ਨਵੀਂ ਦਿੱਲੀ, 2 ਜਨਵਰੀ, 2017 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੁਪਰੀਮ ਕੋਰਟ ਵੱਲੋਂ ਸਿਆਸੀ ਪਾਰਟੀਆਂ ਪਾਸੋਂ ਧਰਮ ਤੇ ਜਾਤ ਦੀ ਦੁਰਵਰਤੋਂ ਨੂੰ ਲੈ ਕੇ ਦਿੱਤੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਹ ਆਦੇਸ਼ ਭਾਰਤੀ ਸੰਵਿਧਾਨ ਦੇ ਧਰਮ ਨਿਰਪੱਖ ਚੇਹਰੇ ਨੂੰ ਪੇਸ਼ ਕਰਦਾ ਹੈ।
ਇਸ ਲੜੀ ਹੇਠ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸੁਪਰੀਮ ਕੋਰਟ ਵੱਲੋਂ ਸਿਆਸਤਦਾਨਾਂ ਵੱਲੋਂ ਧਰਮ, ਜਾਤ, ਨਸਲ ਤੇ ਭਾਸ਼ਾ ਨੂੰ ਵੋਟ ਮੰਗੇ ਜਾਣ ਦੇ ਅਧਾਰ ਵਜੋਂ ਇਸਤੇਮਾਲ ਨਾ ਕੀਤੇ ਜਾਣ ਦੇ ਫੈਸਲੇ ਦਾ ਜ਼ਿਕਰ ਕਰਦਿਆਂ, ਇਥੇ ਚੁਨਿੰਦਾ ਪੱਤਰਕਾਰਾਂ ਦੇ ਇਕ ਸਮੂਹ ਨਾਲ ਗੱਲਬਾਤ ਦੌਰਾਨ ਕਿਹਾ ਕਿ ਇਨ੍ਹਾਂ ਆਦੇਸ਼ਾਂ ਦਾ ਅਸਰ ਪੰਜਾਬ ਉਪਰ ਵੀ ਦਿੱਖੇਗਾ, ਜਿਥੇ ਅਕਾਲੀਆਂ ਨੇ ਹਮੇਸ਼ਾਂ ਤੋਂ ਵੋਟਾ ਮੰਗਣ ਵਾਸਤੇ ਧਰਮ ਦੀ ਦੁਰਵਰਤੋਂ ਕੀਤੀ ਹੈ। ਇਥੋਂ ਤੱਕ ਕਿ ਅੱਜ ਵੀ ਅਕਾਲੀ ਆਗੂ ਲੋਕਾਂ ਨੂੰ ਗੁਰਦੁਆਰਿਆਂ 'ਚ ਲੈ ਜਾ ਕੇ ਉਨ੍ਹਾਂ ਨੂੰ ਅਕਾਲੀ ਦਲ ਨੂੰ ਸਮਰਥਨ ਦੇਣ ਦੀ ਸਹੁੰ ਚੁੱਕਣ ਵਾਸਤੇ ਕਹਿ ਰਹੇ ਹਨ।
ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਪਰ ਚੋਣਾਂ ਤੋਂ ਪਹਿਲਾਂ ਧਰਮ ਦੇ ਅਧਾਰ 'ਤੇ ਵੋਟਾਂ ਨੂੰ ਵੰਡਣ ਲਈ ਹਰ ਵਾਰ ਸਿੱਖ ਪੰਥ ਖਤਰੇ 'ਚ ਹੋਣ ਦਾ ਨਾਅਰਾ ਲਗਾਉਣ ਦਾ ਦੋਸ਼ ਲਗਾਇਆ ਹੈ, ਜੋ ਸੱਭ ਬੰਦ ਕਰਨ ਦਾ ਹੁਣ ਸਮਾਂ ਆ ਗਿਆ ਹੈ। ਉਨ੍ਹਾਂ ਨੇ ਅਕਾਲੀਆਂ ਉਪਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੋਣਾਂ ਸਬੰਧੀ ਉਦੇਸ਼ਾਂ ਲਈ ਇਸਤੇਮਾਲ ਕਰਨ ਦਾ ਦੋਸ਼ ਲਗਾਇਆ ਹੈ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਈ ਸਿੱਖ ਆਗੂ ਧਰਮ ਦੇ ਅਧਾਰ 'ਤੇ ਆਪਣੇ ਹੱਕ 'ਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਗੁਰਦੁਆਰਿਆਂ ਦੇ ਬਾਹਰ ਅਰਦਾਸ ਕਰ ਰਹੇ ਹਨ। ਕੈਪਟਨ ਅਮਰਿੰਦਰ ਨੇ ਕਿਹਾ ਕਿ ਇਹ ਅਕਾਲੀਆਂ ਲਈ ਬਹੁਤ ਅਫਸੋਸਜਨਕ ਤੇ ਸ਼ਰਮਨਾਕ ਹੈ, ਜਿਨ੍ਹਾਂ ਦੇ ਮੁਖੀ ਬਾਦਲ ਵੀ ਅਜਿਹੀਆਂ ਗਤੀਵਿਧੀਆਂ 'ਚ ਸ਼ਾਮਿਲ ਹਨ।
ਇਕ ਸਵਾਲ ਦੇ ਜਵਾਬ 'ਚ, ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਦੱਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਉਤਸਵ ਮੌਕੇ ਜਸ਼ਨਾਂ 'ਚ ਹਿੱਸਾ ਲੈਣ ਲਈ ਮੰਗਲਵਾਰ ਨੂੰ ਪਵਿੱਤਰ ਤਖਤ ਸ੍ਰੀ ਪਟਨਾ ਸਾਹਿਬ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਪੰਥ ਦੀ ਸਥਾਪਨਾ ਕੀਤੀ ਸੀ ਤੇ ਉਨ੍ਹਾਂ ਦੇ ਵਿਚਾਰਾਂ ਦਾ ਅੱਜ ਹਰ ਕੋਈ ਪਾਲਣ ਕਰਦਾ ਹੈ।
ਇਸੇ ਤਰ੍ਹਾਂ, ਪੰਜਾਬ 'ਚ ਸਰਕਾਰ ਬਣਾਉਣ ਤੋਂ ਬਾਅਦ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰਨ ਸਬੰਧੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਕੈਪਟਨ ਅਮਰਿੰਦਰ ਨੇ ਸਪੱਸ਼ਟ ਕੀਤਾ ਕਿ ਉਹ ਕੇਂਦਰ ਜਾਂ ਉਸਦਾ ਸਮਰਥਨ ਮਿੱਲੇ ਬਗੈਰ ਵੀ ਆਪਣੀ ਵਚਨਬੱਧਤਾ ਪੂਰੀ ਕਰਨਗੇ। ਉਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਨਾਲ ਵਾਅਦਾ ਕੀਤਾ ਹੈ ਤੇ ਉਹ ਉਨ੍ਹਾਂ ਦੇ ਇਕ ਇਕ ਪੈਸੇ ਨੂੰ ਸੈਟਲ ਕਰਨਗੇ।