ਚੰਡੀਗੜ੍ਹ, 12 ਦਸੰਬਰ, 2016 : ਅੰਗਰੇਜ਼ ਹਾਕਮਾਂ ਦੀਆਂ ਧੱਕੇਸ਼ਾਹੀਆਂ ਦੇ ਨਿਸ਼ਾਨ ਮਿਟਾਉਣ ਤੋਂ ਪਹਿਲਾਂ ਮਨਪ੍ਰੀਤ ਬਾਦਲ ਨੂੰ ਇਕੱ ਅਜਿਹਾ ਡੋਜ਼ੀਅਰ ਤਿਆਰ ਕਰਵਾਉਣਾ ਚਾਹੀਦਾ ਹੈ, ਜਿਸ ਵਿਚ ਕਾਂਗਰਸ ਦੁਆਰਾ ਪੰਜਾਬ ਅਤੇ ਪੰਜਾਬੀਆਂ ਉੱਤੇ ਢਾਹੇ ਜ਼ੁਲਮਾਂ ਦੀ ਗਾਥਾ ਲਿਖੀ ਜਾਵੇ।
ਇਹ ਸ਼ਬਦ ਸ੍ਰæੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਅਤੇ ਰਾਜ ਸਭਾ ਮੈਂਬਰ ਸ਼ ਸੁਖਦੇਵ ਸਿੰਘ ਢੀਂਡਸਾ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਹੇ। ਉਹ ਪੰਜਾਬ ਕਾਂਗਰਸ ਦੇ ਚੋਣ ਮਨੋਰਥ ਪੱਤਰ ਦੇ ਰਚੇਤਾ ਸ਼ ਮਨਪ੍ਰੀਤ ਸਿੰਘ ਬਾਦਲ ਵੱਲੋਂ ਗੁਲਾਮੀ ਨੂੰ ਸਲਾਹੁਣ ਵਾਲੀਆਂ ਬਸਤੀਵਾਦੀ ਪੈੜਾਂ ਨੂੰ ਮਿਟਾਉਣ ਲਈ ਕੀਤੇ ਵਾਅਦੇ ਬਾਰੇ ਆਪਣੀ ਪ੍ਰਤੀਕ੍ਰਿਆ ਦੇ ਰਹੇ ਸਨ। ਸ਼ਢੀਂਡਸਾ ਨੇ ਕਿਹਾ ਕਿ ਅੰਗਰੇਜ਼ਾਂ ਸਮੇਂ ਦੀਆਂ ਕਬਰਾਂ ਪੁੱਟਣ ਤੋਂ ਪਹਿਲਾਂ ਸ਼ ਬਾਦਲ ਨੂੰ ਉਹਨਾਂ ਧੱਕੇਸ਼ਾਹੀਆਂ ਨੂੰ ਚੇਤੇ ਕਰਨਾ ਚਾਹੀਦਾ ਹੈ, ਜਿਹੜੀਆਂ ਕਾਂਗਰਸ ਨੇ ਪਿਛਲੇ 70 ਸਾਲਾਂ ਦੌਰਾਨ ਪੰਜਾਬੀਆਂ ਨਾਲ ਕੀਤੀਆਂ ਹਨ।
ਕਾਂਗਰਸ ਦੇ ਜੁæਲਮਾਂ ਦੀ ਸੂਚੀ ਦੱਸਦਿਆਂ ਅਕਾਲੀ ਆਗੂ ਨੇ ਕਿਹਾ ਕਿ ਸਭ ਤੋਂ ਪਹਿਲਾਂ ਕਾਂਗਰਸ ਨੇ ਸਿੱਖਾਂ ਨੂੰ ਜਰਾਇਮ-ਪੇਸ਼ਾ ਕਰਾਰ ਦਿੱਤਾ। ਉਸ ਤੋਂ ਬਾਅਦ 10 ਸਾਲਾਂ ਤਕ ਪੰਜਾਬ ਦੀ ਵੱਖਰੇ ਰਾਜ ਦੀ ਮੰਗ ਨੂੰ ਲਟਕਾਈ ਰੱਖਿਆ। ਭਾਸ਼ਾ ਦੇ ਆਧਾਰ ਤੇ ਬਾਕੀ ਸਾਰੇ ਰਾਜਾਂ ਦਾ ਪੁਨਰ ਗਠਨ 1956 ਵਿਚ ਹੋ ਗਿਆ ਸੀ ਅਤੇ ਕਾਂਗਰਸ ਦੇ ਪੱਖਪਾਤੀ ਵਤੀਰੇ ਸਦਕਾ ਪੰਜਾਬ ਦੀ ਵਾਰੀ 1966 ਵਿਚ ਆਈ। ਇਸ ਤੋ ਇਲਾਵਾ ਪੰਜਾਬ ਨੂੰ ਇਸ ਦੀ ਰਾਜਧਾਨੀ ਅਤੇ ਪੰਜਾਬੀ ਬੋਲਦੇ ਇਲਾਕਿਆਂ ਤੋਂ ਵਾਂਝਾ ਰੱਖਿਆ। ਪੰਜਾਬੀਆਂ ਨੂੰ ਆਪਣੀਆਂ ਹੱਕੀ ਮੰਗਾਂ ਵਾਸਤੇ ਵੀ ਵੱਡੇ ਅੰਦੋਲਨ ਕਰਨੇ ਪਏ ਅਤੇ ਕੁਰਬਾਨੀਆਂ ਦੇਣੀਆਂ ਪਈਆਂ।
