ਚੰਡੀਗੜ੍ਹ, 23 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਬਾਦਲਾਂ ਉਪਰ ਜਾਣਬੁਝ ਕੇ ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਲਏ ਗਏ ਸਾਰੇ ਫੈਸਲਿਆਂ ਦੀ ਸਮੀਖਿਆ ਕਰਨ ਸਬੰਧੀ ਉਨ੍ਹਾਂ ਦੇ ਬਿਆਨ ਨੂੰ ਗਲਤ ਰੰਗ ਦੇਣ ਦਾ ਦੋਸ਼ ਲਗਾਇਆ ਹੈ, ਜਿਸ ਸਬੰਧੀ ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਕੋਈ ਵੀ ਸਰਕਾਰੀ ਨਿਯੁਕਤੀ ਪੜਤਾਲ ਦਾ ਹਿੱਸਾ ਨਹੀਂ ਹੋਵੇਗੀ |
ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਪ੍ਰਤੀ ਪਰਿਵਾਰ ਇਕ ਨੌਕਰੀ ਦੇਣ ਲਈ ਵਚਨਬੱਧ ਹਨ ਤੇ ਕਿਸੇ ਵੀ ਸਰਕਾਰੀ ਮੁਲਾਜ਼ਮ ਨੂੰ ਉਸਦੀ ਨੌਕਰੀ ਤੋਂ ਵਾਂਝਾ ਨਹੀਂ ਕੀਤਾ ਜਾਵੇਗਾ | ਇਸ ਤੋਂ ਇਲਾਵਾ, ਉਨ੍ਹਾਂ ਨੇ ਠੇਕੇ ਉਪਰ ਰੱਖੇ ਸਾਰੇ ਮੁਲਾਜ਼ਮਾਂ ਨੂੰ ਸਬੰਧਤ ਲਾਭਾਂ ਤੇ ਸੁਵਿਧਾਵਾਂ ਸਮੇਤ ਰੈਗੁਲਰ ਕਰਨ ਦਾ ਵਾਅਦਾ ਕੀਤਾ ਹੈ |
ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਸਿਰਫ ਬਾਦਲਾਂ ਵੱਲੋਂ ਆਪਣੇ ਲੋਕਾਂ ਦੇ ਹਿੱਤਾਂ ਨੂੰ ਪ੍ਰਮੋਟ ਕਰਨ ਖਾਤਿਰ ਜ਼ਲਦਬਾਜੀ 'ਚ ਕੀਤੀਆਂ ਗਈਆਂ ਸਿਆਸੀ ਨਿਯੁਕਤੀਆਂ ਨੂੰ ਲੈ ਕੇ ਚਿੰਤਤ ਹਨ | ਉਨ੍ਹਾਂ ਦੇ ਟਾਰਗੇਟ 'ਚ ਓਹੀ ਫੈਸਲੇ ਹਨ, ਜਿਹੜੇ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਹਨ ਤੇ ਸੂਬੇ ਦੇ ਆਮ ਲੋਕਾਂ ਤੇ ਖਾਸ ਕਰਕੇ ਬੇਰੁਜ਼ਗਾਰੀ ਦੇ ਬੋਝ ਕਾਰਨ ਨਸ਼ਿਆਂ ਦੇ ਸ਼ਿਕਾਰ ਹੋ ਰਹੇ ਨੌਜ਼ਵਾਨਾਂ ਦੀ ਲਾਗਤ 'ਤੇ ਅਕਾਲੀ ਭਾਜਪਾ ਗਠਜੋੜ 'ਚ ਅਸੰਤੁਸ਼ਟਾਂ ਨੂੰ ਮਨਾਉਣ ਲਈ ਕੀਤੇ ਗਏ ਹਨ |
ਕੈਪਟਨ ਅਮਰਿੰਦਰ ਨੇ ਕਿਹਾ ਕਿ ਅਜਿਹੀਆਂ ਬਹੁਤ ਸਾਰੀਆਂ ਨਿਯੁਕਤੀਆਂ ਰਿਟਾਇਰਡ ਸਰਕਾਰੀ ਮੁਲਾਜ਼ਮਾਂ ਤੇ ਸਿਆਸਤਦਾਨਾਂ ਨੂੰ ਦਿੱਤੀਆਂ ਗਈਆਂ ਹਨ, ਜਿਨ੍ਹਾਂ ਨੂੰ ਬਾਦਲਾਂ ਵੱਲੋਂ ਟਿਕਟਾਂ ਨਹੀਂ ਦਿੱਤੀਆਂ ਗਈਆਂ ਸਨ | ਜਿਸ 'ਤੇ, ਉਨ੍ਹਾਂ ਨੇ ਸੱਤਾ 'ਚ ਆਉਣ ਤੋਂ ਤੁਰੰਤ ਬਾਅਦ ਅਜਿਹੀ ਹਰੇਕ ਨਿਯੁਕਤੀ ਦੀ ਸਮੀਖਿਆ ਕਰਨ ਸਬੰਧੀ ਆਪਣੀ ਧਮਕੀ ਨੂੰ ਇਕ ਵਾਰ ਫਿਰ ਤੋਂ ਦੁਹਰਾਇਆ ਹੈ |
ਪੰਜਾਬ ਕਾਂਗਰਸ ਪ੍ਰਧਾਨ ਨੇ ਬਾਦਲਾਂ ਉਪਰ ਝੂਠੇ ਤੇ ਗੁੰਮਰਾਹਕੁੰਨ ਬਿਆਨ ਦੇਣ ਸਮੇਤ ਸੂਬੇ 'ਚ ਆਉਂਦੀਆਂ ਵਿਧਾਨ ਸਭਾ ਚੋਣਾਂ 'ਚ ਪੂਰੀ ਤਰ੍ਹਾਂ ਸਾਫ ਹੋਣ ਦੀ ਨਿਸ਼ਚਿਤਤਾ ਦੇ ਮੱਦੇਨਜ਼ਰ ਨਿਰਾਸ਼ਾ ਹੇਠ, ਉਨ੍ਹਾਂ ਤੇ ਉਨ੍ਹਾਂ ਦੀ ਪਾਰਟੀ ਖਿਲਾਫ ਨਿਰਾਧਾਰ ਦੋਸ਼ ਲਗਾਉਣ ਦੇ ਦੋਸ਼ਾਂ ਨੂੰ ਦੁਹਰਾਇਆ ਹੈ |