ਚੀਮਾ ਜੋਧਪੁਰ (ਬਰਨਾਲਾ), 22 ਨਵੰਬਰ, 2016 : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਦੋਖੀਆਂ ਨੂੰ ਚੰਦ ਮਹੀਨਿਆਂ ਦੇ ਅੰਦਰ ਫੜ ਕੇ ਐਸੀ ਮਿਸਾਲੀ ਸਜਾ ਦਿੱਤੀ ਜਾਵੇਗੀ ਕਿ ਭਵਿੱਖ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਜਾਂ ਕਿਸੇ ਹੋਰ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਦੀ ਜੁਰਤ ਨਹੀਂ ਕਰ ਸਕੇਗਾ। ਅਰਵਿੰਦ ਕੇਜਰੀਵਾਲ ਚੀਮਾ ਜੋਧਪੁਰ ਪਿੰਡ ਵਿੱਚ ਪੰਜਾਬ ਇਨਕਲਾਬ ਰੈਲੀ ਦੇ ਭਾਰੀ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨਾਂ ਨਾਲ ਹੀ ਇਸ ਮੌਕੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ, ਭਦੌੜ ਤੋਂ ਉਮੀਦਵਾਰ ਪਿਰਮਲ ਸਿੰਘ ਧੌਲਾ, ਬਰਨਾਲਾ ਤੋਂ ਉਮੀਦਵਾਰ ਮੀਤ ਹੇਅਰ, ਮਹਿਲਕਲਾਂ ਤੋਂ ਉਮੀਦਵਾਰ ਕੁਲਵੰਤ ਸਿੰਘ ਪੰਡੌਰੀ, ਸੰਗਰੂਰ ਜੋਨ ਦੇ ਕੋਆਰਡੀਨੇਟਰ ਅਬਜਿੰਦਰ ਸਿੰਘ ਸੰਘਾ ਅਤੇ ਫਰੀਦਕੋਟ ਜੋਨ ਦੇ ਕੋਆਰਡੀਨੇਟਰ ਦਲਬੀਰ ਸਿੰਘ ਢਿੱਲੋਂ ਸਮੇਤ ਹੋਰ ਆਗੂ ਮੰਚ ਉਤੇ ਮੌਜੂਦ ਸਨ।
ਅਰਵਿੰਦ ਕੇਜਰੀਵਾਲ ਨੇ ਬਰਗਾੜੀ ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਨੂੰ ਬੇਹੱਦ ਨਿੰਦਣਯੋਗ ਅਤੇ ਦੁਖਦਾਇਕ ਦਸਦਿਆਂ ਕਿਹਾ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲੇ ਇਨਸਾਨ ਨਹੀਂ ਹੈਵਾਨ ਹੀ ਹੋਣਗੇ। ਦੁੱਖ ਇਸ ਗੱਲ ਦਾ ਹੈ ਕਿ ਪੰਜਾਬ ਦੀ ਬਾਦਲ ਸਰਕਾਰ ਇਨਾਂ ਹੈਵਾਨਾਂ ਨੂੰ ਅਜੇ ਤੱਕ ਫੜ ਕੇ ਸਜਾ ਨਹੀਂ ਦੇ ਸਕੀ। ਉਨਾਂ ਕਿਹਾ ਕਿ ਦੋ ਮਹੀਨਿਆਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ, ਪਾਕ-ਏ-ਕੁਰਾਨ ਅਤੇ ਪਵਿੱਤਰ ਗੀਤਾ ਦੀ ਬੇਅਦਬੀ ਕਰਨ ਵਾਲੇ ਅਸਲੀ ਦੋਖੀਆਂ ਨੂੰ ਲੱਭ ਕੇ ਮਿਸਾਲੀ ਸਜਾ ਦਿੱਤੀ ਜਾਵੇਗੀ।
ਕਾਲੇ ਧਨ ਦੇ ਮੁੱਦੇ ਉਤੇ ਬੋਲਦਿਆਂ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਆਮ ਆਦਮੀ ਆਪਣੇ ਹੱਕ-ਸੱਚ ਦਾ ਪੈਸਾ ਲੈਣ ਲਈ ਕਈ-ਕਈ ਦਿਨਾਂ ਤੋਂ ਲਾਇਨਾਂ ਵਿੱਚ ਖੜਾ ਹੈ, ਪ੍ਰੇਸ਼ਾਨ ਹੋ ਰਿਹਾ ਹੈ ਅਤੇ ਅਣਗਿਣਤ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਉਨਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕਾਲੇ ਧਨ ਦੇ ਨਾਂਅ ਉਤੇ ਆਮ ਆਦਮੀ ਨੂੰ ਕਿਓਂ ਤੜਫਾਇਆ ਜਾ ਰਿਹਾ ਹੈ। ਜੇਕਰ ਕਾਲੇ ਧਨ ਦੇ ਅਸਲੀ ਧਨ-ਕੁਬੇਰਾਂ ਨੂੰ ਫੜਨਾ ਹੈ ਤਾਂ ਸ਼ੁਰੂਆਤ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਵਰਗਿਆਂ ਤੋਂ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਬਾਦਲ ਅਤੇ ਕੈਪਟਨ ਪੰਜਾਬ ਨੂੰ ਲੁੱਟ ਰਹੇ ਹਨ ਅਤੇ ਇੱਕ ਦੂਜੇ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਕੇਸਾਂ ਨੂੰ ਵਾਪਿਸ ਲੈ ਰਹੇ ਹਨ। ਇਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਪ੍ਰਨੀਤ ਕੌਰ, ਰਣਇੰਦਰ ਅਤੇ ਉਨਾਂ ਦੇ ਟ੍ਰਸਟ ਦੇ ਸਵਿੱਸ ਬੈਂਕ ਖਾਤਿਆਂ ਦੇ ਅਕਾਉਂਟ ਨੰਬਰ ਵੀ ਲੋਕਾਂ ਨੂੰ ਦੱਸੇ।
ਉਨਾਂ ਨਾਲ ਹੀ ਕਿਹਾ ਕਿ ਸਰਕਾਰੀ ਹਸਪਤਾਲਾਂ ਤੇ ਸਰਕਾਰੀ ਸਕੂਲਾਂ ਦੀ ਦਿੱਲੀ ਵਾਂਗ ਦਸ਼ਾ ਸੁਧਾਰੀ ਜਾਵੇਗੀ। ਉਨਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਵਿੱਚ ਸਰਕਾਰੀ ਪਿੰਡ ਕਲੀਨਿਕ ਖੋਲੇ ਜਾਣਗੇ, ਜਿੱਥੇ ਮੁਫਤ ਟੈਸਟ, ਦਵਾਈਆਂ ਅਤੇ ਡਾਕਟਰ ਮੁਹੱਈਆ ਹੋਣਗੇ ਅਤੇ ਲੋਕਾਂ ਨੂੰ ਇਲਾਜ ਕਰਵਾਉਣ ਲਈ ਖੱਜਲ-ਖੁਆਰ ਨਹੀਂ ਹੋਣਾ ਪਵੇਗਾ। ਉਨਾਂ ਇਹ ਵੀ ਦੱਸਿਆ ਕਿ ਦਿੱਲੀ ਸਰਕਾਰ ਨੇ ਫਸਲਾਂ ਦੀ ਬਰਬਾਦੀ ਹੋਣ ਉਤੇ 20 ਹਜਾਰ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ, ਜੋ ਕਿ ਪੂਰੇ ਦੇਸ਼ ਵਿੱਚ ਕਿਸੇ ਸਰਕਾਰ ਨੇ ਨਹੀਂ ਦਿੱਤਾ।