ਨਵੀਂ ਦਿੱਲੀ, 5 ਜਨਵਰੀ, 2017 : ਓ.ਆਰ.ਓ.ਪੀ ਮੁੱਦੇ ਉਪਰ ਹਾਲੇ 'ਚ ਜੰਤਰ ਮੰਤਰ 'ਤੇ ਲੰਬੇ ਵਕਤ ਤੱਕ ਚੱਲੇ ਪ੍ਰਦਰਸ਼ਨ 'ਚ ਚਰਚਾ ਦਾ ਵਿਸ਼ਾ ਬਣਨ ਵਾਲੀ ਇੰਡੀਅਨ ਐਕਸ ਸਰਵਿਸਮੈਨ ਮੂਵਮੇਂਟ ਨੇ ਉਨ੍ਹਾਂ ਦੀ ਭਲਾਈ ਪ੍ਰਤੀ ਮੋਦੀ ਸਰਕਾਰ 'ਚ ਚਿੰਤਾ ਦੀ ਪੂਰੀ ਤਰ੍ਹਾਂ ਘਾਟ 'ਤੇ ਦੁੱਖ ਪ੍ਰਗਟਾਉਂਦਿਆਂ, ਪੰਜਾਬ ਸਮੇਤ ਚੋਣਾਂ ਦੇ ਦੌਰ 'ਚ ਚੱਲ ਰਹੇ ਹੋਰ ਸੂਬਿਆਂ ਤੇ ਹਿਮਾਚਲ ਪ੍ਰਦੇਸ਼ 'ਚ ਕਾਂਗਰਸ ਨੂੰ ਸਮਰਥਨ ਦਿੱਤਾ ਹੈ।
ਇਥੇ ਏ.ਆਈ.ਸੀ.ਸੀ ਦਫਤਰ ਵਿਖੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭਦਰ ਸਿੰਘ ਤੇ ਉੱਤਰਾਖੰਡ ਦੇ ਸੀ.ਐਮ ਹਰੀਸ਼ ਰਾਵਤ ਸਮੇਤ ਪਾਰਟੀ ਆਗੂਆਂ ਏ.ਆਈ.ਸੀ.ਸੀ ਜਨਰਲ ਸਕੱਤਰ ਪੰਜਾਬ ਮਾਮਲਿਆਂ ਦੀ ਇੰਚਾਰਜ਼ ਆਸ਼ਾ ਕੁਮਾਰੀ, ਸਾਂਸਦ ਅੰਬਿਕਾ ਸੋਨੀ, ਪ੍ਰਦੇਸ ਕਾਂਗਰਸ ਮੀਤ ਪ੍ਰਧਾਨ ਸੁਨੀਲ ਜਾਖੜ ਤੇ ਰਣਦੀਪ ਸੁਰਜੇਵਾਲਾ ਨੇ ਚੇਅਰਮੈਨ ਮੇਜਰ ਜਨਰਲ ਸਤਬੀਰ ਸਿੰਘ ਦੀ ਅਗਵਾਈ ਵਾਲੇ ਆਈ.ਈ.ਐਸ.ਐਮ ਦੇ ਮੈਂਬਰਾਂ ਦਾ ਸਵਾਗਤ ਕੀਤਾ। ਰਿਟਾਇਰਡ ਰੱਖਿਆ ਅਫਸਰਾਂ ਜਨਰਲ ਐਸ.ਪੀ ਗਰੇਵਾਲ ਤੇ ਲੈਫਟੀਨੇਂਟ ਜਨਰਲ ਤਜਿੰਦਰ ਸ਼ੇਰਗਿੱਲ ਨੇ ਵੀ ਇਸ ਮੌਕੇ ਦੀ ਸ਼ੋਭਾ ਵਧਾਈ।
ਕੈਪਟਨ ਅਮਰਿੰਦਰ ਨੇ ਰੱਖਿਆ ਮੰਤਰਾਲੇ ਤੋਂ ਵਨ ਰੈਂਕ ਵਨ ਪੈਨਸ਼ਨ ਲਾਗੂ ਕਰਨ ਦੀ ਮੰਗ ਕਰਦਿਆਂ, ਜੰਤਰ ਮੰਤਰ 'ਤੇ 571 ਦਿਨਾਂ ਤੱਕ ਲੜੀਵਾਰ ਭੁੱਖ ਹੜ੍ਹਤਾਲ ਕਰਨ ਵਾਲੇ ਆਈ.ਈ.ਐਸ.ਐਮ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਸ਼ਮੀਰ ਤੇ ਦੇਸ਼ ਦੇ ਹੋਰ ਹਿੱਸਿਆਂ 'ਤੇ ਮਾਰੇ ਜਾਣ ਵਾਲੇ ਫੌਜ਼ੀਆਂ ਦੀ ਯਾਦ 'ਚ ਦੋ ਮਿੰਟ ਦਾ ਮੋਨ ਵੀ ਰੱਖਿਆ।
