ਨਵੀਂ ਦਿੱਲੀ, 29 ਦਸੰਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ 10 ਸਾਲਾਂ ਦੇ ਸ਼ਾਸਨਕਾਲ ਦੀਆਂ ਅਸਫਲਤਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਹੇ ਕਿ ਸੂਬੇ ਦੇ ਲੋਕ ਸਪੱਸ਼ਟੀਕਰਨ ਚਾਹੁੰਦੇ ਹਨ, ਨਾ ਕਿ ਕਾਂਗਰਸ ਦੀਆਂ ਉਪਲਬਧੀਆਂ ਸੁਣਨਾ ਚਹੁੰਦੇ ਹਨ, ਜਿਨ੍ਹਾਂ ਬਾਰੇ ਲੋਕ ਪਹਿਲਾ ਤੋਂ ਜਾਣੂ ਹਨ।
ਇਸ ਲੜੀ ਹੇਠ ਉਨ੍ਹਾਂ ਨੇ ਬਾਦਲ ਨੂੰ ਆਪਣੇ ਸੁਖਵਾਸ ਦੀ ਲਗਜਰੀ ਤੋਂ ਬਾਹਰ ਨਿਕਲ ਕੇ ਲੋਕਾਂ ਦੀਆਂ ਲੋੜਾਂ ਦਾ ਹੱਲ ਕਰਨ 'ਚ ਅਸਫਲ ਰਹੀ ਆਪਣੀ ਸਰਕਾਰ ਦੀਆਂ ਨਾਕਾਮੀਆਂ 'ਤੇ ਸਪੱਸ਼ਟੀਕਰਨ ਦੇਣ ਲਈ ਕਿਹਾ ਹੈ। ਉੁਨ੍ਹਾਂ ਨੇ ਕਿਹਾ ਹੈ ਕਿ ਲੋਕ ਜਾਣਨਾ ਚਾਹੁੰਦੇ ਹਨ ਕਿ ਕਿਉਂ ਬਾਦਲ ਸਰਕਾਰ ਵੱਲੋਂ ਉਨ੍ਹਾ ਨੂੰ ਨਿਰਾਸ਼ਾ ਦੀਆਂ ਗਹਿਰਾਈਆਂ 'ਚ ਧਕੇਲ ਦਿੱਤਾ ਗਿਆ ਹੈ।
ਬਾਦਲ ਵੱਲੋਂ ਉਨ੍ਹਾਂ ਨੂੰ ਆਪਣੀ ਸਰਕਾਰ ਦੀਆਂ ਉਪਲਬਧੀਆਂ ਗਿਣਾਉਣ ਸਬੰਧੀ ਦਿੱਤੀ ਗਈ ਚੁਣੌਤੀ 'ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ, ਕੈਪਟਨ ਅਮਰਿੰਦਰ ਨੇ ਮੁੱਖ ਮੰਤਰੀ ਨੂੰ ਯਾਦ ਦਿਲਾਇਆ ਹੈ ਕਿ ਉਹ ਕਾਫੀ ਵਕਤ ਪਹਿਲਾਂ ਸੂਬਾ ਵਿਧਾਨ ਸਭਾ ਅੰਦਰ ਆਪਣੀ ਸਰਕਾਰ ਦੀ ਨਾ ਸਿਰਫ ਇਕ ਸਗੋਂ, 51 ਅਤੇ ਫਿਰ 101 ਪ੍ਰਾਪਤੀਆਂ ਦਾ ਖੁਲਾਸਾ ਕਰ ਚੁੱਕੇ ਹਨ ਅਤੇ ਹੁਣ ਬਾਦਲ ਸਰਕਾਰ ਦਾ ਉਨ੍ਹਾਂ ਦੀਆਂ ਅਸਫਲਤਾਵਾਂ 'ਤੇ ਗੱਲ ਕਰਨ ਦਾ ਸਮਾਂ ਆ ਗਿਆ ਹੈ।
