ਮੋਗਾ, 22 ਦਸੰਬਰ, 2016 : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਪਰਮਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਯੋਗਤਾ ਮਿਤੀ 1.1.2017 ਦੇ ਆਧਾਰ 'ਤੇ ਫ਼ੋਟੋ ਵੋਟਰ ਸੂਚੀ ਦੀ ਸਰਸਰੀ ਸੁਧਾਈ ਦੌਰਾਨ 7 ਸਤੰਬਰ, 2016 ਤੋਂ 7 ਅਕਤੂਬਰ, 2016 ਤੱਕ ਪ੍ਰਾਪਤ ਹੋਏ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਵੱਲੋਂ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਰਾਜ ਵਿੱਚ ਨੌਜਵਾਨਾਂ ਦੀ ਘੱਟ ਹੋਈ ਰਜਿਸ਼ਟ੍ਰੇਸ਼ਨ ਨੂੰ ਮੱਦੇ-ਨਜ਼ਰ ਰੱਖਦੇ ਹੋਏ ਹੋਰ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨ ਲਈ 31 ਦਸੰਬਰ, 2016 ਤੱਕ ਫਾਰਮ ਨੰ: 6,7,8,8-ਏ ਪ੍ਰਾਪਤ ਕਰਨ ਲਈ ਸਮਾਂ ਦਿੱਤਾ ਗਿਆ ਹੈ, ਤਾਂ ਜੋ ਕੋਈ ਵੀ ਯੌਗ ਵੋਟਰ ਵੋਟ ਬਣਵਾਉਣ ਤੋ ਵਾਝਾਂ ਨਾ ਰਹਿ ਜਾਵੇ। ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਗਾਮੀ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਆਮ ਜਨਤਾ ਨੂੰ ਵੋਟਾਂ ਬਣਾਉਣ ਲਈ 13 ਦਸੰਬਰ 2016 ਤੱਕ ਪ੍ਰਾਪਤ ਹੋਏ ਦਾਅਵੇ ਤੇ ਇਤਰਾਜਾਂ ਦੀ ਸੂਚੀ ਫ਼ਾਰਮ ਨੰਬਰ 9, 10, 11 ਅਤੇ 11-ਏ ਵਿੱਚ ਤਿਆਰ ਕਰਕੇ 21 ਦਸੰਬਰ ਨੂੰ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦੇ ਨੋਟਿਸ ਬੋਰਡ 'ਤੇ ਚਸਪਾ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਫਾਰਮਾਂ ਦਾ ਨਿਪਟਾਰਾ 29 ਦਸੰਬਰ ਤੱਕ ਕੀਤਾ ਜਾਣਾ ਹੈ ਅਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 05 ਜਨਵਰੀ 2017 ਨੂੰ ਕੀਤੀ ਜਾਵੇਗੀ।