ਕੈਪਟਨ ਅਮਰਿੰਦਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ 'ਤੇ ਸਾਰਿਆਂ ਨੂੰ ਦਿਲੋਂ ਵਧਾਈ ਵੀ ਦਿੱਤੀ।
ਕੈਪਟਨ ਅਮਰਿੰਦਰ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਕਿਹਾ ਕਿ ਆਈ.ਈ.ਐਸ.ਐਮ ਵੱਲੋਂ ਕਾਂਗਰਸ ਨੂੰ ਸਮਰਥਨ ਦੇਣ ਨਾਲ ਦੇਸ਼ ਦੇ ਸਾਬਕਾ ਫੌਜ਼ੀ ਹੁਣ ਪਾਰਟੀ ਦੇ ਹੱਕ 'ਚ ਆ ਚੁੱਕੇ ਹਨ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸੰਸਦ ਦੇ ਇਕ ਕਾਨੂੰਨ ਤੋਂ ਮਾਨਤਾ ਪ੍ਰਾਪਤ ਇੰਡੀਅਨ ਐਕਸ ਸਰਵਿਸਮੈਨ ਲੀਗ ਤੇ ਸਾਂਝਾ ਮੋਰਚਾ ਵੀ ਪਹਿਲਾਂ ਤੋਂ ਪੰਜਾਬ 'ਚ ਕਾਂਗਰਸ ਨੂੰ ਆਪਣਾ ਸਮਰਥਨ ਦੇ ਚੁੱਕੇ ਹਨ।
ਕੈਪਟਨ ਅਮਰਿੰਦਰ ਨੇ ਫੌਜ਼ੀਆਂ ਤੇ ਸਾਬਕਾ ਫੌਜ਼ੀਆ ਦੀਆਂ ਸਮੱਸਿਆਵਾਂ ਪ੍ਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੱਖਿਆ ਮੰਤਰੀ ਮਨੋਹਰ ਪਾਰਿਕਰ ਦੀ ਪੂਰੀ ਤਰ੍ਹਾਂ ਉਦਾਸਹੀਨਤਾ 'ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਨੇ ਨਾ ਸਿਰਫ ਓ.ਆਰ.ਓ.ਪੀ 'ਤੇ ਮੰਗ ਨੂੰ ਪਿੱਛੇ ਧਕੇਲ ਦਿੱਤਾ ਹੈ, ਸਗੋਂ ਫੌਜ਼ ਦੇ ਰੈਂਕਾਂ ਨੂੰ ਘੱਟ ਕਰਦਿਆਂ ਉਨ੍ਹਾਂ ਦੀ ਸੀਨੀਅਰਤਾ ਨੂੰ ਘਟਾ ਕੇ ਰੱਖਿਆ ਫੋਰਸਾਂ ਨਾਲ ਉਨ੍ਹਾਂ ਦੇ ਉਚਿਤ ਹੱਕਾਂ ਨੂੰ ਲੈ ਕੇ ਧੋਖਾ ਕੀਤਾ ਹੈ। ਉਹ 7ਵੇਂ ਪੇ ਕਮਿਸ਼ਨ ਦੇ ਸਬੰਧ 'ਚ ਰੱਖਿਆ ਫੋਰਸਾਂ ਦੇ ਹਿੱਤਾਂ 'ਤੇ ਵਿਚਾਰ ਨਾ ਕਰਨ ਨੂੰ ਲੈ ਕੇ ਵੀ ਕੇਂਦਰ ਸਰਕਾਰ 'ਤੇ ਵਰ੍ਹੇ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਕਾਂਗਰਸ ਸਾਬਕਾ ਫੌਜੀਆਂ ਦੀ ਭਲਾਈ ਨੂੰ ਲੈ ਕੇ ਤੱਤਪਰ ਹੈ ਤੇ ਉਨ੍ਹਾਂ ਵਾਸਤੇ ਉਸਨੇ ਪੰਜਾਬ ਅੰਦਰ ਆਪਣੇ ਮੈਨਿਫੈਸਟੋ 'ਚ 21 ਸੂਤਰੀ ਏਜੰਡਾ ਸ਼ਾਮਿਲ ਕੀਤਾ ਹੈ।
ਮੇਜਰ ਜਨਰਲ ਸਤਬੀਰ ਨੇ ਕਿਹਾ ਕਿ ਰੱਖਿਆ ਮੰਤਰੀ ਵੱਲੋਂ ਸਾਬਕਾ ਫੌਜ਼ੀਆਂ ਦਾ ਅਪਮਾਨ ਕੀਤਾ ਗਿਆ ਹੈ, ਜਿਨ੍ਹਾਂ ਨੇ ਆਈ.ਬੀ. ਜਾਂਚ ਦਾ ਆਦੇਸ਼ ਦੇ ਕੇ ਅਸਲਿਅਤ 'ਚ ਇਕ ਸਿਪਾਹੀ ਦਾ ਅਪਮਾਨ ਕੀਤਾ ਹੈ। ਉਨ੍ਹਾਂ ਨੇ ਪਾਰਿਕਰ ਦੀਆਂ ਗੈਰ ਜ਼ਿੰਮੇਵਾਰਾਨਾ ਟਿੱਪਣੀਆਂ 'ਤੇ ਸਖ਼ਤ ਨੋਟਿਸ ਲਿਆ, ਜਿਨ੍ਹਾਂ ਨੇ ਰੱÎਖਿਆ ਫੋਰਸਾਂ ਦੀਆਂ ਚਿੰਤਾਵਾਂ ਪ੍ਰਤੀ ਪਾਰਿਕਰ ਦੀ ਬੇਸ਼ਰਮ ਬੇਪਰਵਾਹੀ ਨੂੰ ਸਾਹਮਣੇ ਲਿਆ ਦਿੱਤਾ ਹੈ।
ਮੇਜਰ ਜਨਰਲ ਸਤਬੀਰ ਨੇ ਕਿਹਾ ਕਿ ਪੰਜਾਬ 'ਚ ਸਾਬਕਾ ਫੌਜ਼ੀਆਂ ਲਈ 53 ਸਕੀਮਾਂ ਹੋਣ ਦੇ ਬਾਵਜੂਦ ਉਨ੍ਹਾਂ 'ਚੋਂ ਕੋਈ ਵੀ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤੀ ਜਾ ਸਕੀ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਸਾਬਕਾ ਫੌਜ਼ੀਆਂ ਨਾਲ ਸੱਤਾ 'ਚ ਆਉਣ ਤੋਂ ਬਾਅਦ ਇਹ ਮਾਮਲਾ ਪਹਿਲ ਦੇ ਅਧਾਰ 'ਤੇ ਚੁੱਕਣ ਦਾ ਵਾਅਦਾ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਸਾਬਕਾ ਫੌਜ਼ੀਆਂ ਨੇ ਚੋਣਾਂ 'ਚ ਕਾਂਗਰਸ ਦੀ ਜਿੱਤ ਪੁਖਤਾ ਕਰਨ ਵਾਸਤੇ ਸਰਗਰਮੀ ਨਾਲ ਪਾਰਟੀ ਲਈ ਕੰਮ ਕਰਨ ਦਾ ਫੈਸਲਾ ਲਿਆ ਹੈ, ਤਾਂ ਜੋ ਉਨ੍ਹਾਂ ਦੀਆ ਮੰਗਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸਾਬਕਾ ਫੌਜ਼ੀ ਆਪਣੀ ਆਨ, ਮਾਨ ਤੇ ਸ਼ਾਨ ਲਈ ਲੜ ਰਹੇ ਹਨ।
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭਦਰ ਨੇ ਕਿਹਾ ਕਿ ਸ਼ਰਮਨਾਕ ਹੈ ਕਿ ਭਾਰਤ ਦੇ ਸਿਪਾਹੀ ਅੰਦੋਲਨ ਕਰ ਰਹੇ ਹਨ ਅਤੇ ਸਰਕਾਰ ਉਨ੍ਹਾਂ ਦੀਆਂ ਸਮੱਸਿਆਵਾਂ ਪ੍ਰਤੀ ਅਨਜਾਨ ਬਣੀ ਹੋਈ ਹੈ। ਉਨ੍ਹਾਂ ਨੇ ਸਾਬਕਾ ਫੌਜ਼ੀਆਂ ਨੂੰ ਓ.ਆਰ.ਓ.ਪੀ ਦਿੱਤੇ ਜਾਣ ਦੀ ਮੰਗ ਕਰਦਿਆਂ ਕਿਹਾ ਕਿ ਇਹ ਪੈਸੇ ਦਾ ਨਹੀਂ, ਸਗੋਂ ਉਨ੍ਹਾਂ ਦੇ ਸਨਮਾਨ ਦਾ ਸਵਾਲ ਹੈ।
