ਚੰਡੀਗੜ੍ਹ, 21 ਦਸੰਬਰ, 2016 : ਆਮ ਆਦਮੀ ਪਾਰਟੀ (ਆਪ) ਦੇ ਸੂਬਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਹੈ ਕਿ ਆਪ ਵੱਲੋਂ ਅਕਾਲੀਆਂ ਦੇ ਦਸ ਨੰਬਰੀਆਂ ਦੀ ਲਿਸਟ ਜਾਰੀ ਹੋਣ ਤੋਂ ਥੋੜੇ ਦਿਨ ਬਾਅਦ ਹੀ ਅਕਾਲੀਆਂ ਦੀ ਲਿਸਟ ਵਿੱਚ ਇੱਕ ਹੋਰ ਦਸ ਨੰਬਰੀ ਜੁੜ ਗਿਆ ਹੈ। ਉਨਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੇ ਗਏ ਉਮੀਦਵਾਰ ਸੁੱਚਾ ਸਿੰਘ ਲੰਗਾਹ ਵੱਲੋਂ ਭਿ੍ਰਸ਼ਟਾਚਾਰ ਦੇ ਕੇਸ ਵਿੱਚ ਸੁਣਾਈ ਗਈ ਸਜਾ ਉਤੇ ਰੋਕ ਲਗਾਉਣ ਲਈ ਪਾਈ ਗਈ ਅਪੀਲ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਰੱਦ ਕਰ ਦਿੱਤਾ ਹੈ।
ਵੜੈਚ ਨੇ ਕਿਹਾ ਕਿ ਹਾਲ ਹੀ ਵਿੱਚ ਉਨਾਂ ਵੱਲੋਂ 10 ਅਕਾਲੀਆਂ ਦੇ ਨਾਂਅ ਦੱਸੇ ਗਏ ਸਨ, ਜਿਹੜੇ ਕਿ ਭਿ੍ਰਸ਼ਟਾਚਾਰ ਅਤੇ ਨਸ਼ਿਆਂ ਦੇ ਵੱਖ-ਵੱਖ ਕੇਸਾਂ ਵਿੱਚ ਸ਼ਾਮਿਲ ਸਨ ਅਤੇ ਹੁਣ ਇੱਕ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਨਾਮ ਵੀ ਇਸ ਲਿਸਟ ਵਿੱਚ ਸ਼ਾਮਿਲ ਹੋ ਗਿਆ ਹੈ ਅਤੇ ਇਸ ਤਰਾਂ ਇਹ ਲਿਸਟ 11 ਜਣਿਆਂ ਦੀ ਹੋ ਗਈ ਹੈ। ਵੜੈਚ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਖੁਦ ਫੈਸਲਾ ਕਰਨ ਕਿ ਅਕਾਲੀ ਉਨਾਂ ਨੂੰ ਕਿਸ ਤਰਾਂ ਦੀ ਸਰਕਾਰ ਦੇਣਾ ਚਾਹੁੰਦੇ ਸਨ ਅਤੇ ਕੀ ਤੁਸੀਂ ਦਸ ਨੰਬਰੀਆਂ ਦੀ ਸਰਕਾਰ ਬਣਾਉਣਾ ਚਾਹੁੰਦੇ ਹੋ?
ਵੜੈਚ ਨੇ ਕਿਹਾ ਕਿ ਅਕਾਲੀਆਂ ਵੱਲੋਂ ਚੋਣ ਮੈਦਾਨ ਵਿੱਚ ਅਪਰਾਧੀ ਪਿਛੋਕੜ ਵਾਲੇ ਵਿਅਕਤੀ ਨੂੰ ਉਤਾਰਨ ਤੋਂ ਸਾਫ ਪਤਾ ਲਗਦਾ ਹੈ ਬਾਦਲਾਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਬਹੁਤ ਹਲਕੇ ਵਿੱਚ ਲਿਆ ਜਾ ਰਿਹਾ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਲੋਕ ਇਨਾਂ ਨੂੰ ਆਪਣੀ ਅਸਲ ਤਾਕਤ ਵਿਖਾਉਣ ਅਤੇ ਉਨਾਂ ਨੂੰ ਸੱਤਾ ਤੋਂ ਬਾਹਰ ਕਰਕੇ ਵਿਧਾਨ ਸਭਾ ਵਿੱਚ ਜਾਣ ਤੋਂ ਰੋਕਣ।
