ਨਵੀਂ ਦਿੱਲੀ, 1 ਜਨਵਰੀ, 2017 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਜੇਕਰ ਉਹ ਅਸਲਿਅਤ 'ਚ ਨੋਟਬੰਦੀ ਕਾਰਨ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਨੂੰ ਰਾਹਤ ਦੇਣ ਪ੍ਰਤੀ ਗੰਭੀਰ ਹਨ, ਤਾਂ ਉਨ੍ਹਾਂ ਨੂੰ ਕਿਸਾਨਾਂ ਦਾ ਕਰਜ਼ਾ ਮੁਆਫ ਕਰਨਾ ਚਾਹੀਦਾ ਹੈ।
ਇਸ ਲੜੀ ਹੇਠ, ਕਾਂਗਰਸ ਦੇ ਸੱਤਾ 'ਚ ਆਉਣ ਤੋਂ ਬਾਅਦ ਪੰਜਾਬ ਦੇ ਸਾਰੇ ਕਿਸਾਨਾਂ ਦਾ ਕਰਜਾ ਮੁਆਫ ਕਰਨ ਸਬੰਧੀ ਆਪਣੇ ਵਾਅਦੇ ਨੂੰ ਦੁਹਰਾਉਂਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਨੋਟਬੰਦੀ ਕਾਰਨ ਭਾਰੀ ਸੰਕਟਾਂ ਨਾਲ ਘਿਰ ਚੁੱਕੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ 'ਚ ਮੋਦੀ ਦਾ ਅਸਫਲ ਰਹਿਣਾ ਨਿਰਾਸ਼ਾਜਨਕ ਹੈ ਅਤੇ ਕਿਸਾਨ ਸਮਾਜ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਪ੍ਰਤੀ ਉਨ੍ਹਾਂ ਅੰਦਰ ਗੰਭੀਰਤਾ ਦੀ ਘਾਟ ਵੱਲ ਇਸ਼ਾਰਾ ਕਰਦਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਨਵੇਂ ਸਾਲ ਮੌਕੇ ਮੋਦੀ ਵੱਲੋਂ ਕਿਸਾਨਾਂ ਲਈ ਐਲਾਨੇ ਪ੍ਰਤੀਕਾਤਮਕ ਫਾਇਦੇ ਨੋਟਬੰਦੀ ਕਾਰਨ ਪੈਦਾ ਹੋਏ ਸੰਕਟਾਂ ਤੋਂ ਕਿਸਾਨ ਸਮਾਜ ਨੂੰ ਬਚਾਉਣ ਲਈ ਕਾਫੀ ਨਹੀਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਵੱਲੋਂ ਹਾਲੇ 'ਚ ਮੋਦੀ ਨੂੰ ਆਪਣੇ ਕਰਜਿਆਂ ਨੂੰ ਮੁਆਫ ਕਰਨ ਦੀ ਮੰਗ ਕਰ ਰਹੇ ਪੰਜਾਬ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਤੋਂ ਪ੍ਰਾਪਤ ਇਕ ਕਰੋੜ ਤੋਂ ਵੀ ਵੱਧ ਫਾਰਮ ਸੌਂਪੇ ਜਾਣ ਦੇ ਬਾਵਜੂਦ ਉਹ ਕਰਜਾ ਮੁਆਫੀ ਦਾ ਐਲਾਨ ਕਰਨ 'ਚ ਨਾਕਾਮ ਰਹੇ ਹਨ।
ਇਸ ਦਿਸ਼ਾ 'ਚ, ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਦੀ ਅਪੀਲ ਦਾ ਹੱਲ ਕੱਢਣ 'ਚ ਅਸਫਲ ਰਹਿਣ 'ਤੇ ਦੁੱਖ ਪ੍ਰਗਟਾਇਆ ਹੈ, ਲੇਕਿਨ ਪੰਜਾਬ ਦੇ ਕਿਸਾਨਾਂ ਨਾਲ ਇਹ ਵੀ ਵਾਅਦਾ ਕੀਤਾ ਹੈ ਕਿ ਉਨ੍ਹਾਂ ਦੀ ਸਰਕਾਰ ਸਾਰੇ ਕਰਜੇ ਸੈਟਲ ਕਰਨ ਵਾਸਤੇ ਤੁਰੰਤ ਕਦਮ ਚੁੱਕੇਗੀ ਅਤੇ ਉਨ੍ਹਾਂ ਨੂੰ ਇਨ੍ਹਾਂ ਲੋਨਾਂ ਦੀ ਅਦਾਇਗੀ ਵਾਸਤੇ ਆਪਣੀ ਜੇਬ੍ਹ ਤੋਂ ਇਕ ਵੀ ਪੈਸਾ ਨਹੀਂ ਖਰਚ ਕਰਨਾ ਪਵੇਗਾ।
ਇਥੇ ਜ਼ਾਰੀ ਇਕ ਬਿਆਨ 'ਚ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਮੋਦੀ ਨੂੰ ਆਪਣੇ ਭਾਸ਼ਣ 'ਚ ਕਿਸਾਨਾਂ ਨੂੰ ਬੈਂਕਾਂ ਤੇ ਹੋਰ ਸੰਸਥਾਵਾਂ ਤੋਂ ਲੋਨਾਂ ਦੀ ਪ੍ਰਾਪਤੀ ਨੂੰ ਅਸਾਨ ਕਰਨ ਦੀ ਬਜਾਏ, ਉਨ੍ਹਾਂ ਲਈ ਕਰਜਾ ਮੁਆਫੀ ਦਾ ਐਲਾਨ ਕਰਨਾ ਚਾਹੀਦਾ ਸੀ, ਜਿਹੜੇ ਭਾਰੀ ਕਰਜੇ ਹੇਠਾਂ ਦੱਬੇ ਹੋਏ ਹਨ ਅਤੇ ਇਸ ਬੋਝ ਕਾਰਨ ਖੁਦਕੁਸ਼ੀਆਂ ਵਰਗੇ ਦੁਖਦ ਕਦਮ ਚੁੱਕ ਰਹੇ ਹਨ।
ਕੈਪਟਨ ਅਮਰਿੰਦਰ ਨੇ ਮੀਡੀਆ ਦੀਆਂ ਖ਼ਬਰਾਂ ਦਾ ਜ਼ਿਕਰ ਕਰਦਿਆਂ ਖੁਲਾਸਾ ਕੀਤਾ ਹੈ ਕਿ ਹਰ ਸਾਲ ਦੇਸ਼ ਅੰਦਰ ਸੈਂਕੜਾਂ ਕਿਸਾਨਾਂ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਪੰਜਾਬ ਸੱਭ ਤੋਂ ਪ੍ਰਭਾਵਿਤ ਸੂਬਿਆਂ 'ਚੋਂ ਇਕ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਇਹ ਹਾਲਾਤ ਪ੍ਰਧਾਨ ਮੰਤਰੀ ਦੀ ਨੋਟਬੰਦੀ ਦੀ ਨੀਤੀ ਕਾਰਨ ਵੱਧ ਚੁੱਕੇ ਸੰਕਟਾਂ ਤੋਂ ਕਿਸਾਨ ਸਮੁਦਾਅ ਨੂੰ ਰਾਹਤ ਦਿਲਾਉਣ ਵਾਸਤੇ ਸਰਕਾਰ ਵੱਲੋਂ ਤੁਰੰਤ ਦਖਲ ਨੂੰ ਜ਼ਰੂਰੀ ਬਣਾਉਂਦੇ ਹਨ।
ਉਨ੍ਹਾਂ ਨੇ ਕਿਹਾ ਕਿ ਕਦੇ ਭਾਰਤ ਦੇ ਫੂਡ ਬਾਓਲ ਅਖਵਾਉਣ ਵਾਲੇ ਪੰਜਾਬ ਦੇ ਕਿਸਾਨਾਂ ਨੂੰ ਮੋਦੀ ਸਰਕਾਰ ਦੀ ਵਿਅਰਥ ਤੇ ਅਸੰਗਠਿਤ ਨੋਟਬੰਦੀ ਸਕੀਮ ਕਾਰਨ ਆਪਣਾ ਉਤਪਾਦਨ ਵੇਚਣ 'ਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਸਾਨਾਂ ਵੱਲੋਂ ਆਪਣੇ ਉਤਪਾਦਨ ਨੂੰ ਘੱਟੋਂ ਘੱਟ ਕੀਮਤਾਂ 'ਤੇ ਵੇਚਣ ਅਤੇ ਇਥੋਂ ਤੱਕ ਕਿ ਟਮਾਟਰ ਵਰਗੀਆਂ ਫਸਲਾਂ ਨੂੰ ਸਮਾਨ ਰੇਟ ਨਾ ਮਿੱਲਣ 'ਤੇ ਨਸ਼ਟ ਕਰਨਾ ਪੈ ਰਿਹਾ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਪਹਿਲਾਂ ਖ੍ਰੀਦ 'ਚ ਦੇਰੀ ਅਤੇ ਸਮੇਂ ਸਿਰ ਘੱਟੋਂ ਘੱਟ ਸਮਰਥਨ ਮੁੱਲ 'ਤੇ ਅਦਾਇਗੀਆਂ ਨਾ ਹੋਣ ਨਾਲ ਬਾਦਲ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਨੇ ਕਿਸਾਨਾਂ ਨੂੰ ਦੀਵਾਲੀਏਪਣ ਕੰਢੇ ਪਹੁੰਚਾ ਦਿੱਤਾ ਸੀ। ਹੁਣ ਨੋਟਬੰਦੀ ਨੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਇਸ ਹੱਦ ਤੱਕ ਵਧਾ ਦਿੱਤਾ ਹੈ ਕਿ ਉਨ੍ਹਾਂ ਨੂੰ ਮਜ਼ਬੂਰਨ ਆਪਣਾ ਉਤਪਾਦਨ ਬਹੁਤ ਹੀ ਘੱਟ ਰੇਟਾਂ 'ਤੇ ਵੇਚਣਾ ਪੈ ਰਿਹਾ ਹੈ ਅਤੇ ਉਨ੍ਹਾਂ ਕੋਲ ਬਚੱਤ ਕਰਨ ਵਾਸਤੇ ਤਾਂ ਦੂਰ ਦੀ ਗੱਲ, ਆਪਣੀ ਹੋਂਦ ਬਚਾਏ ਰੱਖਣ ਨੂੰ ਵੀ ਪੈਸੇ ਨਹੀਂ ਹਨ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕਿਸਾਨਾਂ ਕੋਲ ਖੇਤ ਮਜ਼ਦੂਰਾਂ ਨੂੰ ਅਦਾਇਗੀ ਲਈ ਵੀ ਪੈਸੇ ਨਹੀਂ ਹਨ, ਜਦਕਿ ਵਪਾਰੀਆਂ ਕੋਲ ਵੀ ਕਿਸਾਨਾਂ ਨੂੰ ਦੇਣ ਵਾਸਤੇ ਪੈਸੇ ਨਹੀਂ ਹਨ। ਇਸ ਕਾਰਨ, ਕਿਸਾਨਾਂ ਕੋਲ ਆਪਣੀਆਂ ਪਰਿਵਾਰਿਕ ਤੇ ਖੇਤੀ ਸਬੰਧੀ ਲੋੜਾਂ ਨੂੰ ਪੂਰਾ ਕਰਨ ਵਾਸਤੇ ਲੋੜੀਂਦੇ ਪੈਸੇ ਨਹੀਂ ਹਨ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਵਪਾਰੀਆਂ ਵੱਲੋਂ ਅਦਾਇਗੀ ਨਾ ਕਰਨ 'ਤੇ ਕਿਸਾਨਾਂ ਨੂੰ ਮਜ਼ਬੂਰਨ ਉੱਚ ਵਿਆਜ਼ ਰੇਟਾਂ 'ਤੇ ਆੜ੍ਹਤੀਆਂ ਤੋਂ ਕਰਜਾ ਚੁੱਕਣਾ ਪੈ ਰਿਹਾ ਹੈ। ਇਥੋਂ ਤੱਕ ਕਿ ਕਈ ਕਿਸਾਨ ਆਪਣਾ ਉਤਪਾਦਨ ਨਹੀਂ ਵਿੱਕਣ ਕਾਰਨ ਉਸਨੂੰ ਨਸ਼ਟ ਕਰ ਰਹੇ ਹਨ।
ਕੈਪਟਨ ਅਮਰਿੰਦਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਹਾਲਾਤ ਗੰਭੀਰ ਹਨ ਅਤੇ ਕਿਸਾਨਾਂ ਨੂੰ ਬਚਾਉਣ ਲਈ ਤੁਰੰਤ ਦਖਲ ਦਿੱਤੇ ਜਾਣ ਦੀ ਲੋੜ ਨਹੀਂ ਹੈ, ਜਿਨ੍ਹਾਂ 'ਚੋਂ ਕਈ ਬਾਦਲ ਸ਼ਾਸਨ 'ਚ ਭਾਰੀ ਕਰਜਿਆਂ ਦੇ ਬੋਝ ਕਾਰਨ ਖੁਦਕੁਸ਼ੀਆਂ ਕਰ ਚੁੱਕੇ ਹਨ।
ਮੋਦੀ ਸਰਕਾਰ 'ਤੇ ਨੋਟਬੰਦੀ ਨੀਤੀ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ 'ਚ ਅਸਫਲ ਰਹਿਣ ਦਾ ਦੋਸ਼ ਲਗਾਉਂਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਵਾਅਦੇ ਮੁਤਾਬਿਕ 50 ਦਿਨ ਨਿਕਲ ਜਾਣ ਦੇ ਬਾਵਜੂਦ, ਲੋਕਾਂ ਨੂੰ ਨੋਟਬੰਦੀ ਕਾਰਨ ਲਗਾਤਾਰ ਅਵਿਵਸਥਾ ਤੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਹੜੇ ਹਾਲੇ ਤੱਕ ਉਨ੍ਹਾਂ ਦੇ ਜ਼ਲਬਾਜੀ 'ਚ ਲਏ ਫੈਸਲੇ ਕਾਰਨ ਪੈਦਾ ਹੋਈਆਂ ਪ੍ਰੇਸ਼ਾਨੀਆਂ ਤੋਂ ਬੇਖਬਰ ਪ੍ਰਤੀਤ ਹੋ ਰਹੇ ਹਨ।