ਚੰਡੀਗੜ੍ਹ, 2 ਦਸੰਬਰ, 2016 : ਪੰਜਾਬ ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਬਾਦਲ ਸਰਕਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੇਅਦਬੀ ਦੀਆਂ ਘਟਨਾਵਾਂ ਨੂੰ ਹਵਾ ਦੇ ਕੇ ਸੂਬੇ ਨੂੰ ਸੰਪ੍ਰਦਾਇਕ ਅਧਾਰ 'ਤੇ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲੜੀ ਹੇਠ ਸਿੱਖ ਧਰਮ ਗ੍ਰੰਥ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ 'ਚ ਨਾਕਾਮ ਰਹੀ ਅਕਾਲੀ ਸਰਕਾਰ ਉਪਰ ਵਰ੍ਹਦਿਆਂ, ਪੰਜਾਬ ਕਾਂਗਰਸ ਦੇ ਆਗੂਆਂ ਰਵਨੀਤ ਸਿੰਘ ਬਿੱਟੂ, ਗੁਰਦੇਵ ਸਿੰਘ ਲਾਪਰਾਂ ਤੇ ਗੁਰਮੇਲ ਪਹਿਲਵਾਨ ਨੇ ਕਿਹਾ ਹੇ ਕਿ ਲੁਧਿਆਣਾ ਦੇ ਚੰਦਨ ਨਗਰ ਇਲਾਕੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫੱਟੇ ਹੋਏ ਪੰਨ੍ਹੇ ਮਿੱਲਣਾ ਸੰਪ੍ਰਦਾਇਕ ਤਨਾਅ ਪੈਦਾ ਕਰਨ ਦੀ ਸਾਜਿਸ਼ ਵੱਲ ਇਸ਼ਾਰਾ ਕਰਦਾ ਹੈ।
ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਬਾਦਲ ਸਰਕਾਰ ਅਤੇ ਸੂਬੇ ਨੂੰ ਅਸਥਿਕ ਕਰਨ ਵਾਸਤੇ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਬਦਮਾਸ਼ਾਂ ਵਿਚਾਲੇ ਮਿਲੀਭੁਗਤ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਪੰਜਾਬ 'ਚ ਚੋਣਾਂ ਨਜ਼ਦੀਕ ਆਉਣ ਨਾਲ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਦਾ ਵੀ ਓਹੀ ਤਰੀਕਾ ਹੈ, ਜਿਹੜਾ ਹਾਲੇ ਦੇ ਮਹੀਨਿਆਂ ਦੌਰਾਨ ਸਾਹਮਣੇ ਆਇਆ ਸੀ।
ਜਿਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਮਾਮਲੇ ਨੂੰ ਉੱਚ ਪੱਧਰ 'ਤੇ ਲੈਣ ਅਤੇ ਅਜਿਹੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਜੜ੍ਹ ਤੱਕ ਪਹੁੰਚਣ ਲਈ ਸੁਤੰਤਰ ਜਾਂਚ ਕਰਵਾਉਣ ਵਾਸਤੇ ਕਿਹਾ ਹੈ। ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਅਕਾਲੀ ਆਗੂਆਂ ਦੇ ਇਸ਼ਾਰੇ 'ਤੇ ਕੰਮ ਕਰ ਰਹੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤੇ ਜਾਣ ਅਤੇ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ, ਤਾਂ ਜੋ ਬਦਮਾਸ਼ਾਂ ਨੂੰ ਸਖ਼ਤ ਸੰਦੇਸ਼ ਦਿੱਤਾ ਜਾ ਸਕੇ ਕਿ ਅਜਿਹੀਆਂ ਘਟਨਾਵਾਂ ਨੂੰ ਹੁਣ ਸਹਿਣ ਨਹੀਂ ਕੀਤਾ ਜਾਵੇਗਾ।
