ਚੰਡੀਗੜ੍ਹ, 21 ਨਵੰਬਰ, 2016 : ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਪੰਜਾਬ 'ਚ ਵਪਾਰ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਇਤਿਹਾਸਕ ਫੈਸਲੇ ਲਏ ਹਨ। ਨਵੇਂ ਕਾਰੋਬਾਰੀਆਂ ਨੂੰ ਹਰੀ ਝੰਡੀ ਦੇਣ ਵਾਲੀਆਂ ਸਾਰੀਆਂ ਸੇਵਾਵਾਂ ਇੱਕ ਛੱਤ ਥੱਲੇ ਕਰਕੇ ਇੱਕ ਨਵੀਂ ਪਰੰਪਰਾ ਸ਼ੁਰੂ ਕੀਤੀ ਗਈ ਹੈ।
ਇਹ ਸ਼ਬਦ ਉਪ ਮੁੱਖ ਮੰਤਰੀ ਦੇ ਸਲਾਹਕਾਰ ਅਤੇ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸ਼ ਪਰਮਿੰਦਰ ਸਿੰਘ ਬਰਾੜ ਨੇ ਇੱਥੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਸੂਬੇ ਅੰਦਰ ਵਪਾਰ ਨੂੰ ਉਤਸ਼ਾਹਿਤ ਕਰਨ ਵਾਸਤੇ ਵਿਸ਼ਵ ਬੈਂਕ ਨੇ ਪੰਜਾਬ ਨੂੰ ਸਾਲ 2015-16 ਦਾ ਨੰਬਰ ਵਨ ਸੂਬਾ ਐਲਾਨਿਆ ਹੈ। ਇਸ ਦੇ ਨਾਲ ਹੀ ਸਾਲ 2016 ਵਿਚ ਪ੍ਰਸਾਸ਼ਕੀ ਸੁਧਾਰਾਂ ਦੇ ਖੇਤਰ ਵਿਚ ਪੰਜਾਬ ਨੂੰ ਪੂਰੇ ਦੇਸ਼ ਵਿਚ ਦੂਜਾ ਸਥਾਨ ਹਾਸਿਲ ਹੋਇਆ ਹੈ।
ਸ਼ ਬਰਾੜ ਨੇ ਕਿਹਾ ਕਿ ਸਰਕਾਰ ਦੀ ਕਾਰਗੁਜ਼ਾਰੀ ਦਾ ਅੰਦਾਜ਼ਾ ਇਸ ਗੱਲ ਤੋ ਲਗਾਇਆ ਜਾ ਸਕਦਾ ਹੈ ਕਿ ਵਪਾਰਕ ਮਨਜ਼ੂਰੀਆਂ ਲਈ ਆਬਕਾਰੀ ਅਤੇ ਟੈਕਸ ਵਿਭਾਗ, ਪ੍ਰਦੂਸ਼ਣ ਕੰਟਰੋਲ ਵਿਭਾਗ, ਉਦਯੋਗ ਡਾਇਰੈਕਟੋਰੇਟ, ਸਥਾਨਕ ਸਰਕਾਰਾਂ, ਪਾਵਰ ਸਟੇਟ ਕਾਰਪੋਰੇਸ਼ਨ ਅਤੇ ਮਾਲ ਮਹਿਕਮੇ ਸਮੇਤ 14 ਪ੍ਰਸਾਸ਼ਕੀ ਵਿਭਾਗਾਂ ਨੂੰ ਇੱਕ ਛੱਤ ਥੱਲੇ ਇਕੱਠਾ ਕੀਤਾ ਹੈ।
