ਮਹਿਲ ਕਲਾਂ, 1 ਦਸੰਬਰ, 2016 (ਗੁਰਭਿੰਦਰ ਗੁਰੀ) : ਇੱਥੋਂ ਨੇੜਲੇ ਪਿੰਡ ਜਲਾਲਦੀਵਾਲ ਵਿਖੇ ਕਲੀਆਂ ਦੇ ਬਾਦਸ਼ਾਹ ਸਵ. ਕੁਲਦੀਪ ਮਾਣਕ ਦੀ 5ਵੀਂ ਬਰਸੀ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਇਆ ਗਿਆ ਰਾਜ ਪੱਧਰੀ ਸਮਾਗਮ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ।
ਮੇਲੇ ਦੇ ਦੂਸਰੇ ਦਿਨ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਭਰਵੇਂ ਇੱਕਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਕਲੀਆਂ ਦੇ ਬਾਦਸ਼ਾਹ ਲੋਕ ਗਾਇਕ ਸਵ. ਕੁਲਦੀਪ ਮਾਣਕ ਦੀ ਬਰਸੀ ਹਰ ਸਾਲ ਸਰਕਾਰੀ ਤੌਰ 'ਤੇ ਮਨਾਇਆ ਕਰੇਗੀ ਅਤੇ ਸਵ. ਕੁਲਦੀਪ ਮਾਣਕ ਦੇ ਪਰਿਵਾਰ ਅਤੇ ਹੋਰਨਾਂ ਕਲਾਕਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲਾਲਦੀਵਾਲ ਦੇ 'ਟਿੱਲਾ ਮਾਣਕ ਦਾ' ਵਿਖੇ ਮਨਾਏ ਗਏ ਦੋ ਰੋਜ਼ਾ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਅਟਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਬੁਨਿਆਦੀ ਢਾਂਚੇ, ਸਿੱਖਿਆ, ਸਿਹਤ ਅਤੇ ਹੋਰ ਖੇਤਰਾਂ ਵਿੱਚ ਵਿਕਾਸ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ, ਕਲਾ ਅਤੇ ਰੰਗਮੰਚ ਨੂੰ ਪ੍ਰਫੁੱਲਿਤ ਕਰਨ ਲਈ ਦ੍ਰਿੜ ਯਤਨਸ਼ੀਲ ਹੈ।
ਇਸ ਮੌਕੇ ਪੰਜਾਬ ਮੁਸਲਿਮ ਵੈੱਲਫੇਅਰ ਐਂਡ ਡਿਵੈੱਲਪਮੈਂਟ ਬੋਰਡ ਦੇ ਚੇਅਰਮੈਨ ਦਿਲਬਾਗ ਹੁਸੈਨ ਅਤੇ ਇੰਦਰ ਇਕਬਾਲ ਸਿੰਘ ਅਟਵਾਲ ਨੇ ਮਾਣਕ ਪਰਿਵਾਰ ਵੱਲੋਂ ਪੰਜਾਬੀ ਗਾਇਕੀ ਅਤੇ ਕਲਾ ਦੇ ਵਿਕਾਸ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿੱਤਾ ਕਿ ਅਗਲੇ ਸਾਲਾਂ ਦੌਰਾਨ ਇਹ ਸਮਾਗਮ ਹੋਰ ਵੀ ਜਿਆਦਾ ਉਤਸ਼ਾਹ ਨਾਲ ਮਨਾਇਆ ਜਾਇਆ ਕਰੇਗਾ। ਸਮਾਗਮ ਦੌਰਾਨ ਸਵਰਗੀ ਕੁਲਦੀਪ ਮਾਣਕ ਯਾਦਗਾਰੀ ਸੁਸਾਇਟੀ (ਰਜਿ.) ਦੇ ਪ੍ਰਧਾਨ ਦਿਲਬਾਗ ਹੁਸੈਨ , ਸਰਪੰਚ ਬਲੌਰ ਸਿੰਘ ਜਲਾਲਦੀਵਾਲ ਅਤੇ ਸੁਸਾਇਟੀ ਮੈਂਬਰਾਂ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨ ਨਿਸ਼ਾਨੀਆਂ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਹੋਏ ਰੰਗਾਰੰਗ ਪ੍ਰੋਗਰਾਮ 'ਚ ਪ੍ਰਸਿੱਧ ਗਾਇਕ ਮੁਹੰਮਦ ਸਦੀਕ, ਜੈਜ਼ੀ ਬੀ, ਦੇਬੀ ਮਖ਼ਸੂਸਪੁਰੀ, ਫਿਰੋਜ ਖਾਨ, ਗੁਰਲੇਜ ਅਖ਼ਤਰ-ਕੁਲਵਿੰਦਰ ਕੈਲੀ, ਜੈਸਮੀਨ ਅਖ਼ਤਰ, ਜਸਵੰਤ ਸੰਦੀਲਾ, ਪਾਲੀ ਦੇਤਵਾਲੀਆ, ਜੁਗਨੀ, ਬੂਟਾ ਮੁਹੰਮਦ, ਹਰਮਿਲਾਪ ਗਿੱਲ, ਜਸ਼ਨਦੀਪ ਸਵੀਟੀ ਵੱਲੋਂ ਆਪਣੇ ਹਿੱਟ ਗੀਤਾਂ ਨਾਲ ਹਾਜਰੀ ਲਵਾਈ ਗਈ ਅਤੇ ਗਾਇਕ ਮੁਰਲੀ ਰਾਜਸਥਾਨੀ ਵੱਲੋਂ ਸਵ. ਕੁਲਦੀਪ ਮਾਣਕ ਦੇ ਗਾਏ ਗੀਤਾਂ ਕੋਕਾ, ਚਰਖੀ ਅਤੇ ਰੰਗਪੁਰ ਗੇੜੇ ਗੀਤ ਗਾ ਕੇ ਮੇਲਾ ਲੁਟਿਆ ਗਿਆ। ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਬਲਿਹਾਰ ਗੋਬਿੰਦਗੜ੍ਹੀਆ ਵੱਲੋਂ ਨਿਭਾਈ ਗਈ।
ਇਸ ਮੌਕੇ ਐੱਸ. ਡੀ. ਐੱਮ. ਰਾਏਕੋਟ ਡਾ. ਕਨੂੰ ਥਿੰਦ, ਐਸ.ਜੀ.ਪੀ.ਸੀ. ਜਗਜੀਤ ਸਿੰਘ ਤਲਵੰਡੀ, ਅਮਨਦੀਪ ਸਿੰਘ ਗਿੱਲ, ਪ੍ਰਭਜੋਤ ਸਿੰਘ ਧਾਲੀਵਾਲ, ਬੀਬੀ ਸਰਬਜੀਤ ਕੌਰ ਮਾਣਕ ਤੇ ਪੁੱਤਰ ਯੁੱਧਵੀਰ ਮਾਣਕ, ਗੀਤਕਾਰ ਦੇਵ ਥਰੀਕਿਆਂ ਵਾਲਾ, ਲੇਖਕ ਅਮਰੀਕ ਸਿੰਘ ਤਲਵੰਡੀ, ਬੀ.ਡੀ.ਪੀ.ਓ. ਨਵਦੀਪ ਕੌਰ, ਤਹਿਸੀਲਦਾਰ ਸ੍ਰ. ਜੋਗਿੰਦਰ ਸਿੰਘ, ਨਾਇਬ ਤਹਿਸੀਲਦਾਰ ਸ੍ਰ. ਹਰਪਾਲ ਸਿੰਘ ਪੰਜੇਟਾ, ਡੀ.ਪੀ.ਆਰ.ਓ. ਪ੍ਰਭਦੀਪ ਸਿੰਘ ਨੱਥੋਵਾਲ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਸਹਿਬਾਜ਼ਪੁਰਾ, ਗੁਰਦਾਸ ਕੈੜਾ, ਚੰਦ ਸਿੰਘ ਧਾਲੀਵਾਲ, ਰਵਿੰਦਰ ਸਿੰਘ ਦੀਵਾਨਾ, ਬਾਦਲ ਸਿੰਘ ਸਿੱਧੂ, ਕੌਸ਼ਲ ਮੱਲ੍ਹਾ, ਦਰਸ਼ਨ ਮਾਨ, ਸੁਖਦੇਵ ਸਿੰਘ, ਲਖਵਿੰਦਰ ਮੱਲ੍ਹੀ, ਜਗਦੇਵ ਸਿੰਘ ਤਾਜਪੁਰ, ਗੁਰਮੇਲ ਸਿੰਘ ਆਂਡਲੂ, ਮੇਜਰ ਸਿੰਘ, ਇੰਦਰਜੀਤ ਸਿੰਘ ਆਦਿ ਹਾਜਰ ਸਨ।