ਮਾਨਸਾ, 9 ਨਵੰਬਰ, 2016 : ਆ ਰਹੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਵੱਲੋਂ ਉਭਾਰੇ ਜਾਣ ਵਾਲੇ ਮੁੱਖ ਮੁੱਦਿਆਂ ਦਾ ਖੁਲਾਸਾ ਕਰਦੇ ਹੋਏ ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਨੇ ਅੱਜ ਅੱਠ ਹਲਕਿਆਂ ਤੋਂ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਹੈ।
ਅੱਜ ਬਾਬਾ ਬੂਝਾ ਸਿੰਘ ਭਵਨ ਵਿਖੇ ਪਾਰਟੀ ਦੀ ਇੱਕ ਅਹਿਮ ਸੂਬਾਈ ਮੀਟਿੰਗ ਤੋਂ ਬਾਦ ਪ੍ਰaੈੱਸ ਨੂੰ ਜਾਣਕਾਰੀ ਦਿੰਦਿਆਂ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਸੂੁਬਾ ਸਕੱੱਤਰ ਕਾ. ਗੁਰਮੀਤ ਸਿੰਘ ਬਖਤਪੁਰ ਅਤੇ ਕੇਂਦਰੀ ਕਮੇਟੀ ਮੈੈਂਬਰ ਕਾ. ਰਾਜਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਖੱਬੀਆਂ ਪਾਰਟੀਆਂ ਵੱਲੋਂ ਉਠਾਏ ਜਾਣ ਵਾਲੇ 15 ਨੁਕਤਿਆਂ ਖਾਸ ਕਰ ਮਜ਼ਦੂਰਾਂ ਕਿਸਾਨਾਂ ਤੇ ਛੋਟੇ ਕਾਰੋਬਾਰੀਆਂ ਦੀ ਕਰਜ਼ਾ ਮੁਕਤੀ, ਰਿਹਾਇਸ਼ੀ ਪਲਾਟਾਂ ਅਤੇ ਰੁਜ਼ਗਾਰੀ ਗਾਰੰਟੀ ਐਕਟ ਦੀ ਮੰਗ ਨੁੂੰ ਮੁੱਖ ਮੁੱਦੇ ਵਜੋਂ ਉਭਾਰਦਿਆਂ ਸਾਡੀ ਪਾਰਟੀ ਆਪਣੀ ਚੋਣ ਮੁਹਿੰਮ ਦੌਰਾਨ ਬਾਦਲ - ਬੀਜੇਪੀ ਦੇ ਭਰਿਸ਼ਟ ਅਤੇ ਮਾਫੀਆ ਰਾਜ ਨੂੰ ਆਪਣਾ ਮੁੱਖ ਨਿਸ਼ਾਨਾ ਬਣਾਵੇਗੀ। ਪਾਰਟੀ ਨਿੱਜੀਕਰਨ ਅਤੇ ਦੇਸ਼ੀ ਵਿਦੇਸ਼ੀ ਕੰਪਨੀਆਂ ਪੱਖੀ ਨੀਤੀਆਂ ਘੜਨ ਅਤੇ ਲਾਗੂ ਕਰਨ ਵਾਲੀਆਂ ਕਾਂਗਰਸ ਤੇ ਬੀ.ਜੇ.