ਉਹਨਾਂ ਕਿਹਾ ਕਿ ਸੂਬੇ ਅੰਦਰ ਸਰਪੱਲਸ ਬਿਜਲੀ, ਚਾਰ ਅਤੇ ਛੇ ਮਾਰਗੀ ਸੜਕੀ ਨੈਟਵਰਕ, ਵਧੀਆ ਹਵਾਈ ਨੈਟਵਰਕ ਅਤੇ ਇੱਕ ਛੱਤ ਥੱਲੇ ਜਰੂਰੀ ਮਨਜ਼ੂਰੀਆਂ ਦੀ ਸਹੂਲਤ ਨੂੰ ਵੇਖਦੇ ਹੋਏ 412 ਕਾਰੋਬਾਰੀਆਂ ਨੇ ਪੰਜਾਬ ਅੰਦਰ ਸਾਢੇ ਤੀਹ ਹਜ਼ਾਰ ਕਰੋੜ ਦਾ ਨਿਵੇਸ਼ ਕਰਨ ਲਈ ਅਰਜ਼ੀਆਂ ਦਿੱਤੀਆਂ ਹਨ। ਇਹਨਾਂ ਵਿਚੋਂ 83 ਫੀਸਦੀ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ 67 ਫੀਸਦੀ ਪ੍ਰਾਜੈਕਟ ਨਿਰਮਾਣ-ਅਧੀਨ ਹਨ। ਇਹਨਾਂ ਵਿਚੋਂ 35 ਫੀਸਦੀ ਪ੍ਰਾਜੈਕਟ ਲੱਗ ਚੁੱਕੇ ਹਨ। ਉਹਨਾਂ ਕਿਹਾ ਕਿ ਇਹਨਾਂ ਪ੍ਰਾਜੈਕਟਾਂ ਤਹਿਤ ਐਗਰੋ ਐਂਡ ਫੂਡ 'ਚ 32, ਸੋਲਰ ਪਾਵਰ 'ਚ 12, ਸੈਰ ਸਪਾਟੇ 'ਚ 9, ਹੈਲਥ ਕੇਅਰ 'ਚ 4, ਰੀਅਲ ਅਸਟੇਟ ' ਚ 4, ਬੁਨਿਆਦੀ ਢਾਂਚੇ 'ਚ 5 ਅਤੇ ਸਕਿੱਲ ਡਿਵੈਲਪਮੈਂਟ 'ਚ 3 ਫੀਸਦੀ ਲੋਕਾਂ ਨੇ ਦਿਲਚਸਪੀ ਵਿਖਾਈ ਹੈ।
ਸ਼ ਬਰਾੜ ਨੇ ਦੱਸਿਆ ਕਿ ਆਲੂ ਬੀਜ ਉਤਪਾਦਨ ਵਾਸਤੇ ਮੋਹਾਲੀ 'ਚ ਮਹਿੰਦਰਾ, ਦੁੱਧ ਉਤਪਾਦਾਂ ਲਈ ਫਤਿਹਗੜ੍ਹ ਸਾਹਿਬ 'ਚ ਅਮੂਲ ਅਤੇ ਗਲੂਕੋਜ਼ ਵਰਗੀਆਂ ਕੰਪਨੀਆਂ ਸਥਾਪਤ ਹ ਚੁੱਕੀਆਂ ਹਨ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਸ਼ ਪਰਕਾਸ਼ ਸਿੰਘ ਬਾਦਲ ਦੀ ਸੁਚੱਜੀ ਅਗਵਾਈ ਅਤੇ ਉਪ ਮੁੱਖ ਮੰਤਰੀ ਸ਼ ਸੁਖਬੀਰ ਸਿੰਘ ਬਾਦਲ ਦੀ ਦੂਰ ਅੰਦੇਸ਼ੀ ਸੋਚ ਸਦਕਾ ਪੰਜਾਬ ਦੇ ਹਰ ਖੇਤਰ ਦਾ ਵਿਕਾਸ ਹੋਇਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਲਗਾਤਾਰ ਤੀਜੀ ਵਾਰ ਅਕਾਲੀ-ਭਾਜਪਾ ਸਰਕਾਰ ਬਣ ਕੇ ਇੱਕ ਨਵਾਂ ਇਤਿਹਾਸ ਸਿਰਜਣਗੇ।