ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ. ਪਰਮਿੰਦਰ ਸਿੰਘ ਗਿੱਲ
ਮੋਗਾ, 5 ਜਨਵਰੀ, 2017 : ਜ਼ਿਲ੍ਹਾ ਮੋਗਾ ਵਿੱਚ ਪੈਂਦੇ ਚਾਰ ਵਿਧਾਨ ਸਭਾ ਹਲਕਿਆਂ 71-ਨਿਹਾਲ ਸਿੰਘ ਵਾਲਾ, 72-ਬਾਘਾਪੁਰਾਣਾ, 73-ਮੋਗਾ ਅਤੇ 74-ਧਰਮਕੋਟ ਵਿੱਚ ਕੁੱਲ 7 ਲੱਖ 19 ਹਜ਼ਾਰ 447 ਵੋਟਰ 4 ਫ਼ਰਵਰੀ, 2016 ਨੂੰ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਪਣੀ ਵੋਟ ਦਾ ਇਸਤੇਮਾਲ ਕਰਨਗੇ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ. ਪਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇੰਨ੍ਹਾਂ ਵਿੱਚੋਂ 3 ਲੱਖ 83 ਹਜ਼ਾਰ 207 ਪੁਰਸ਼ ਵੋਟਰ, 3 ਲੱਖ 36 ਹਜ਼ਾਰ 225 ਔਰਤ ਵੋਟਰ ਅਤੇ 15 ਹੋਰ ਵੋਟਰ ਹਨ। ਉਨ੍ਹਾਂ ਦੱਸਿਆ ਕਿ ਵੋਟਰਾਂ ਦੀ ਸਹੂਲਤ ਲਈ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ 436 ਬਿਲਡਿੰਗਾਂ 'ਚ 751 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ 71-ਨਿਹਾਲ ਸਿੰਘ ਵਾਲਾ (ਅ.ਜ) ਦੇ ਰਿਟਨਿੰਗ ਅਫ਼ਸਰ ਉਪ ਮੰਡਲ ਮੈਜਿਸਟ੍ਰੇਟ ਸੁਖਪ੍ਰੀਤ ਸਿੰਘ, 72-ਬਾਘਾਪੁਰਾਣਾ ਦੇ ਰਿਟਨਿੰਗ ਅਫ਼ਸਰ ਉਪ ਮੰਡਲ ਮੈਜਿਸਟ੍ਰੇਟ ਹਰਪ੍ਰੀਤ ਸਿੰਘ ਅਟਵਾਲ, 73-ਮੋਗਾ ਦੇ ਰਿਟਨਿੰਗ ਅਫ਼ਸਰ ਉਪ ਮੰਡਲ ਮੈਜਿਸਟ੍ਰੇਟ ਚਰਨਦੀਪ ਸਿੰਘ ਅਤੇ 74-ਧਰਮਕੋਟ ਦੇ ਰਿਟਨਿੰਗ ਅਫ਼ਸਰ ਉਪ ਮੰਡਲ ਮੈਜਿਸਟ੍ਰੇਟ ਜਸਪਾਲ ਸਿੰਘ ਗਿੱਲ ਹੋਣਗੇ।
ਸ. ਗਿੱਲ ਨੇ ਦੱਸਿਆ ਕਿ ਚੋਣ ਕਮਿਸ਼ਨ ਭਾਰਤ ਸਰਕਾਰ ਦੇ ਆਦੇਸ਼ਾਂ ਅਨੁਸਾਰ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ 11 ਜਨਵਰੀ, 2017 ਤੋਂ ਭਰੀਆਂ ਜਾਣਗੀਆਂ ਅਤੇ ਨਾਮਜ਼ਦਗੀਆਂ ਦੀ ਆਖ਼ਰੀ ਮਿਤੀ 18 ਜਨਵਰੀ, 2017 ਹੋਵੇਗੀ। 19 ਜਨਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ-ਪੜਤਾਲ ਹੋਵੇਗੀ, ਜਦ ਕਿ ਨਾਮਜ਼ਦਗੀਆਂ ਵਾਪਸ ਲੈਣ ਦੀ ਮਿਤੀ 21 ਜਨਵਰੀ 2017 ਹੋਵੇਗੀ। ਵੋਟਾਂ 4 ਫਰਵਰੀ, 2017 ਨੂੰ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 11 ਮਾਰਚ, 2017 ਨੂੰ ਹੋਵੇਗੀ। ਵੋਟਾਂ ਸਬੰਧੀ ਸਮੁੱਚੀ ਪ੍ਰਕਿਰਿਆ 15 ਮਾਰਚ, 2017 ਨੂੰ ਮੁਕੰਮਲ ਕਰ ਲਈ ਜਾਵੇਗੀ।