ਅੰਮ੍ਰਿਤਸਰ, 14 ਨਵੰਬਰ, 2016 : ਆਮ ਆਦਮੀ ਪਾਰਟੀ ਨੇ ਅੱਜ ਹਲਕਾ ਮਜੀਠਾ ਵਿੱਚ ਆਪਣੀ ਆਮਦ ਦਾ ਵੱਡਾ ਧਮਾਕਾ ਕਰਦਿਆਂ ਹਲਕੇ ਦੇ ਪ੍ਰਮੁੱਖ ਕਸਬੇ ਚਵਿੰਡਾ ਦੇਵੀ ਵਿੱਚ ਵਿਸ਼ਾਲ ਰੋਡ-ਸ਼ੋਅ ਕੀਤਾ ਜਿਸ ਦੌਰਾਨ ਖੇਤੀਬਾੜੀ ਵਿਕਾਸ ਬੈਂਕ ਦੇ ਸਾਬਕਾ ਚੇਅਰਮੈਨ ਸ: ਪ੍ਰਗਟ ਸਿੰਘ ਚੋਗਾਵਾਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਬਰਗਾੜੀ ਬੇਅਦਬੀ ਕਾਂਡ ਕਾਰਨ ਖੇਤੀਬਾੜੀ ਵਿਕਾਸ ਬੈਂਕ ਦੀ ਚੇਅਰਮੈਨੀ ਤਿਆਗਣ ਵਾਲੇ ਅਤੇ ਕੈਬਨਿਟ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੇ ਨਜ਼ਦੀਕੀ ਰਹੇ ਸ: ਪ੍ਰਗਟ ਸਿੰਘ ਚੋਗਾਵਾਂ ਵੱਲੋਂ ਆਪ ਵਿੱਚ ਸ਼ਾਮਲ ਹੋਣ ਨਾਲ ਹਲਕਾ ਮਜੀਠਾ 'ਚ ਅਕਾਲੀ ਦਲ ਅਤੇ ਖਾਸ ਕਰਕੇ ਸ: ਮਜੀਠੀਆ ਨੂੰ ਤਕੜਾ ਝਟਕਾ ਲੱਗਾ ਹੈ। ਚੇਅਰਮੈਨ ਚੋਗਾਵਾਂ ਦਾ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਸ੍ਰੀ ਸੰਜੇ ਸਿੰਘ ਅਤੇ ਪੰਜਾਬ ਕਨਵੀਨਰ ਸ: ਗੁਰਪ੍ਰੀਤ ਸਿੰਘ ਵੜੈਚ ਨੇ ਪਾਰਟੀ 'ਚ ਸਵਾਗਤ ਕੀਤਾ। ਇਸ ਮੌਕੇ 'ਤੇ ਸ੍ਰੀ ਸੰਜੇ ਸਿੰਘ ਨੇ ਪੰਜਾਬ 'ਚ ਅਕਾਲੀ-ਭਾਜਪਾ ਸਰਕਾਰ ਨੂੰ ਜ਼ਾਲਮਾਂ ਤੇ ਚੋਰਾਂ ਦੀ ਸਰਕਾਰ ਕਰਾਰ ਦਿੰਦਿਆਂ ਕਿਹਾ ਕਿ ਇਸ ਲੋਟੂ ਟੋਲੇ ਦਾ ਅੰਤ ਕੇਵਲ ਤਿੰਨ ਮਹੀਨੇ ਦੂਰ ਰਹਿ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਮਜੀਠਾ ਹਲਕੇ 'ਚ ਆਮ ਆਦਮੀ ਪਾਰਟੀ ਦੇ ਕਿਸੇ ਆਗੂ ਜਾਂ ਵਾਲੰਟੀਅਰ ਨੂੰ ਪੁਲਿਸ ਜਾਂ ਮਜੀਠੀਆ ਦੇ ਕਰਿੰਦੇ ਨੇ ਤੰਗ-ਪ੍ਰੇਸ਼ਾਨ ਕੀਤਾ ਤਾਂ ਆਪ ਦੀ ਸਰਕਾਰ ਬਣਨ 'ਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਆਪ ਦੇ ਪੰਜਾਬ ਕਨਵੀਨਰ ਸ: ਗੁਰਪ੍ਰੀਤ ਸਿੰਘ ਵੜੈਚ ਨੇ ਚੇÂਰਮੈਨ ਚੋਗਾਵਾਂ ਦੀ ਆਪ 'ਚ ਸ਼ਮੂਲੀਅਤ ਨੂੰ ਮਜੀਠਾ ਹਲਕਾ 'ਚ ਲੁੱਟ ਅਤੇ ਜਬਰ ਖਿਲਾਫ਼ ਸੱਚ ਦੀ ਲੜਾਈ ਦੀ ਸ਼ੁਰੂਆਤ ਕਰਾਰ ਦਿੰਦਿਆਂ ਕਿਹਾ ਕਿ ਮਜੀਠੇ ਦੇ ਲੋਕ ਲੰਬੇ ਸਮੇਂ ਤੋਂ ਦਬਾਅ ਦੀ ਰਾਜਨੀਤੀ ਅਤੇ ਗੁੰਡਾਗਰਦੀ ਝੱਲ ਰਹੇ ਹਨ ਪਰ ਹੁਣ ਇਹ ਲੋਕ ਡਰ ਤੇ ਭੈਅ ਤੋਂ ਬਾਹਰ ਨਿਕਲਣਗੇ। ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਚੇਅਰਮੈਨ ਪ੍ਰਗਟ ਸਿੰਘ ਚੋਗਾਵਾਂ ਨੇ ਕਿਹਾ ਕਿ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਕਾਇਮੀ ਲਈ ਅਸਤੀਫ਼ਾ ਦਿੱਤਾ ਸੀ ਪਰ ਪੰਥਕ ਅਖਵਾਉਣ ਲਈ ਸਰਕਾਰ ਨੇ ਉਹਨਾਂ ਦੇ ਪਰਿਵਾਰ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਉਹਨਾਂ ਕਿਹਾ ਕਿ ਉਹ ਡੱਟ ਕੇ ਹਰੇਕ ਧੱਕੇ ਦਾ ਟਾਕਰਾ ਕਰਨ ਵਾਲੇ ਪਰਿਵਾਰ ਵਿੱਚੋਂ ਹਨ ਅਤੇ ਆਮ ਆਦਮੀ ਪਾਰਟੀ ਦੀ ਚੜ੍ਹਦੀ ਕਲਾ ਲਈ ਹਰ ਕੁਰਬਾਨੀ ਲਈ ਤਿਆਰ ਹਨ।
ਇਸ ਮੌਕੇ ਆਪ ਵੱਲੋਂ ਕਸਬਾ ਚਵਿੰਡਾ ਦੇਵੀ ਦੇ ਮੁੱਖ ਬਾਜ਼ਾਰ ਵਿੱਚ ਪਾਰਟੀ ਦਾ ਝੰਡਾ ਝੁਲਾਇਆ ਗਿਆ ਅਤੇ ਕਸਬੇ ਵਿੱਚ ਪ੍ਰਭਾਵਸ਼ਾਲੀ ਰੋਡ-ਸ਼ੋਅ ਕੀਤਾ ਗਿਆ ਜਿਸਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ। ਰੋਡ-ਸ਼ੋਅ ਦੌਰਾਨ ਖੁੱਲ੍ਹੀ ਗੱਡੀ ਵਿੱਚ ਸਵਾਰ ਸ੍ਰੀ ਸੰਜੇ ਸਿੰਘ, ਸ: ਗੁਰਪ੍ਰੀਤ ਸਿੰਘ ਵੜੈਚ ਅਤੇ ਚੇਅਰਮੈਨ ਪ੍ਰਗਟ ਸਿੰਘ ਚੋਗਾਵਾਂ ਦਾ ਲੋਕਾਂ ਨੇ ਦੁਕਾਨਾਂ ਤੇ ਘਰਾਂ ਤੋਂ ਬਾਹਰ ਆ ਕੇ ਸਵਾਗਤ ਕੀਤਾ। ਆਪ ਆਗੂਆਂ ਨੇ ਸਥਾਨਕ ਚਮੁੰਡਾ ਮਾਤਾ ਦੇ ਮੰਦਰ 'ਚ ਨਤਮਸਤਕ ਹੋਣ ਉਪਰੰਤ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਮੱਥਾ ਟੇਕ ਕੇ ਰੋਡ-ਸ਼ੋਅ ਦੀ ਸਮਾਪਤੀ ਕੀਤੀ। ਇਸ ਮੌਕੇ ਪਹਿਲਵਾਨ ਕਰਤਾਰ ਸਿੰਘ ਪਦਮ ਸ੍ਰੀ (ਤਰਨਤਾਰਨ), ਜਸਵਿੰਦਰ ਸਿੰਘ ਜਹਾਂਗੀਰ (ਅਟਾਰੀ), ਜਗਜੋਤ ਸਿੰਘ ਖਾਲਸਾ (ਰਾਜਾਸਾਂਸੀ), ਦਲਬੀਰ ਸਿੰਘ ਟੌਂਗ (ਬਾਬਾ ਬਕਾਲਾ), ਅਸ਼ੋਕ ਤਲਵਾਰ ਤੇ ਹਰਿੰਦਰ ਸਿੰਘ ਲੱਕੀ (ਦੋਵ੍ਹੇਂ ਨੈਸ਼ਨਲ ਕੌਂਸਲ ਮੈਂਬਰ), ਸੁਖਦੀਪ ਸਿੰਘ ਸਿੱਧੂ, ਆਬਜ਼ਰਵਰ ਰਾਹੁਲ ਸ਼ੁਕਲਾ, ਜਸਕਰਨ ਸਿੰਘ ਬੰਦੇਸ਼ਾ, ਵਿਭਵ ਸਿਨਹਾ, ਸੁਨੀਲ ਵਰਮਾ, ਜ਼ੋਨ ਇੰਚਾਰਜ ਸਰਬਜੋਤ ਸਿੰਘ, ਹਰਿੰਦਰ ਸਿੰਘ ਸੇਖੋਂ, ਹੀਰਾ ਸਿੰਘ ਹੁੰਦਲ, ਜ: ਸੁਖਰਾਜ ਸਿੰਘ ਵੇਰਕਾ, ਮਨੀਸ਼ ਅਗਰਵਾਲ, ਕਰਨਲ ਐਸ. ਐਸ. ਮਜੀਠੀਆ, ਗੁਰਭੇਜ ਸਿੰਘ ਮਜਵਿੰਡ, ਸਤਨਾਮ ਸਿੰਘ ਜੱਜ, ਕ੍ਰਿਪਾਲ ਸਿੰਘ, ਰਮਨਦੀਪ ਸਿੰਘ, ਬਲਦੇਵ ਸਿੰਘ ਚੋਗਾਵਾਂ, ਸੁਖਦੇਵ ਸਿੰਘ ਚੋਗਾਵਾਂ, ਦਲਵਿੰਦਰ ਸਿੰਘ ਚੋਗਾਵਾਂ, ਮਨਵਿੰਦਰ ਸਿੰਘ ਪ੍ਰਿੰਸ, ਸ਼ਿਸ਼ਪਾਲ ਸਿੰਘ ਤਲਵੰਡੀ, ਜਸਬੀਰ ਸਿੰਘ ਜੌਹਲ, ਸਤਵਿੰਦਰ ਸਿੰਘ ਜੌਹਲ, ਮੈਡਮ ਸੁਰਿੰਦਰ ਕੰਵਲ, ਇੰਦਰਜੀਤ ਕੌਰ ਰੰਧਾਵਾ, ਅਨਿਲ ਮੈਣੀ, ਉੱਤਮਜੀਤ ਸਿੰਘ ਸੋਨੀ ਅਤੇ ਸ਼ਰਨਜੀਤ ਸਿੰਘ ਸ਼ੰਨਾ, ਰਣਜੀਤ ਸਿੰਘ ਰਾਮਦੀਵਾਲੀ, ਬੱਬਨ ਗਿੱਲ ਅਤੇ ਹਰਵਿੰਦਰ ਸਿੰਘ ਜੱਟਾ ਰੂਪੋਵਾਲੀ ਵੀ ਮੌਜੂਦ ਸਨ।