ਚੰਡੀਗੜ, 3 ਜਨਵਰੀ, 2017 : ‘‘ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਸੰਵਿਧਾਨ ਤਹਿਤ ਬਣਾਈਆਂ ਗਈਆਂ ਸੰਵਿਧਾਨਿਕ ਸੰਸਥਾਵਾਂ ਦੀ ਸਾਖ ਨੂੰ ਖੋਰਾ ਲਾਇਆ ਹੈ ਜੋ ਕਿ ਦੁਨਿਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਭਵਿੱਖ ਲਈ ਚੰਗਾ ਨਹੀਂ ਹੈ’’ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੰਡੀਗੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪਰੋਕਤ ਸ਼ਬਦ ਕਹੇ।
ਚੰਡੀਗੜ ਦੌਰੇ ਦੇ ਪਹਿਲੇ ਦਿਨ ਪੱਤਰਕਾਰਾਂ ਨੂੰ ਮਿਲਦਿਆਂ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਲੋਕ ਹੁਣ ਆਪਣਾ ਮਨ ਬਣਾ ਚੁੱਕੇ ਹਨ ਅਤੇ ਸੂਬੇ ਵਿਚੋਂ ਭਿ੍ਰਸ਼ਟ ਅਕਾਲੀ ਅਤੇ ਕਾਂਗਰਸੀਆਂ ਨੂੰ ਚਲਦਾ ਕਰਕੇ ਆਮ ਲੋਕਾਂ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਕੇਜਰੀਵਾਲ ਨੇ ਕਿਹਾ ਕਿ ਸੂਬੇ ਵਿਚ 1 ਜਾਂ 2 ਦਿਨਾਂ ਵਿਚ ਚੋਣ ਜਾਬਤਾ ਲੱਗ ਜਾਵੇਗਾ ਅਤੇ ਇਸਤੋਂ ਬਾਅਦ ਅਕਾਲੀਆਂ ਦੁਆਰਾ ਸਰਕਾਰੀ ਮਸ਼ੀਨੀਰੀ ਦੀ ਦੁਰਵਰਤੋਂ ਕਰਕੇ ਡਰਾਏ ਗਏ ਲੋਕ ਆਪਣੇ ਘਰਾਂ ਵਿਚੋਂ ਬਾਹਰ ਆ ਜਾਣਗੇ ਅਤੇ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਖਿਲਾਫ ਆਪਣੀ ਅਵਾਜ ਬੁਲੰਦ ਕਰਦਿਆਂ ਆਮ ਆਦਮੀ ਪਾਰਟੀ ਦੇ ਹੱਕ ਵਿਚ ਖੜੇ ਹੋਣਗੇ।
ਦੇਸ਼ ਵਿਚ ਨੋਟਬੰਦੀ ਫੈਸਲੇ ਬਾਰੇ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਜਿਸ ਤਰਾਂ ਉਹ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਇਹ 8 ਲੱਖ ਕਰੋੜ ਰੁਪਏ ਦਾ ਘੋਟਾਲਾ ਹੈ ਅਤੇ ਮੋਦੀ ਜੀ ਆਪਣੇ ਦੋਸਤਾਂ ਨੂੰ ਖੁਸ਼ ਕਰਨ ਲਈ ਦੇਸ਼ ਦੇ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ। ਉਨਾਂ ਕਿਹਾ ਕਿ ਆਮ ਲੋਕਾਂ ਦੇ ਖੂਨ ਪਸੀਨੇ ਨਾਲ ਕਮਾਈ ਦੌਲਤ ਨਾਲ ਮੋਦੀ ਜੀ ਆਪਣੇ ਅਮੀਰ ਦੋਸਤਾਂ ਦੇ ਕਰਜ਼ੇ ਮੁਆਫ ਕਰਨਗੇ।
ਮਮਤਾ ਬੈਨਰਜੀ ਦੀ ਤਿ੍ਰਣਮੂਲ ਕਾਂਗਰਸ ਨਾਲ ਸੂਬੇ ਵਿਚ ਕਿਸੇ ਗਠਜੋੜ ਬਾਰੇ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਇਸ ਸੰਬੰਧੀ ਨਾ ਤਾਂ ਕਦੇ ਉਨਾਂ ਨੇ ਮਮਤਾ ਨਾਲ ਕੋਈ ਗੱਲ ਕੀਤੀ ਹੈ ਅਤੇ ਨਾ ਹੀ ਤਿ੍ਰਣਮੂਲ ਕਾਂਗਰਸ ਵਲੋਂ ਇਸ ਸੰਬੰਧੀ ਕੋਈ ਗੱਲ ਬਾਤ ਹੋਈ ਹੈ। ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰ ਬਾਰੇ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਇਹ ਇਸ ਸਮੇਂ ਅਹਿਮ ਨਹੀਂ ਹੈ ਕਿ ਪੰਜਾਬ ਵਿਚ ਮੁੱਖ ਮੰਤਰੀ ਦਾ ਅਹੁਦੇਦਾਰ ਕੌਣ ਹੋਵੇਗਾ ਬਲਕਿ ਇਸ ਸਮੇਂ ਆਮ ਲੋਕਾਂ ਨੂੰ ਅਕਾਲੀ ਅਤੇ ਕਾਂਗਰਸੀਆਂ ਕੋਲੋਂ ਅਜਾਦ ਕਰਵਾਉਣਾ ਮੁੱਖ ਲੋੜ ਹੈ।
ਇਸ ਸਮੇਂ ਉਨਾਂ ਨਾਲ ਮਾਇਕ੍ਰੋ, ਸਮਾਲ ਅਤੇ ਮੀਡੀਅਮ ਇੰਡਸਟਰੀ ਐਸੋਸਿਏਸ਼ਨ, ਸੀਨੀਅਰ ਸਿਟੀਜਨ ਕਾਉਸਲ ਰਾਜਪੁਰਾ, ਪੰਜਾਬ ਸਟੇਟ ਏਡਡ ਸਕੂਲ ਟੀਚਰਸ ਅਤੇ ਹੋਰ ਮੁਲਾਜਿਮ ਯੂਨੀਅਨ, ਐਕਸ ਸਰਵਿਸ ਮੈਨ ਮੁਵਮੈਂਟ ਪੰਜਾਬ ਸਮੇਤ ਅਨੇਕਾਂ ਜੱਥੇਬੰਦੀਆਂ ਦੇ ਅਹੁਦੇਦਾਰਾਂ ਨੇ ਮੁਲਾਕਾਤ ਕੀਤੀ।
ਪੰਜਾਬ ਚੋਣਾਂ ਸੰਬੰਧੀ ਕੇਜਰੀਵਾਲ ਨੇ ਕਿਹਾ ਕਿ ਹੁਣ ਮੈਂ ਖੁਦ ਪੰਜਾਬ ਵਿਚ ਰਹਿ ਕੇ ਪੰਜਾਬ ਚੋਣਾਂ ਲਈ ਰਣਨੀਤੀ ਵੇਖਾਂਗਾ। ਉਨਾਂ ਕਿਹਾ ਕਿ ਇਨਾਂ ਚੋਣਾਂ ਵਿਚ ਇਸ ਵਾਰ ਪੰਜਾਬ ਦੇ ਆਮ ਲੋਕਾਂ ਦੀ ਜਿੱਤ ਹੋਣੀ ਨਿਸ਼ਚਿਤ ਹੈ।