ਇਹ ਇੱਥੇ ਖਾਸ ਵਰਣਨਯੋਗ ਹੈ ਕਿ ਲੰਗਾਹ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਪੀਲ ਦਾਇਰ ਕੀਤੀ ਗਈ ਸੀ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਸਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਤਾਰਿਆ ਗਿਆ ਹੈ, ਇਸ ਲਈ ਉਸਦੀ ਸਜਾ ਉਤੇ ਫਿਲਹਾਲ ਰੋਕ ਲਗਾਈ ਜਾਵੇ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਡੇਰਾ ਬਾਬਾ ਨਾਨਕ ਹਲਕੇ ਤੋਂ ਸੁੱਚਾ ਸਿੰਘ ਲੰਗਾਹ ਨੂੰ ਉਮੀਦਵਾਰ ਐਲਾਨਣ ਤੋਂ ਕੁੱਝ ਦਿਨ ਬਾਅਦ ਹੀ ਉਸਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਰੁਖ ਅਖਤਿਆਰ ਕੀਤਾ ਅਤੇ ਭਿ੍ਰਸ਼ਟਾਚਾਰ ਦੇ ਮਾਮਲੇ ਵਿੱਚ ਹੇਠਲੀ ਅਦਾਲਤ ਵੱਲੋਂ ਸੁਣਾਈ ਗਈ ਸਜਾ ਉਤੇ ਰੋਕ ਲਗਾਉਣ ਲਈ ਅਪੀਲ ਕੀਤੀ, ਜਿਸਨੂੰ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਜ ਰੱਦ ਕਰ ਦਿੱਤਾ।
ਵੜੈਚ ਨੇ ਕਿਹਾ ਕਿ ਕਾਨੂੰਨੀ ਮਾਹਿਰਾਂ ਮੁਤਾਬਿਕ ਜਨਤਕ ਨੁਮਾਇੰਦਗੀ ਦੇ ਐਕਟ 1955 ਦੇ ਸੈਕਸ਼ਨ 8 ਅਨੁਸਾਰ ਅਜਿਹਾ ਵਿਅਕਤੀ ਚੋਣ ਨਹੀਂ ਲੜ ਸਕਦਾ, ਜਿਸਨੂੰ ਕਿਸੇ ਅਪਰਾਧ ਲਈ ਦੋ ਸਾਲ ਤੋਂ ਜਿਆਦਾ ਕੈਦ ਦੀ ਸਜਾ ਸੁਣਾਈ ਗਈ ਹੋਵੇ।
ਵੜੈਚ ਨੇ ਪੰਜਾਬ ਦੀ ਜਨਤਾ ਦੇ ਤੌਰ 'ਤੇ ਬਾਦਲ ਨੂੰ ਪੰਜ ਸਵਾਲ ਪੁੱਛੇ ਹਨ।
ਪੰਜਾਬ ਦੇ ਲੋਕਾਂ ਵਲੋਂ ਆਮ ਆਦਮੀ ਪਾਰਟੀ ਬਾਦਲੋਂ ਕੋਲੋਂ ਇਹ 5 ਸਵਾਲ ਪੁੱਛ ਦੀ ਹੈ।
1. ਕੀ ਅਕਾਲੀ ਦਲ ਦੀ ਟਿਕਟ ਲੈਣ ਦੀ ਯੋਗਤਾ ਬਿਕਰਮ ਸਿੰਘ ਮਜੀਠੀਆ ਵਲੋਂ ਚਲਾਏ ਜਾ ਰਹੇ ਨਸ਼ਾ ਤਸਕਰੀ ਦੇ ਧੰਦੇ ਵਿਚ ਮੈਂਬਰ ਹੋਣਾ ਹੈ?
2. ਕੀ ਬਾਦਲ ਪਰਿਵਾਰ ਆਉਣ ਵਾਲੀਆਂ ਚੋਣਾਂ ਵਿਚ ਘੋਟਾਲੇਬਾਜਾਂ ਗੁੰਡਿਆ ਅਤੇ ਅਪਰਾਧੀਆਂ ਨੂੰ ਜਨਤਾ ‘ਤੇ ਫਿਰ ਥੋਪਣਾ ਚਾਹੁੰਦੀ ਹੈ?
3. ਕੀ ਇਹ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੀ ਇਹ ਪਿਛਲੇ 10 ਸਾਲਾਂ ਦੀ ਨਿਕੰਮੀ ਸਰਕਾਰ ਦੇ ਬ੍ਰੈਂਡ ਅੰਬੇਸਡਰ ਹਨ?
4. ਕੀ ਬਾਦਲ ਇਹ ਸੋਚਦੇ ਹਨ ਕਿ ਪੰਜਾਬ ਅਜਿਹੇ ਗੁੰਡਿਆਂ ਅਤੇ ਅਪਰਾਧੀਆਂ ਦੇ ਹੱਥ ਹੀ ਰਹੇ?
5. ਕੀ ਬਾਦਲ ਇਹ ਸੋਚਦੇ ਹਨ ਕਿ ਇਹ ਦਸ ਨੰਬਰੀ ਹੀ ਪੰਜਾਬ ਬਦਲਣਗੇ?