ਪਟਿਆਲਾ, 7 ਦਸੰਬਰ, 2016 : ਤਲਵੰਡੀ ਸਾਬੋ 'ਚ ਹੋਣ ਵਾਲੇ ਸਰਬੱਤ ਖਾਲਸਾ 'ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਕੁਝ ਪੰਥਕ ਆਗੂ 'ਸਰਬੱਤ ਖਾਲਸਾ' ਕਰਨ ਦੇ ਨਾਂ ਹੇਠ ਸੂਬੇ ਦੇ ਵਿਕਾਸ ਅਤੇ ਸ਼ਾਂਤੀ ਦੀ ਪ੍ਰਕਿਰਿਆ ਨੂੰ ਪੱਟੜੀ ਤੋਂ ਲਾਹੁਣ ਅਤੇ ਸੂਬੇ ਨੂੰ ਕਾਲੇ ਦੌਰ ਵਿਚ ਧੱਕਣ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ, ਇਸ ਲਈ ਮੈਂ ਨੀ ਹੋਣ ਦਿੰਦਾ 'ਸਰਬੱਤ ਖ਼ਾਲਸਾ'। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੰਡ ਪਾਊ ਸ਼ਕਤੀਆਂ ਨੂੰ ਸਰਬੱਤ ਖਾਲਸਾ ਕਰਨ ਦੀ ਆਗਿਆ ਨਹੀਂ ਦੇਵੇਗੀ ਕਿਉਂਕਿ ਇਹ ਸੂਬੇ ਵਿਚ ਕਾਨੂੰਨ ਵਿਵਸਥਾ ਨੂੰ ਖਤਰੇ ਵਿਚ ਪਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸੂਬੇ ਵਿਚ ਭਾਈਚਾਰਕ ਤੰਦਾਂ ਨੂੰ ਮਜ਼ਬੂਤ ਕਰਨ ਅਤੇ ਸ਼ਾਂਤੀ, ਫਿਰਕੂ ਸਦਭਾਵਨਾ, ਭਾਈਚਾਰੇ ਨੂੰ ਬਣਾਏ ਰੱਖਣ ਲਈ ਵਚਨਬੱਧ ਹੈ ਜਿਸ ਕਰਕੇ ਕਾਨੂੰਨ ਵਿਵਸਥਾ ਨੂੰ ਹਰ ਕੀਮਤ 'ਤੇ ਕਾਇਮ ਰੱਖਿਆ ਜਾਵੇਗਾ।