ਚੰਡੀਗੜ੍ਹ, 31 ਦਸੰਬਰ, 2016 : ਪਾਰਟੀ ਅੰਦਰ ਵੱਡੀ ਫੁੱਟ ਪੈਣ ਤੋਂ ਡਰਦੀ ਕਾਂਗਰਸ ਬਾਕੀ ਬਚਦੀਆਂ 40 ਸੀਟਾਂ ਦੇ ਉਮੀਦਵਾਰ ਘੋਸ਼ਿਤ ਕਰਨ ਤੋਂ ਝਿਜਕ ਰਹੀ ਹੈ। ਇਹਨਾਂ ਸੀਟਾਂ ਉੱਤੇ ਪਾਰਟੀ ਦੀ ਸਥਿਤੀ ਬਹੁਤ ਕਮਜ਼ੋਰ ਹੈ, ਉੱਤੋਂ ਬਾਗੀਆਂ ਨੇ ਵੀ ਲੱਕ ਤੋੜ ਦੇਣ ਵਾਲੀ ਟੱਕਰ ਦੇਣੀ ਹੈ, ਜਿਸ ਨਾਲ ਅਮਰਿੰਦਰ ਸਿੰਘ ਦੀ ਹਾਲਤ ਹੋਰ ਪਤਲੀ ਹੋ ਜਾਣ ਦੀ ਸੰਭਾਵਨਾ ਹੈ।
ਇਹ ਸ਼ਬਦ ਰਾਜ ਸਭਾ ਮੈਂਬਰ ਅਤੇ ਸ੍ਰæੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ਼ ਸੁਖਦੇਵ ਸਿੰਘ ਢੀਂਡਸਾ ਨੇ ਇੱਥੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਹੇ। ਉਹਨਾਂ ਕਿਹਾ ਕਿ ਅਮਰਿੰਦਰ ਨੇ ਕਿਹਾ ਸੀ ਕਿ ਪਾਰਟੀ ਵੱਲੋਂ ਟਿਕਟਾਂ ਦਾ ਐਲਾਨ ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਕਰ ਦਿੱਤਾ ਜਾਵੇਗਾ, ਪਰ ਉਹ ਆਪਣਾ ਇਹ ਵਾਅਦਾ ਪੁਗਾਉਣ ਵਿਚ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ।
ਸ਼ ਢੀਂਡਸਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਕਰੀਬ ਇੱਕ ਦਰਜਨ ਹਲਕਿਆਂ ਵਿਚ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਟਾਲਾ, ਖੇਮਕਰਨ ਅਤੇ ਡੇਰਾ ਬਾਬਾ ਨਾਨਕ ਹਲਕਿਆਂ ਵਿਚ ਪਾਰਟੀ ਉਮੀਦਵਾਰਾਂ ਖਿਲਾਫ ਖੜ੍ਹੇ ਹੋਏ ਪਰਿਵਾਰਕ ਮੈਂਬਰਾਂ ਨੂੰ ਵੀ ਮਨਾਉਣ ਵਿਚ ਕਾਂਗਰਸ ਅਸਫਲ ਰਹੀ ਹੈ। ਹਾਈਕਮਾਂਡ ਚਾਹੁੰਦਾ ਹੈ ਕਿ ਅਮਰਿੰਦਰ ਪਹਿਲਾਂ ਇਹਨਾਂ ਬਾਗੀਆਂ ਨੂੰ ਸ਼ਾਂਤ ਕਰ ਲਵੇ, ਉਸ ਤੋਂ ਬਾਅਦ ਹੀ ਬਾਕੀ ਬਚਦੀਆਂ ਸੀਟਾਂ ਉੱਤੇ ਟਿਕਟਾਂ ਦੀ ਘੋਸ਼ਣਾ ਕੀਤੀ ਜਾਵੇ।
