ਚੰਡੀਗੜ੍ਹ, 1 ਦਸੰਬਰ, 2016 : ਪੰਜਾਬ ਕਾਂਗਰਸ ਨੇ ਦਾਖਾ ਤੋਂ ਪਾਰਟੀ ਆਗੂ ਮੇਜਰ ਸਿੰਘ ਮੁੱਲਾਂਪੁਰ 'ਤੇ ਸ਼ਰਮਨਾਕ ਹਮਲੇ ਦੀ ਨਿੰਦਾ ਕਰਦਿਆਂ, ਇਸਨੂੰ ਸੂਬੇ 'ਚ ਬਾਦਲ ਸ਼ਾਸਨ ਅਧੀਨ ਫੈਲ੍ਹੀ ਅਰਾਜਕਤਾ ਦਾ ਸਬੂਤ ਕਰਾਰ ਦਿੱਤਾ ਹੈ ਅਤੇ ਇਸ 'ਚ ਸ਼ਾਮਿਲ ਦੋਸ਼ੀਆਂ ਨੂੰ ਤੁਰੰਤ ਕਾਬੂ ਕੀਤੇ ਜਾਣ ਦੀ ਮੰਗ ਕੀਤੀ ਹੈ।
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂਆਂ ਰਵਨੀਤ ਬਿੱਟੂ, ਗੁਰਦੇਵ ਸਿੰਘ ਲਾਪਰਾਂ ਤੇ ਜਸਬੀਰ ਸਿੰਘ ਖੰਗੂੜਾ ਨੇ ਵੀਰਵਾਰ ਨੂੰ ਇਥੇ ਜ਼ਾਰੀ ਇਕ ਬਿਆਨ 'ਚ ਕਿਹਾ ਹੈ ਕਿ ਇਹ ਗੰਭੀਰ ਅਪਰਾਧ ਜਾਹਿਰ ਕਰਦਿਆਂ ਹੈ ਕਿ ਕਿਸ ਤਰ੍ਹਾਂ ਸੂਬੇ 'ਚ ਹਥਿਆਰਬੰਦ ਗੈਂਗਸਟਰ ਪੂਰੀ ਤਰ੍ਹਾਂ ਅਜ਼ਾਦੀ ਨਾਲ ਘੁੰਮ ਰਹੇ ਹਨ ਅਤੇ ਇਸ ਗੱਲ 'ਤੇ ਕੋਈ ਸ਼ੱਕ ਨਹੀਂ ਹੈ ਕਿ ਇਨ੍ਹਾਂ ਨੂੰ ਅਕਾਲੀ ਸਰਕਾਰ ਦੀ ਸ਼ੈਅ ਪ੍ਰਾਪਤ ਹੈ।
ਦਾਖਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਟਿਕਟ ਦੇ ਚਾਹਵਾਨ ਮੁੱਲਾਂਪੁਰ ਹਮਲੇ 'ਚ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ 'ਚ ਦਾਖਲ ਹਨ, ਜਿਸ ਹਮਲੇ 'ਚ ਉਨ੍ਹਾਂ ਨੇ ਅਕਾਲੀਆਂ ਦਾ ਹੱਥ ਹੋਣ ਦਾ ਦੋਸ਼ ਲਗਾਉਂਦੇ ਹੋਏ ਹਲਕੇ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਉਪਰ ਉਨ੍ਹਾਂ ਖਿਲਾਫ ਸਾਜਿਸ਼ ਰੱਚਣ ਦਾ ਦੋਸ਼ ਲਗਾਇਆ ਹੈ। ਪੰਜ ਹਮਲਾਵਰਾਂ ਨੇ ਮੁੱਲਾਂਪੁਰ ਨੂੰ ਉਨ੍ਹਾਂ ਦੀ ਕਾਰ ਤੋਂ ਖਿੱਚ ਕੇ ਕੱਢਣ ਤੋਂ ਬਾਅਦ ਉਨ੍ਹਾਂ ਉਪਰ ਲਾਠੀਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ।
ਇਸ ਲੜੀ ਹੇਠ ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਅਕਾਲੀ ਸਿਆਸੀ ਵਿਰੋਧੀਆਂ ਨਾਲ ਲੜਨ ਵਾਸਤੇ ਹਿੰਸਾ ਸਮੇਤ ਹਰ ਤਰ੍ਹਾਂ ਦੇ ਤਰੀਕੇ ਵਰਤ ਰਹੇ ਹਨ, ਕਿਉਂਕਿ ਇਨ੍ਹਾਂ ਨੂੰ ਪਤਾ ਹੈ ਕਿ ਇਹ ਆਉਂਦੀਆਂ ਵਿਧਾਨ ਸਭਾ ਚੋਣਾਂ ਨਹੀਂ ਜਿੱਤਣ ਵਾਲੇ। ਉਨ੍ਹਾਂ ਨੇ ਪੁਲਿਸ ਅਤੇ ਅਕਾਲੀ ਅਗਵਾਈ ਵਿਚਾਲੇ ਗਹਿਰੀ ਮਿਲੀਭੁਗਤ ਹੋਣ ਦਾ ਦੋਸ਼ ਲਗਾਉਂਦਿਆਂ, ਮੰਗ ਕੀਤੀ ਹੈ ਕਿ ਇਸ ਘਟਨਾ ਦੀ ਸੁਤੰਤਰ ਜਾਂਚ ਕਰਵਾ ਕੇ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਅਕਾਲੀਆਂ ਵੱਲੋ ਚੋਣਾਂ 'ਚ ਹਿੰਸਾ ਭੜਕਾਉਣ ਸਬੰਧੀ ਉਨ੍ਹਾਂ ਦੀ ਸ਼ੰਕਾ ਨੂੰ ਹੋਰ ਮਜ਼ਬੂਤ ਕਰਦੀ ਹੈ।