ਲੁਧਿਆਣਾ, 17 ਨਵੰਬਰ, 2016 : ਆਗਾਮੀ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਅਤੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਲੁਧਿਆਣਾ ਸ੍ਰੀ ਰਵੀ ਭਗਤ ਵੱਲੋਂ ਜ਼ਿਲ੍ਹੇ ਵਿੱਚ ਮੌਜੂਦ ਲਾਇਸੰਸੀ ਹਥਿਆਰਾਂ ਨੂੰ ਸਬੰਧਤ ਪੁਲਿਸ ਥਾਣਾ ਜਾਂ ਅਸਲਾ ਡੀਲਰ ਪਾਸ ਜਮਾਂ ਕਰਵਾਉਣ ਦਾ ਹੁਕਮ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਸਾਰੇ ਹੀ ਲਾਇਸੰਸੀ ਹਥਿਆਰਾਂ ਨੂੰ ਆਪਣੇ ਸਬੰਧਤ ਪੁਲਿਸ ਥਾਣਾ ਜਾਂ ਅਸਲਾ ਡੀਲਰ ਪਾਸ ਜਮਾਂ ਕਰਵਾਉਣਾ ਜ਼ਰੂਰੀ ਹੈ। ਜਿਹੜੇ ਵਿਅਕਤੀਆਂ ਪਾਸ ਲਾਇਸੰਸੀ ਹਥਿਆਰ ਹਨ, ਉਹ ਸਬੰਧਤ ਪੁਲਿਸ ਥਾਣਾ ਜਾਂ ਅਸਲਾ ਡੀਲਰ ਪਾਸ ਬਕਾਇਦਾ ਰਸੀਦ ਲੈ ਕੇ ਜਮਾਂ ਕਰਵਾਉਣ ਤਾਂ ਜੋ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ ਅਤੇ ਇਨ੍ਹਾਂ ਚੋਣਾਂ ਵਿੱਚ ਵਾਤਾਵਰਨ ਸੁਖਾਵਾਂ ਨੂੰ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਚੋਣਂਾਂ ਸਮੇਂ ਕਿਸੇ ਵੀ ਕਿਸਮ ਦਾ ਲਾਇਸੰਸੀ ਹਥਿਆਰ ਜਾਂ ਅਸਲਾ ਰੱਖਣਾ ਗੈਰ ਕਾਨੂੰਨੀ ਹੈ। ਇਸ ਤੋਂ ਇਲਾਵਾ ਥਾਣਾ ਇੰਚਾਰਜਾਂ ਨੂੰ ਲਾਇਸੰਸੀ ਅਸਲਾ ਜਮ੍ਹਾਂ ਕਰਨ ਅਤੇ ਅਸਲਾ ਡੀਲਰਾਂ ਨੂੰ ਆਪਣੀ ਸਟੋਰੇਜ਼ ਸਮਰੱਥਾ ਵਧਾਉਣ ਲਈ ਕਿਹਾ ਗਿਆ ਤਾਂ ਜੋ ਇਸ ਸਬੰਧੀ ਲਾਇਸੰਸੀ ਅਸਲਾ ਧਾਰਕਾਂ ਨੂੰ ਆਪਣਾ ਅਸਲਾ ਜਮ੍ਹਾਂ ਕਰਵਾਉਣ ਵਿੱਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।