ਬਠਿੰਡਾ, 14 ਦਸੰਬਰ, 2016 : ਪੇਂਡੂ ਵਿਕਾਸ ਅਤੇ ਪੰਚਾਇਤਾਂ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅੱਜ ਜ਼ਿਲ੍ਹਾ ਪ੍ਰੀਸ਼ਦ ਭਵਨ ਬਠਿੰਡਾ ਦਾ ਉਦਘਾਟਨ ਕੀਤਾ। 13.15 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਤਿਆਰ ਹੋਈ ਇਸ ਇਮਾਰਤ 'ਚ ਆਧੁਨਿਕ ਸਹੂਲਤਾਂ ਮੁਹੱਈਆਂ ਕਰਵਾਈਆਂ ਗਈਆਂ ਹਨ।
ਇਸ ਮੌਕੇ ਬੋਲਦਿਆਂ ਮਲੂਕਾ ਨੇ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਮਾਂਬੱਧ ਅਤੇ ਇੱਕੋ ਛੱਤ ਹੇਠ ਸਾਰੀਆਂ ਸੁਵਿਧਾਵਾਂ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ। ਇਸ ਨਵੀਂ ਉਸਾਰੀ ਗਈ ਇਮਾਰਤ ਪੰਜਾਬ ਸਰਕਾਰ ਦੀਆਂ ਅਣਥੱਕ ਕੋਸ਼ਿਸਾਂ ਦਾ ਇੱਕ ਪ੍ਰਤੀਕ ਹੈ ਜਿਸ ਤਹਿਤ ਜ਼ਿਲ੍ਹਾ ਬਠਿੰਡਾ ਵਸਨੀਕਾਂ ਨੂੰ ਵਧੀਆ ਬੁਨਿਆਦੀ ਢਾਂਚਾ ਅਤੇ ਦਫ਼ਤਰ 'ਚ ਕੰਮ ਕਰਨ ਵਾਲਿਆਂ ਨੂੰ ਵਧੀਆ ਮਾਹੌਲ ਦਿੱਤਾ ਗਿਆ ਹੈ।
ਸ. ਮਲੂਕਾ ਨੇ ਕਿਹਾ ਕਿ ਧਰਾਤਲ ਅਤੇ ਪਹਿਲੀ ਮੰਜ਼ਿਲ ਤੇ ਜ਼ਿਲ੍ਹਾ ਪ੍ਰੀਸ਼ਦ ਨੂੰ ਆਮਦਨ ਦਾ ਸ੍ਰੋਤ ਉਪਲੱਬਧ ਕਰਵਾਉਣ ਲਈ ਦੁਕਾਨਾਂ ਅਤੇ ਬੂਥ ਬਣਾਏ ਗਏ ਹਨ। ਹਰ ਇੱਕ ਮੰਜ਼ਿਲ ਤੇ 20 ਦੁਕਾਨਾਂ ਅਤੇ 4 ਬੂਥ ਹਨ। ਇਸ ਤਰ੍ਹਾਂ ਇਸ ਇਮਾਰਤ 'ਚ ਕੁੱਲ 40 ਦੁਕਾਨਾਂ ਅਤੇ 8 ਬੂਥਾਂ ਦੀ ਉਸਾਰੀ ਕੀਤੀ ਗਈ ਹੈ। ਦੂਸਰੀ ਮੰਜ਼ਿਲ ਉਪਰ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਅਤੇ ਉਨ੍ਹਾਂ ਦੇ ਸਟਾਫ਼ ਨਾਲ ਸਬੰਧਤ ਦਫ਼ਤਰਾਂ ਤੋਂ ਇਲਾਵਾ ਇੱਕ ਵੱਡਾ ਮੀਟਿੰਗ ਹਾਲ ਦਾ ਵੀ ਨਿਰਮਾਣ ਕੀਤਾ ਗਿਆ ਹੈ। ਤੀਸਰੀ ਮੰਜ਼ਿਲ ਤੇ ਨਿਗਰਾਨ ਇੰਜੀਨੀਅਰ ਪੰਚਾਇਤੀ ਰਾਜ, ਕਾਰਜਕਾਰੀ ਇੰਜੀਨੀਅਰ ਪੰਚਾਇਤ ਰਾਜ, ਉਪ ਮੰਡਲ ਅਫ਼ਸਰ ਪੰਚਾਇਤੀ ਰਾਜ ਦੇ ਦਫ਼ਤਰਾਂ ਤੋਂ ਇਲਾਵਾ ਕੰਟੀਨ ਅਤੇ ਸਟੋਰਾਂ ਦੀ ਉਸਾਰੀ ਕੀਤੀ ਗਈ ਹੈ।
ਸ. ਮਲੂਕਾ ਨੇ ਦੱਸਿਆ ਕਿ ਇਸ ਇਮਾਰਤ ਵਿਚ ਵਾਹਨਾਂ ਲਈ ਪਾਰਕਿੰਗ ਦੀ ਵਿਵਸਥਾ ਕਰਦੇ ਹੋਏ ਸੈਮੀ ਬੇਸਮੈਂਟ ਪਾਰਕਿੰਗ ਬਣਾਈ ਗਈ ਹੈ। ਜ਼ਿਲ੍ਹਾ ਪ੍ਰੀਸ਼ਦ ਵਿਖੇ ਆਉਣ ਵਾਲੇ ਲੋਕਾਂ ਲਈ ਬੈਠਣ ਦਾ ਪ੍ਰਬੰਧ, ਪੀਣ ਵਾਲੇ ਪਾਣੀ ਲਈ ਆਰ.ਓ. ਦਾ ਪ੍ਰਬੰਧ, ਅੱਗ ਬੁਝਾਊ ਯੰਤਰ ਆਦਿ ਦਾ ਵੀ ਪ੍ਰਬੰਧ ਕੀਤਾ ਗਿਆ ਹੈ।
ਇਸ ਮੌਕੇ ਵਿਧਾਇਕ ਸ਼੍ਰੀ ਸਰੂਪ ਚੰਦ ਸਿੰਗਲਾ, ਵਿਧਾਇਕ ਸ਼੍ਰੀ ਦਰਸ਼ਨ ਸਿੰਘ ਕੋਟਫੱਤਾ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ. ਗੁਰਪ੍ਰੀਤ ਸਿੰਘ ਮਲੂਕਾ, ਮੇਅਰ ਸ਼੍ਰੀ ਬਲਵੰਤ ਰਾਏ ਨਾਥ, ਡਿਪਟੀ ਕਮਿਸ਼ਨਰ ਸ਼੍ਰੀ ਘਣਸ਼ਿਆਮ ਥੋਰੀ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਸ਼ੇਨਾ ਅਗਰਵਾਲ, ਭਾਜਪਾ ਜ਼ਿਲ੍ਹਾ ਪ੍ਰਧਾਨ ਸ਼੍ਰੀ ਮੋਹਿਤ ਗੁਪਤਾ, ਪ੍ਰਧਾਨ ਨਗਰ ਕੌਸਲ ਰਾਮਪੁਰਾ ਸ਼੍ਰੀ ਸੁਨੀਲ ਬਿੱਟਾ, ਪ੍ਰਧਾਨ ਨਗਰ ਪੰਚਾਇਤ ਮਹਿਰਾਜ ਸ਼੍ਰੀ ਹਰਿੰਦਰ ਸਿੰਘ, ਪ੍ਰਧਾਨ ਨਗਰ ਪੰਚਾਇਤ ਭਗਤਾ ਸ਼੍ਰੀ ਰਕੇਸ਼ ਗੋਇਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਆਦਿ ਹਾਜ਼ਰ ਸਨ।