ਉਤਰਾਖੰਡ ਦੇ ਮੁੱਖ ਮੰਤਰੀ ਹਰੀਸ਼ ਰਾਵਤ ਨੇ ਸਾਬਕਾ ਫੌਜ਼ੀਆਂ ਦੇ ਅਧਿਕਾਰਾਂ ਨੂੰ ਕੁਚਲਣ ਨੂੰ ਲੈ ਕੇ ਸਰਕਾਰ ਦੀ ਨਿੰਦਾ ਕੀਤੀ ਤੇ ਕਿਹਾ ਕਿ ਮੋਦੀ ਨੇ ਓ.ਆਰ.ਓ.ਪੀ ਮੁੱਦੇ ਨੂੰ ਮੋੜ ਦਿੱਤਾ ਹੈ। ਉਹ ਮੋਦੀ ਸਰਕਾਰ ਉਪਰ 7ਵੇਂ ਪੇ ਕਮਿਸ਼ਨ ਰਾਹੀਂ ਸੇਵਾਵਾਂ 'ਚ ਅਸਮਾਨਤਾ ਪੈਦਾ ਕਰਨ ਨੂੰ ਕੇ ਵੀ ਵਰ੍ਹੇ। ਜਦਕਿ ਪੰਜਾਬ ਕਾਂਗਰਸ ਵੱਲੋਂ ਆਪਣੇ ਮੈਨਿਫੈਸਟੋ 'ਚ ਸਾਬਕਾ ਫੌਜ਼ੀਆ ਦਾ ਇਕ ਏਜੰਡਾ ਜੋੜੇ ਜਾਣ ਦਾ ਸਵਾਗਤ ਕਰਦਿਆਂ, ਰਾਵਤ ਨੇ ਉਤਰਾਖੰਡ ਲਈ ਵੀ ਇਸਨੂੰ ਅਪਣਾਉਣ ਦੀ ਇੱਛਾ ਪ੍ਰਗਟਾਈ।
ਏ.ਆਈ.ਸੀ.ਸੀ ਆਗੂ ਰਣਦੀਪ ਸੁਰਜੇਵਾਲਾ ਨੇ ਮੋਦੀ ਉਪਰ ਓ.ਆਰ.ਓ.ਪੀ 'ਤੇ ਪਿੱਛੇ ਹੱਟ ਕੇ ਸਾਬਕਾ ਫੌਜ਼ੀਆਂ ਦੀ ਪਿੱਠ 'ਚ ਛੂਰਾ ਮਾਰਨ ਦਾ ਦੋਸ਼ ਲਗਇਆ, ਬਾਵਜੂਦ ਇਸਦੇ ਕਿ ਸਾਬਕਾ ਫੌਜ਼ੀਆ ਦੀ ਸੰਸਥਾ ਉਕਤ ਮਾਮਲੇ 'ਚ ਉਨ੍ਹਾਂ ਦੀ ਸਫਾਈ 'ਤੇ ਸਹਿਮਤ ਸੀ। ਉਨ੍ਹਾਂ ਨੇ ਕਿਹਾ ਕਿ ਸਿਰਫ ਕਾਂਗਰਸ ਹੀ ਸਾਬਕਾ ਫੌਜ਼ੀਆਂ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ।
ਸਮਾਰੋਹ 'ਚ ਆਈ.ਐਸ.ਈ.ਐਮ. ਦੇ ਮੁੱਖ ਮੈਂਬਰਾਂ 'ਚ ਉਤਰਾਖੰਡ ਤੋਂ ਜਨਰਲ ਲਾਲ, ਬ੍ਰਿਗੇਡੀਅਰ ਜੇ.ਐਸ ਸੰਧੂ, ਮਿਸੇਜ ਸਵਦੇਸ਼ (ਜਿਹੜੇ ਓ.ਆਰ.ਓ.ਪੀ ਲਈ 501 ਦਿਨਾਂ ਤੱਕ ਜੰਤਰ ਮੰਤਰ 'ਤੇ ਭੁੱਖ ਹੜ੍ਹਤਾਲ 'ਤੇ ਬੈਠੇ ਸਨ), ਖੰਨਾ ਤੋਂ ਮਾਨਯੋਗ ਕੈਪਟਨ ਜਾਲਾਧਾਨ, ਜਗਰਾਓਂ ਤੋਂ ਸੂਬੇਦਾਰ ਦੇਵੀ ਦਿਆਲ, ਮਿਸੇਜ ਦਲਬੀਰ ਸਿੱਧੂ (ਚੰਡੀਗÎੜ੍ਹ ਦੇ ਇਕ ਫੌਜ਼ੀ ਅਫਸਰ ਦੀ ਪਤਨੀ), ਕਾਮੇਸ਼ਵਰ ਪਾਂਡੇ ਤੇ ਡਾ. ਰੋਹਿਤ (ਜਬਲਪੁਰ) ਵੀ ਮੌਜ਼ੂਦ ਰਹੇ।