ਅਕਾਲੀ ਆਗੂ ਨੇ ਕਿਹਾ ਕਿ ਜਦੋਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕਾਂਗਰਸ ਹਾਈਕਮਾਂਡ ਚੋਣਾਂ ਮਗਰੋਂ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਬਣਾ ਸਕਦੀ ਹੈ, ਅਮਰਿੰਦਰ ਦਾ ਹੌਸਲਾ ਢਹਿ ਗਿਆ ਹੈ ਅਤੇ ਉਸ ਦੀ ਚੋਣਾਂ ਵਿਚ ਦਿਲਚਸਪੀ ਘਟ ਰਹੀ ਹੈ। ਸਿੱਧੂ ਦਾ ਇਸ ਗੱਲ ਉੱਤੇ ਜ਼ੋਰ ਦੇਣਾ ਕਿ ਉਹ ਸਿਰਫ ਰਾਹੁਲ ਗਾਂਧੀ ਦੀ ਹਾਜ਼ਰੀ ਵਿਚ ਹੀ ਕਾਂਗਰਸ ਵਿਚ ਸ਼ਮੂਲੀਅਤ ਕਰੇਗਾ, ਵੀ ਸੰਕੇਤ ਦਿੰਦਾ ਹੈ ਕਿ ਹਾਈਕਮਾਂਡ ਨੇ ਸਿੱਧੂ ਨੂੰ ਅੰਦਰਖਾਤੇ ਭਰੋਸਾ ਦਿੱਤਾ ਹੈ ਕਿ ਸੱਤਾ ਵਿਚ ਆਉਣ ਦੀ ਸੂਰਤ ਵਿਚ ਉਸ ਨੂੰ ਮੁੱਖ ਮੰਤਰੀ ਬਣਾਇਆ ਜਾਵੇਗਾ।
ਉਹਨਾਂ ਕਿਹਾ ਕਿ ਸਿੱਧੂ ਨੂੰ ਹਾਈਕਮਾਂਡ ਨੇ ਬੋਲੀ ਲਾ ਕੇ ਕਾਂਗਰਸ ਵਿਚ ਆਉਣ ਲਈ ਤਿਆਰ ਕੀਤਾ ਹੈ, ਇਸ ਲਈ ਉਸ ਨੂੰ ਪਾਰਟੀ ਟਿਕਟ ਦੇਣ ਦਾ ਵੀ ਭਰੋਸਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਟਿਕਟਾਂ ਦਿੱਤੇ ਜਾਣ ਨੂੰ ਲੈ ਕੇ ਪਰਗਟ ਸਿੰਘ, ਇੰਦਰਬੀਰ ਬੁਲਾਰੀਆ, ਰਾਜਵਿੰਦਰ ਕੌਰ ਭਾਗੀਕੇ, ਸਰਵਣ ਸਿੰਘ ਫਿਲੌਰ ਅਤੇ ਘੁਬਾਇਆ ਦੇ ਪਰਿਵਾਰ ਦੇ ਸਿਰ ਉੱਤੇ ਅਜੇ ਤੀਕ ਤਲਵਾਰ ਲਟਕ ਰਹੀ ਹੈ। ਅਮਰਿੰਦਰ ਨੂੰ ਇਹ ਚਿੰਤਾ ਵੀ ਖਾ ਰਹੀ ਹੈ ਕਿ ਜੇਕਰ ਉਸ ਦੇ ਖਾਸ ਬੰਦਿਆਂ ਨੂੰ ਟਿਕਟ ਨਾ ਮਿਲੀ ਤਾਂ ਪਾਰਟੀ ਅੰਦਰ ਉਸ ਦੀ ਸਥਿਤੀ ਹੋਰ ਕਮਜ਼ੋਰ ਹੋ ਜਾਵੇਗੀ।
ਸ਼ ਢੀਂਡਸਾ ਨੇ ਕਿਹਾ ਕਿ ਅਮਰਿਂੰਦਰ ਕੋਲ 'ਆਪ' ਨੂੰ ਮੁੱਖ ਮੰਤਰੀ ਉਮੀਦਵਾਰ ਘੋਸ਼ਿਤ ਕਰਨ ਲਈ ਕਹਿਣ ਦਾ ਕੋਈ ਹੱਕ ਨਹੀਂ ਹੈ,ਕਿਉਂਕਿ ਕਾਂਗਰਸ ਨੇ ਅਜੇ ਤੱਕ ਉਸ ਨੂੰ ਮੁੱਖ ਮੰਤਰੀ ਉਮੀਦਵਾਰ ਨਹੀਂ ਐਲਾਨਿਆ ਹੈ। ਸਿੱਧੂ ਬਾਰੇ ਚੱਲ ਰਹੀਆਂ ਕਨਸੋਆਂ ਨੂੰ ਵੇਖਦਿਆਂ ਅਮਰਿੰਦਰ ਦੀ ਚੌਧਰ ਖਤਰੇ ਵਿਚ ਹੈ।