ਇਥੇ ਜ਼ਾਰੀ ਬਿਆਨ 'ਚ, ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਸਿੱਖ ਸਮਾਜ ਦੀ ਤਾਜ਼ਾ ਘਟਨਾ ਤੋਂ ਬਾਅਦ, ਉਨ੍ਹਾਂ ਵੱਲੋਂ ਦਿਖਾਏ ਗਏ ਸੰਜ਼ਮ ਲਈ ਪ੍ਰਸ਼ੰਸ਼ਾ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਗੱਲ ਦੀ ਸ਼ਲਾਘਾ ਹੋਣੀ ਚਾਹੀਦੀ ਹੈ ਕਿ ਉਕਤ ਘਟਨਾ ਤੋਂ ਬਾਅਦ ਕੋਈ ਹਿੰਸਕ ਪ੍ਰਦਰਸ਼ਨ ਨਹੀਂ ਹੋਇਆ। ਹਾਲਾਂਕਿ, ਇਸਦਾ ਮਤਲਬ ਇਹ ਨਹੀਂ ਹੈ ਕਿ ਪੁਲਿਸ ਤੇ ਸੂਬਾ ਪ੍ਰਸ਼ਾਸਨ ਨੂੰ ਇਹ ਮਾਮਲਾ ਹਲਕੇ 'ਚ ਲੈਣਾ ਚਾਹੀਦਾ ਹੈ, ਸਗੋਂ ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਹੇ ਕਿ ਜੇ ਅਜਿਹੀਆਂ ਘਟਨਾਵਾਂ ਨੂੰ ਬਿਨ੍ਹਾਂ ਰੁੱਕੇ ਲਗਾਤਾਰ ਅੱਗੇ ਵੱਧਣ ਦਿੱਤਾ ਗਿਆ, ਤਾਂ ਇਹ ਹਿੰਸਾ ਅਤੇ ਇਥੋਂ ਤੱਕ ਕਿ ਚੋਣਾਂ ਦਾ ਸਾਹਮਣਾ ਕਰ ਰਹੇ ਸੂਬੇ 'ਚ ਅੱਤਵਾਦ ਨੂੰ ਮੁੜ ਹਵਾ ਦੇਣ ਦਾ ਕਾਰਨ ਬਣ ਸਕਦੀਆਂ ਹਨ।
ਜਦਕਿ ਹਾਲੇ ਦੇ ਮਹੀਨਿਆਂ ਦੌਰਾਨ ਸੂਬੇ ਦੇ ਵੱਖ ਵੱਖ ਹਿੱਸਿਆਂ ਅੰਦਰ ਵੱਡੀ ਗਿਣਤੀ 'ਚ ਸਾਹਮਣੇ ਆਈਆਂ ਇਸ ਤਰ੍ਹਾਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ, ਪ੍ਰਦੇਸ਼ ਕਾਂਗਰਸ ਦੇ ਆਗੂਆਂ ਨੇ ਕਿਹਾ ਹੈ ਕਿ ਸਪੱਸ਼ਟ ਤੌਰ 'ਤੇ ਇਨ੍ਹਾਂ ਸਾਰੀਆਂ ਘਟਨਾਵਾਂ ਪਿੱਛੇ ਕੋਈ ਸ਼ੈਤਾਨੀ ਸੋਚ ਕੰਮ ਕਰ ਰਹੀ ਹੈ, ਜਿਹੜੀ ਚੋਣਾਂ ਦੇ ਮੱਦੇਨਜ਼ਰ ਸੂਬੇ ਦੀ ਸ਼ਾਂਤੀ ਨੂੰ ਭੰਗ ਕਰਨਾ ਅਤੇ ਅਸਥਿਰਤਾ ਪੈਦਾ ਕਰਨਾ ਚਾਹੁੰਦੀ ਹੈ।
ਇਸ ਦਿਸ਼ਾ 'ਚ ਸਰਕਾਰ ਵੱਲੋਂ ਇਨ੍ਹਾਂ ਘਟਨਾਵਾਂ ਨੂੰ ਮੁੜ ਵਾਪਰਨ ਤੋਂ ਰੋਕਣ 'ਚ ਅਸਫਲ ਰਹਿਣ ਕਾਰਨ, ਇਨ੍ਹਾਂ 'ਚ ਸਾਫ ਪੈਟਰਨ ਬਣਦਾ ਨਜ਼ਰ ਆ ਰਿਹਾ ਹੈ, ਜਿਹੜਾ ਕਿਸੇ ਵੱਡੀ ਸਾਜਿਸ਼ ਵੱਲ ਇਸ਼ਾਰਾ ਕਰਦਾ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਿੱਖ ਧਰਮ ਗ੍ਰੰਥ 'ਤੇ ਅਜਿਹੇ ਭੜਕਾਊ ਹਮਲਿਆਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਪੰਜਾਬ ਦੇ ਸਮਾਜਿਕ ਤਾਣੇ ਬਾਣੇ ਨੂੰ ਬਚਾਏ ਰੱਖਣ ਲਈ ਇਨ੍ਹਾਂ ਨੂੰ ਰੋਕਣ ਵਾਸਤੇ ਹਰ ਤਰ੍ਹਾਂ ਨਾਲ ਮੁਮਕਿਨ ਕਦਮ ਚੁੱਕੇ ਜਾਣੇ ਚਾਹੀਦੇ ਹਨ।