ਕੈਪਟਨ ਅਮਰਿੰਦਰ ਨੇ ਬਾਦਲ ਦੇ ਇਸ ਝੂਠੇ ਪ੍ਰਚਾਰ ਨੂੰ ਵੀ ਖਾਰਿਜ ਕੀਤਾ ਹੈ ਕਿ ਸੂਬੇ ਅੰਦਰ ਕਾਨੂੰਨ ਤੇ ਵਿਵਸਥਾ ਦੀ ਕੋਈ ਸਮੱਸਿਆ ਨਹੀਂ ਹੈ, ਅਤੇ ਕਾਂਗਰਸ ਸਿਰਫ ਪੰਜਾਬ ਪੁਲਿਸ 'ਤੇ ਅਨੁਚਿਤ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਬਾਰੇ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਸੂਬੇ ਅੰਦਰ ਕਾਨੂੰਨ ਤੇ ਵਿਵਸਥਾ ਦੀ ਹਾਲਤ ਹੁਣ ਤੱਕ ਦੇ ਪੰਜਾਬ ਦੇ ਇਤਿਹਾਸ 'ਚ ਸੱਭ ਤੋਂ ਮਾੜੀ ਹਾਲਤ 'ਚ ਹੈ। ਇਸ ਦਿਸ਼ਾ 'ਚ ਅਪਰਾਧ 'ਚ ਬਹੁਤ ਵਾਧੇ ਦੇ ਨਾਲ ਨਾਲ ਕਾਨੂੰਨ ਤੇ ਵਿਵਸਥਾ ਦੇ ਹਾਲਾਤ ਪਹਿਲਾਂ ਇੰਨੇ ਬਦਤਰ ਕਦੇ ਨਹੀਂ ਹੋਏ ਸਨ।
ਕੈਪਟਨ ਅਮਰਿੰਦਰ ਨੇ ਕਿਹਾ ਹੈ ਕਿ ਸਪੱਸ਼ਟ ਤੌਰ 'ਤੇ ਆਪਣੀ ਸਰਕਾਰ ਦੌਰਾਨ ਸੂਬੇ ਦੀ ਸਥਿਤੀ ਨੂੰ ਲੈ ਕੇ ਅਣਜਾਨ ਤੇ ਸੰਗਤ ਦਰਸ਼ਨਾਂ 'ਚ ਇੰਨੇ ਵਿਅਸਤ ਬਾਦਲ ਨੂੰ ਸੂਬੇ ਦੇ ਹਾਲਾਤਾਂ ਬਾਰੇ ਚਿੰਤਾ ਨਹੀਂ ਹੇ। ਉਨ੍ਹਾਂ ਨੇ ਕਿਹਾ ਕਿ ਹਾਲੇ ਦੇ ਮਹੀਨਿਆਂ 'ਚ ਸੂਬੇ ਅੰਦਰ ਅਪਰਾਧਿਕ ਘਟਨਾਵਾਂ 'ਚ ਭਾਰੀ ਵਾਧਾ ਹੋ ਚੁੱਕਾ ਹੈ, ਜਿਥੇ ਮਾਫੀਆ ਆਪਣੇ ਅੱਡੇ ਬਣਾ ਚੁੱਕੇ ਹਨ ਅਤੇ ਕਰੋੜਾਂ ਰੁਪਏ ਦਾ ਸਰਕਾਰੀ ਧੰਨ ਘੁਟਾਲਿਆਂ ਦੀ ਲੜੀ ਰਾਹੀਂ ਬਾਦਲਾਂ ਦੀਆਂ ਜੇਬ੍ਹਾਂ 'ਚ ਜਾ ਰਿਹਾ ਹੈ।
ਪੰਜਾਬ ਕਾਂਗਰਸ ਪ੍ਰਧਾਨ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਉਪਰ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੈ ਕੇ ਚੁਨਿੰਦਾ ਭੁੱਲਣ ਦੀ ਬਿਮਾਰੀ ਤੋਂ ਪੀੜਤ ਹੋਣ ਦਾ ਦੋਸ਼ ਲਗਾਇਆ ਹੈ, ਜਿਨ੍ਹਾਂ ਪ੍ਰਾਪਤੀਆਂ ਬਾਰੇ ਸੂਬੇ ਦੇ ਲੋਕ ਚੰਗੀ ਤਰ੍ਹਾਂ ਜਾਣੂ ਹਨ ਕਿ ਹਮੇਸ਼ਾ ਸੰਕਟ ਦੀ ਸਥਿਤੀ 'ਚ ਉਨ੍ਹਾਂ ਨੂੰ ਵਿੱਚ ਵਿਚਾਲੇ ਛੱਡਣ ਵਾਲੇ ਬਾਦਲਾਂ ਦੇ ਉਲਟ ਉਹ (ਕੈਪਟਨ ਅਮਰਿੰਦਰ) ਹਮੇਸ਼ਾ ਤੋਂ ਆਪਣੇ ਵਾਅਦਿਆਂ 'ਤੇ ਖਰੇ ਉਤਰਦੇ ਹਨ।
ਇਸੇ ਤਰ੍ਹਾਂ, ਕੈਪਟਨ ਅਮਰਿੰਦਰ ਨੇ ਇਸ ਗੱਲ 'ਤੇ ਖੁਸ਼ੀ ਪ੍ਰਗਟਾਈ ਹੈ ਕਿ ਬਾਦਲ ਨੇ ਕਾਂਗਰਸ ਦੇ 9 ਪੁਆਇੰਟਾਂ 'ਤੇ ਅਧਾਰਿਤ ਏਜੰਡੇ ਨੂੰ ਕਲਪਨਾਤਮਕ ਸਮਝਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਸਰਕਾਰ ਨੇ ਸੂਬੇ ਨੂੰ ਜਿਸ ਬਦਹਾਲੀ 'ਚ ਧਕੇਲ ਦਿੱਤਾ ਹੈ, ਉਸ 'ਚੋਂ ਪੰਜਾਬ ਨੂੰ ਸੱਭ ਤੋਂ ਵੱਖ ਸੋਚ ਤੇ ਕਲਪਨਾਤਮਕ ਹੱਲ ਹੀ ਬਾਹਰ ਕੱਢ ਕੇ ਮੁੜ ਤੋਂ ਖੜ੍ਹਾ ਕਰ ਸਕਦੇ ਹਨ।
ਇਸ ਦਿਸ਼ਾ 'ਚ ਬਾਦਲ ਦੇ ਕਾਂਗਰਸ ਦੇ ਏਜੰਡੇ ਨੂੰ ਕਲਪਨਾਤਮਕ ਦੱਸਣ ਸਬੰਧੀ ਬਿਆਨ ਦਾ ਜ਼ਿਕਰ ਕਰਦਿਆਂ, ਕੈਪਟਨ ਅਮਰਿੰਦਰ ਨੇ ਕਿਹਾ ਕਿ ਜੇ ਮੁੱਖ ਮੰਤਰੀ ਵੀ ਲੋਕਾਂ ਦੇ ਕਲਿਆਣ ਨੂੰ ਲੈ ਕੇ ਚਿੰਤਤ ਹੁੰਦੇ, ਤਾਂ ਉਹ ਇਕ ਕਲਪਨਾਤਮਕ ਯੋਜਨਾ ਨਾਲ ਸਾਹਮਣੇ ਆਉਂਦੇ ਅਤੇ ਅੱਜ ਪੰਜਾਬੀਆਂ ਦੇ ਹਾਲਾਤ ਵੱਖਰੇ ਹੁੰਦੇ।
ਇਥੇ ਜ਼ਾਰੀ ਬਿਆਨ 'ਚ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਅਫਸੋਸ ਪ੍ਰਗਟਾਇਆ ਕਿ ਬਾਦਲਾਂ ਦੀ ਪੰਜਬ ਦੇ ਲੋਕਾਂ ਨੂੰ ਪ੍ਰੇਸ਼ਾਨੀਆਂ ਤੋਂ ਕੱਢਣ ਵਾਸਤੇ ਨਾ ਕਲਪਨਾ ਰਹੀ ਹੈ ਅਤੇ ਨਾ ਹੀ ਕਦੇ ਸੋਚ ਰਹੀ ਹੈ, ਜਿਨ੍ਹਾਂ ਨੇ ਅਕਾਲੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੇ ਤਬਾਹੀ ਕੰਢੇ ਪਹੁੰਚਾ ਦਿੱਤਾ ਹੈ।
