤੇ ਵਾਅਦਿਆਂ ਲਈ ਮੁਆਫੀ ਮੰਗ ਕੇ ਬੁੱਤਾ ਸਾਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਆਪ ਦੇ ਗੁਨਾਹਾਂ ਨੂੰ ਮੁਆਫ ਨਹੀਂ ਕਰਨਗੇ, ਸਗੋਂ ਇਸ ਪਾਰਟੀ ਨੂੰ ਚੋਣਾਂ ਦੌਰਾਨ ਵੱਡੀ ਸਜ਼ਾ ਦੇਣਗੇ।