ਸ਼ ਢੀਂਡਸਾ ਨੇ ਕਿਹਾ ਕਿ ਇਤਿਹਾਸ ਨੂੰ ਦੁਬਾਰਾ ਲਿਖਣ ਦੀ ਕਹਾਣੀ ਤਦ ਤਕ ਮੁਕੰਮਲ ਨਹੀਂ ਹੋਵੇਗੀ ਜਦ ਤਕ ਕਾਂਗਰਸੀ ਸਰਕਾਰਾਂ ਦੀਆਂ ਸਿੱਖ ਵਿਰੋਧੀ ਅਤੇ ਵਿਤਕਰੇ ਭਰੀਆਂ ਨੀਤੀਆਂ ਨੂੰ ਉਜਾਗਰ ਨਹੀਂ ਕੀਤਾ ਜਾਂਦਾ।
ਉਹਨਾਂ ਕਿਹਾ ਕਿ ਮਨਪ੍ਰੀਤ ਨੇ 'ਇਤਿਹਾਸਕ ਯਾਦ ਬਾਰੇ ਇੱਕ ਕਾਨੂੰਨ' ਬਣਾਉਣ ਦਾ ਵਿਚਾਰ ਪੇਸ਼ ਕੀਤਾ ਹੈ, ਜਿਸ ਵਿਚ ਖੁਸ਼ਹਾਲੀ ਅਤੇ ਮੰਦਹਾਲੀ ਵਾਲੇ ਸਮਿਆਂ ਦਾ ਰਿਕਾਰਡ ਤਿਆਰ ਕੀਤਾ ਜਾਣਾ ਹੈ ਅਤੇ ਇਸ ਖੁਸ਼ਹਾਲੀ ਅਤੇ ਮੰਦਹਾਲੀ ਦੇ ਕਾਰਣਾਂ ਦੀ ਪੜਚੋਲ ਵੀ ਕੀਤੀ ਜਾਣੀ ਹੈ। ਇਹ ਪ੍ਰਸਤਾਵਿਤ ਕਾਨੂੰਨ ਦਾ ਮਕਸਦ ਬ੍ਰਿਟਿਸ਼ ਰਾਜ ਨੂੰ 'ਪੰਜਾਬ ਦੇ ਇਤਿਹਾਸ ਦਾ ਸਭ ਤੋਂ ਬਦਕਿਸਮਤੀ ਅਤੇ ਤਿਰਸਕਾਰ ਭਰਿਆ ਪੜਾਅ' ਕਹਿ ਕੇ ਨਿੰਦਣਾ ਹੈ।
ਸ਼ ਢੀਂਡਸਾ ਨੇ ਦਲੀਲ ਦਿੱਤੀ ਕਿ ਅੰਗਰੇਜ਼ਾਂ ਦੇ ਚਲੇ ਜਾਣ ਨਾਲ ਪੰਜਾਬ ਦੀ ਬਦਕਿਸਮਤੀ ਦਾ ਦੌਰ ਖਤਮ ਨਹੀਂ ਸੀ ਹੋਇਆ। ਜਲ੍ਹਿਆਂ ਵਾਲੇ ਬਾਗ ਦੀ ਘਟਨਾ ਪੰਜਾਬ ਦੇ ਇੱਕ ਵੱਡੇ ਦੁਖਾਂਤ ਦੀ ਦੱਸ ਪਾਉਂਦੀ ਸੀ, ਪਰ 1984 ਵਿਚ ਸਿੱਖਾਂ ਦਾ ਕਰਵਾਇਆ ਗਿਆ ਕਤਲੇਆਮ ਸਿੱਖ ਕੌਮ ਨਾਲ ਕੀਤੀ ਗਈ ਸਭ ਤੋਂ ਵੱਡੀ ਬੇਇੰਨਸਾਫੀ ਦੀ ਘਟਨਾ ਹੈ, ਜਿਸ ਨੂੰ ਭੁਲਾਇਆ ਨਹੀਂ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਮਨਪ੍ਰੀਤ ਬਾਦਲ ਚਾਹੁੰਦਾ ਹੈ ਕਿ ਸਿੱਖਾਂ ਨੂੰ ਅਹਿਮਦ ਸ਼ਾਹ ਅਬਦਾਲੀ ਦੁਆਰਾ ਸ੍ਰੀ ਹਰਮੰਦਿਰ ਸਾਹਿਬ ਨੂੰ ਢਾਹੇ ਜਾਣ ਦੀ ਘਟਨਾ ਨੂੰ ਯਾਦ ਰੱਖਣਾ ਚਾਹੀਦਾ ਹੈ। ਪਰ ਇਹੀ ਕਾਫੀ ਨਹੀਂ, ਸਿੱਖਾਂ ਨੂੰ ਇੰਦਰਾਗਾਂਧੀ ਦੁਆਰਾ ਫੌਜ ਭੇਜ ਕੇ ਸ੍ਰੀ ਦਰਬਾਰ ਸਾਹਿਬ ਦੀ ਕੀਤੀ ਬੇਹੁਰਮਤੀ ਨੂੰ ਵੀ ਕਦੇ ਨਹੀਂ ਭੁੱਲਣਾ ਚਾਹੀਦਾ।
ਉਹਨਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਲਈ ਸਿਰਫ ਬ੍ਰਿਟਿਸ਼ ਰਾਜ ਹੀ ਜੁæਲਮ ਅਤੇ ਅੱਤਿਆਚਾਰ ਦਾ ਪ੍ਰਤੀਕ ਨਹੀਂ ਸੀ , ਸਗੋਂ ਕਾਂਗਰਸ ਰਾਜ ਵੀ ਇੰਨਾ ਹੀ ਜ਼ਾਲਮ ਅਤੇ ਕਰੂਰਤਾ ਭਰਿਆ ਸੀ।