ਕੈਪਟਨ ਅਮਰਿੰਦਰ ਨੇ ਕਮਜ਼ੋਰ ਯਾਦਾਸ਼ਤ ਦੇ ਪ੍ਰਤੀਤ ਹੋ ਰਹੇ, ਬਾਦਲ ਨੂੰ ਉਨ੍ਹਾਂ ਦੀ ਸਰਕਾਰ ਦੀਆ ਨਾਕਾਮੀਆਂ ਯਾਦ ਦਿਲਾਉਣ ਲਈ ਸਹਾਇਤਾ ਦੀ ਆਫਰ ਦਿੰਦਿਆਂ ਕਿਹਾ ਹੈ ਕਿ ਜਿਵੇਂ ਉਨ੍ਹਾਂ ਨੇ ਪਹਿਲਾਂ ਅਪਣੀਆਂ ਪ੍ਰਾਪਤੀਆਂ ਨੂੰ ਗਿਣਾਇਆ ਸੀ, ਉਹ ਬਾਦਲ ਸਰਕਾਰ ਦੀਆਂ ਨਾਕਾਮੀਆਂ ਨੂੰ ਵੀ ਸਾਹਮਣੇ ਰੱਖਣ 'ਚ ਖੁਸ਼ੀ ਮਹਿਸੂਸ ਕਰਨਗੇ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਬਾਦਲ ਸਰਕਾਰ ਦੀਆਂ ਨਾਕਾਮੀਆ ਦਾ ਖੁਲਾਸਾ ਕਰਨ ਲਈ ਅੰਕੜਿਆਂ ਤੇ ਦਸਤਾਵੇਜੀ ਸਬੂਤਾਂ ਦਾ ਵੀ ਜ਼ਿਕਰ ਕੀਤਾ ਹੈ, ਜਿਹੜੇ ਪੰਜਾਬ 'ਚ ਸ਼ਾਸਲ ਦੇ ਹਰੇਕ ਪੱਖ ਨੂੰ ਕਵਰ ਕਰਦੇ ਹਨ। ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਹੈ ਕਿ ਬਾਦਲ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਦਲਿਤਾਂ ਵਿਰੁੱਧ ਅੱਤਿਆਚਾਰ 15 ਗੁਣਾਂ ਵੱਧ ਚੁੱਕੇ ਹਨ, ਜਦਕਿ ਇਸ ਸਮੇਂ ਦੌਰਾਨ ਸਰਕਾਰ 'ਚ ਐਸ.ਸੀ. ਮੁਲਾਜ਼ਮਾਂ ਦੀ ਗਿਣਤੀ 10 ਪ੍ਰਤੀਸ਼ਤ ਘੱਟ ਹੋਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੂਬੇ ਦੇ ਖੇਤੀਬਾੜੀ ਤੇ ਉਦਯੋਗਿਕ ਖੇਤਰ ਪੂਰੀ ਤਰ੍ਹਾਂ ਨਾਲ ਢਹਿ ਚੁੱਕੇ ਹਨ।
ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਹੈ ਕਿ ਇਸੇ ਦੌਰਾਨ, ਉਦਯੋਗਿਕ ਵਿਕਾਸ 91 ਪ੍ਰਤੀਸ਼ਤ ਤੋਂ ਡਿੱਗ ਕੇ 5 ਪ੍ਰਤੀਸ਼ਤ ਤੱਕ ਪਹੁੰਚ ਚੁੱਕਾ ਹੈ। ਇਸੇ ਤਰ੍ਹਾਂ, ਸਾਲ 2015 'ਚ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦੇ ਰਿਕਾਰਡ 'ਚ ਪੰਜਾਬ ਭਾਰਤ 'ਚ ਦੂਜੇ ਨੰਬਰ 'ਤੇ ਰਿਹਾ ਹੈ। ਆਰਥਿਕ ਨੂੰ ਲੈ ਕੇ ਉਤਪਾਦਨ ਵਿਕਾਸ ਤੱਕ, ਸਿਹਤ ਤੋਂ ਲੈ ਕੇ ਸਿਹਤ ਤੱਕ, ਹਰੇਕ ਖੇਤਰ 'ਚ ਪੰਜਾਬ ਮੰਦਹਾਲੀ ਦਾ ਸਾਹਮਣਾ ਕਰ ਰਿਹਾ ਹੈ। ਜਦਕਿ ਅੱਜ ਸੂਬਾ ਖਾਸ ਕਰਕੇ ਨੌਜ਼ਵਾਨਾਂ ਵੱਲੋਂ, ਸਲਾਨਾ 7500 ਕਰੋੜ ਰੁਪਏ ਦੇ ਨਸ਼ਿਆਂ ਦੀ ਖਪਤ ਨਾਲ ਨਸ਼ਾਖੋਰੀ ਦੇ ਜਾਅਲ 'ਚ ਫੱਸਿਆ ਹੋਇਆ ਹੈ।
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਹੈ ਕਿ ਪੰਜਾਬ 'ਚ ਕਾਨੂੰਨ ਤੇ ਵਿਵਸਥਾ ਬਹੁਤ ਹੀ ਮਾੜੀ ਹਾਲਤ 'ਚ ਹੈ, ਜਦਕਿ ਔਰਤਾਂ ਖਿਲਾਫ ਅਪਰਾਧਾਂ 'ਚ ਹੈਰਾਨੀਜਨਕ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬਾਦਲਾਂ ਦੀਆਂ ਨਾਕਾਮੀਆਂ ਦੀ ਲਿਸਟ ਬਹੁਤ ਲੰਬੀ ਹੈ ਅਤੇ ਇਸਨੂੰ ਪੇਪਰ ਦੇ ਕੁਝ ਪੰਨ੍ਹਿਆਂ ਰਾਹੀਂ ਨਹੀਂ ਦਰਸਾਇਆ ਜਾ ਸਕਦਾ।
ਕੈਪਟਨ ਅਮਰਿੰਦਰ ਨੇ ਬਾਦਲ ਨੂੰ ਕਿਹਾ ਹੈ ਕਿ ਲੋਕ ਤੁਹਾਡੀ ਸਰਕਾਰ ਦੀਆਂ ਨਾਕਾਮੀਆਂ ਨੂੰ ਜਾਣਨ ਦੇ ਇਛੁੱਕ ਹਨ, ਜਿਨ੍ਹਾਂ ਨੂੰ ਵਾਰ ਵਾਰ ਨਿਰਾਧਾਰ ਦੋਸ਼ ਲਗਾ ਕੇ ਲੋਕਾਂ ਦਾ ਸਮਾਂ ਤੇ ਪੈਸੇ ਬਰਬਾਦ ਨਹੀਂ ਕਰਨੇ ਚਾਹੀਦੇ, ਜਿਨ੍ਹਾਂ 'ਚ ਕੋਈ ਅਸਲਿਅਤ ਨਹੀਂ ਹੈ ਅਤੇ ਇਹ ਅਕਾਲੀ ਦਲ ਦੀ ਉਸ ਦੀਆਂ ਨਾਕਾਮੀਆਂ ਨੂੰ ਛਿਪਾਉਣ 'ਚ ਕੋਈ ਮਦੱਦ ਨਹੀਂ ਕਰਨ ਵਾਲੇ।