ਪੀ. ਵਰਗੀਆਂ ਘੋਰ ਸਾਮਰਾਜਪ੍ਰਸਤ ਪਾਰਟੀਆਂ ਅਤੇ ਇੰਨ੍ਹਾਂ ਲੋਕ ਦੁਸ਼ਮਣ ਨੀਤੀਆਂ ਖਿਲਾਫ ਸਪਸ਼ਟ ਸਟੈਂਡ ਨਾਂ ਲੈ ਕੇ ਮਹਿਜ਼ ਸਾਫ ਸੁਥਰਾ ਪ੍ਰਸ਼ਾਸਨ ਦੇਣ ਦੇ ਦਾਹਵੇ ਕਰ ਰਹੀ ਆਮ ਆਦਮੀ ਪਾਰਟੀ ਦਾ ਵੀ ਡਟਵਾਂ ਵਿਰੋਧ ਕਰੇਗੀ। ਅਸੀਂ ਆ ਰਹੀਆਂ ਚੋਣਾਂ ਵਿੱਚ ਹਮਖਿਆਲੀ ਖੱਬੀਆਂ , ਜਮਹੂਰੀ ਅਤੇ ਸੰਘਰਸ਼-ਸ਼ੀਲ ਤਾਕਤਾਂ ਨਾਲ ਸਾਂਝ ਤੇ ਤਾਲਮੇਲ ਵਿਕਸਤ ਕਰਨ ਲਈ ਭਰਪੂਰ ਯਤਨ ਕਰਾਂਗੇ।
ਲਿਬਰੇਸ਼ਨ ਆਗੁਆਂ ਨੇ ਕਿਹਾ ਕਿ ਪਾਰਟੀ ਭਾਰਤ ਬਾਰੇ ਸੰਘ ਪਰਿਵਾਰ ਦੇ ਏਕਾਤਮਿਕ ਢਾਂਚੇ ਦੇ ਸੰਕਲਪ ਦੀ ਬਜਾਏ ਫੈਡਰਲ ਢਾਂਚੇ ਅਤੇ ਸੂਬਿਆਂ ਲਈ ਵਧੇਰੇ ਅਧਿਕਾਰਾਂ ਦੀ ਮੁੱਦਈ ਹੈ। ਇਹ ਦਰਿਆਈ ਪਾਣੀਆਂ ਦੇ ਵਿਵਾਦ ਨੁੰ ਰਿਪੇਰੀਅਨ ਕਾਨੁੂੰਨ ਮੁਤਾਬਿਕ ਅਸੂਲੀ ਆਧਾਰ ਤੇ ਹੱਲ ਕਰਨ ਲਈ ਲੰਬੇ ਅਰਸੇ ਤੋਂ ਆਵਾਜ਼ ਉਠਾ ਰਹੀ ਹੈ। ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ ਪੁਲਿਸ ਪ੍ਰਸ਼ਾਸਨ ਦੇ ਸੱਤਾਧਾਰੀਆਂ ਵੱਲੋਂ ਕੀਤੇ ਅਪਰਾਧੀਕਰਨ ਤੇ ਸਿਆਸੀਕਰਨ ਦਾ ਸਖਤ ਵਿਰੋਧ ਕਰਦਿਆਂ ਪੰਜਾਬ ਵਿੱਚ ਕਾਨੁੰਨ ਦਾ ਰਾਜ ਸਥਾਪਤ ਕਰਨ ਨੂੰ ਮੁੱਦਾ ਬਣਾਵੇਗੀ। ਪੰਜਾਬ ਵਿਚੋਂ ਨਸ਼ਿਆਂ ਦੇ ਕਾਲੇ ਕਾਰੋਬਾਰ ਅਤੇ ਮਾਫੀਆ ਰਾਜ ਤੇ ਸਿਆਸਤਦਾਨ-ਗੁੰਡਾ ਗੱਠਜੋੜ ਦੇ ਖਾਤਮੇ ਲਈ ਪਾਰਟੀ ਜਨਤਾ ਤੋਂ ਸਰਗਰਮ ਸਹਿਯੋਗ ਦੀ ਮੰਗ ਕਰੇਗੀ। ਸਿੱਖਿਆ, ਸਿਹਤ ਅਤੇ ਪੀਣ ਵਾਲੇ ਸਾਫ ਪਾਦੀ ਦੇ ਯੋਗ ਪ੍ਰਬੰਧ ਨੂੰ ਪੂਰੀ ਤਰ੍ਹਾਂ ਸਰਕਾਰ ਦੀਆਂ ਮੁੱਢਲੀਆਂ ਜ਼ਿੰਮੇਵਾਰੀਆਂ ਵਿੱਚ ਸ਼ਾਮਲ ਕਰਾਉਣਾ ਅਤੇ ਭਾਰਤ ਪਾਕਿਸਤਾਨ ਦਰਮਿਆਨ ਅਮਨ ਸ਼ਾਂਤੀ ਦੀ ਬਹਾਲੀ ਲਈ ਯਤਨ ਕਰਨਾ ਪਾਰਟੀ ਦੀਆਂ ਮੁੱਖ ਤਰਜੀਹਾਂ ਵਿੱਚ ਸ਼ਾਮਲ ਹੈ।
ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਦੱਸਿਆ ਕਿ ਮੀਟਿੰਗ ਨੇ ਸਰਬਸੰਮਤੀ ਨਾਲ ਜਿੰਨ੍ਹਾਂ ਅੱਠ ਹਲਕਿਆਂ ਤੋਂ ਪਾਰਟੀ ਉਮੀਦਵਾਰਾਂ ਦੇ ਨਾਵਾਂ ਨੂੰ ਪ੍ਰਵਾਨ ਕਰਕੇ ਕੇਂਦਰੀ ਕਮੇਟੀ ਨੂੰ ਭੇਜਿਆ ਹੈ, ਉਹ ਇਸ ਤਰ੍ਹਾਂ ਹਨ - ਜਿਲ੍ਹਾ ਮਾਨਸਾ ਵਿੱਚ ਹਲਕਾ ਮਾਨਸਾ ਕਾ. ਰਣਜੀਤ ਸਿੰਘ ਤਾਮਕੋਟ, ਹਲਕਾ ਬੁਢਲਾਡਾ (ਰ) ਕਾ. ਭਗਵੰਤ ਸਿੰਘ ਸਮਾਉਂ, ਹਲਕਾ ਸਰਦੂਲਗੜ੍ਹ ਕਾ. ਸੁਰਜੀਤ ਸਿੰਘ ਕੋਟ ਧਰਮੂ, ਜਿਲ੍ਹਾ ਬਠਿੰਡਾ 'ਚ ਹਲਕਾ ਮੌੜ ਕਾ. ਹਰਵਿੰਦਰ ਸਿੰਘ ਸੇਮਾ, ਜਿਲ੍ਹਾ ਸੰਗਰੂਰ ਵਿੱਚ ਹਲਕਾ ਦਿੜ੍ਹਬਾ (ਰ) ਕਾ. ਘੁਮੰਡ ਸਿੰਘ ਉਗਰਾਹਾਂ, ਜਿਲ੍ਹਾ ਬਰਨਾਲਾ 'ਚ ਹਲਕਾ ਭਦੌੜ ਤੋਂ ਕਾ. ਸਵਰਨ ਸਿੰਘ ਜੰਗੀਆਣਾ, ਜਿਲ੍ਹਾ ਗੁਰਦਾਸਪੁਰ ਵਿੱਚ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਕਾ. ਗੁਲਜ਼ਾਰ ਸਿੰਘ ਬਟਾਲਾ ਅਤੇ ਹਲਕਾ ਬਟਾਲਾ ਤੋਂ ਕਾ. ਅਸ਼ਵਨੀ ਕੁਮਾਰ ਹੈਪੀ। ਉਨ੍ਹਾਂ ਦੱਸਿਆ ਕਿ ਪਾਰਟੀ ਵਲੋਂ ਲੜੇ ਜਾਣ ਵਾਲੇ ਬਾਕੀ ਹਲਕਿਆਂ ਤੋਂ ਉਮੀਦਵਾਰਾਂ ਦਾ ਫੈਸਲਾ ਵੀ ਜਲਦੀ ਹੀ ਕਰ ਲਿਆ ਜਾਵੇਗਾ।
ਇਸ ਮੌਕੇ ਉਨ੍ਹਾਂ ਤੋਂ ਇਲਾਵਾ ਪਾਰਟੀ ਦੇ ਸੂਬਾਈ ਆਗੂ ਕਾ. ਸੁਖਦਰਸ਼ਨ ਸਿੰਘ ਨੱਤ, ਰੁਲਦੂ ਸਿੰਘ ਮਾਨਸਾ, ਕਾ. ਗੁਰਪ੍ਰੀਤ ਸਿੰਘ ਰੂੜੇਕੇ, ਕਾ. ਗੋਬਿੰਦ ਸਿੰਘ ਛਾਜਲੀ, ਕਾ. ਗੁਰਜੰਟ ਸਿੰਘ ਮਾਨਸਾ ਅਤੇ ਐਲਾਨੇ ਉਮੀਦਵਾਰਾਂ ਵਿੱਚ ਕਾ. ਰਣਜੀਤ ਸਿੰਘ ਤਾਮਕੋਟ, ਭਗਵੰਤ ਸਿੰੰਘ ਸਮਾਉਂ, ਕਾ. ਸੁਰਜੀਤ ਸਿੰਘ ਕੋਟ ਧਰਮੂ, ਕਾ. ਹਰਵਿੰਦਰ ਸਿੰਘ ਸੇਮਾ ਅਤੇ ਕਾ. ਘੁਮੰਡ ਸਿੰਘ ਉਗਰਾਹਾਂ ਸਮੇਤ ਹੋਰ ਆਗੂ ਵੀ ਹਾਜ਼ਰ ਸਨ।